ਅਮਰੀਕਾ ਤੋਂ ਜੇਲ੍ਹ ਬ੍ਰੇਕ ਕਰਕੇ ਪੰਜਾਬ ਆਏ ਫ਼ਰਾਰ ਮੁਲਜ਼ਮ ਦਾ ਵੱਡਾ ਕਾਂਡ, ਪਰਿਵਾਰ ਨੇ ਖੋਲ੍ਹਿਆ ਕੱਚਾ-ਚਿੱਠਾ

Thursday, Aug 03, 2023 - 03:25 PM (IST)

ਗੋਰਾਇਆ (ਮੁਨੀਸ਼)- ਅਮਰੀਕਾ ਤੋਂ ਜੇਲ੍ਹ ਬ੍ਰੇਕ ਕਰਕੇ ਪੰਜਾਬ ’ਚ ਆ ਕੇ ਪੰਜਾਬ ਪੁਲਸ ਦੀ ਗ੍ਰਿਫ਼ਤ ’ਚੋਂ ਵੀ ਫਰਾਰ ਮੁਲਜ਼ਮ ਗੋਰਾਇਆ ਦੇ ਨੇੜਲੇ ਪਿੰਡ ਪੱਦੀ ਖ਼ਾਲਸਾ ਦੇ ਕਿਸਾਨ ਅਤੇ ਉਸ ਦੇ ਪਰਿਵਾਰ ’ਤੇ ਜਾਨਲੇਵਾ ਹਮਲੇ ਕਰਵਾ ਰਿਹਾ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਪਰਿਵਾਰ ਨੇ ਇਹ ਦੋਸ਼ ਲਾਏ ਹਨ। ਇਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਭੁਪਿੰਦਰ ਸਿੰਘ ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਹ ਕਿਸਾਨ ਪਰਿਵਾਰ ਹਨ, ਜੋ ਖੇਤੀ ਅਤੇ ਦੁੱਧ ਦੀ ਡੇਅਰੀ ਚਲਾਉਂਦੇ ਹਨ।

ਸਾਲ 2016 ਤੋਂ ਪਿੰਡ ਦਾ ਹੀ ਨੌਜਵਾਨ ਸੁਖਦੀਪ ਸਿੰਘ, ਜੋਕਿ ਅਪਰਾਧੀ ਹੈ ਅਤੇ ਵੱਡੀ ਮਾਤਰਾ ਨਸ਼ੇ ਸਮੇਤ ਵਿਦੇਸ਼ ’ਚ ਫੜਿਆ ਗਿਆ ਸੀ, ਜੋ ਵਿਦੇਸ਼ ’ਚ ਜੇਲ੍ਹ ਬ੍ਰੇਕ ਤੋਂ ਬਾਅਦ ਪੰਜਾਬ ਆਇਆ ਹੈ, ਜਿਸ ’ਤੇ ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਅਪਰਾਧਿਕ, ਪੁਲਸ ਹਿਰਾਸਤ ’ਚੋਂ ਫਰਾਰ ਹੋਣ ਤੇ ਨਸ਼ੇ ਦੇ ਕਰੀਬ 8 ਮਾਮਲੇ ਦਰਜ ਹਨ ਅਤੇ ਪਿਛਲੇ ਸਾਲ ਉਹ ਪੁਲਸ ਦੀ ਗ੍ਰਿਫ਼ਤ ’ਚੋਂ ਮੈਡੀਕਲ ਕਰਵਾਉਣ ਸਮੇਂ ਫਰਾਰ ਹੋ ਗਿਆ ਸੀ ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਪੁਲਸ ਅੱਜ ਤੱਕ ਉਸ ਨੂੰ ਫੜ ਨਹੀਂ ਸਕੀ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੁਲਸ ਪ੍ਰਸ਼ਾਸਨ ਕਿੰਨੀ ਬੇਵੱਸ ਹੈ। ਸੁਖਦੀਪ ਉਰਫ਼ ਦੀਪਾ ਮੇਰੇ ਅਤੇ ਮੇਰੇ ਪਰਿਵਾਰ ’ਤੇ ਹਮਲਾ ਕਰਵਾ ਰਿਹਾ ਹੈ। ਉਸ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੀਆਂ 2 ਬੇਟੀਆਂ ਨੂੰ ਪਿੰਡ ਤੋਂ ਫਗਵਾੜਾ ਟਿਊਸ਼ਨ ਛੱਡਣ ਲਈ ਕਾਰ ’ਚ ਜਾ ਰਿਹਾ ਸੀ, ਜਦੋਂ ਉਹ ਪਿੰਡ ਦੇ ਬਾਹਰਲੇ ਗੇਟ ਕੋਲ ਪਹੁੰਚਿਆ ਤਾਂ ਦੋ ਮੋਟਰਸਾਈਕਲਾਂ ’ਤੇ 6 ਹਮਲਾਵਰ ਆਏ, ਜਿਨ੍ਹਾਂ ਨੇ ਉਸ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਸਮਝ ਗਿਆ ਕਿ ਉਹ ਉਸ ’ਤੇ ਹਮਲਾ ਕਰਨ ਦੇ ਇਰਾਦੇ ਨਾਲ ਆਏ ਹਨ। ਉਸ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਗੱਡੀ ਰੋਕਣ ਦੀ ਕੋਸ਼ਿਸ ਕੀਤੀ ਪਰ ਉਸਨੇ ਗੱਡੀ ਭਜਾ ਲਈ। ਹਮਲਾਵਰਾਂ ਨੇ ਬੈਸ ਬੈਟ ਨਾਲ ਹਮਲਾ ਕਰ ਦਿੱਤਾ ਅਤੇ ਗੱਡੀ ਦਾ ਅਗਲਾ ਸ਼ੀਸ਼ਾ ਤੋੜ ਦਿੱਤਾ।

PunjabKesari

ਇਹ ਵੀ ਪੜ੍ਹੋ- ਜਲੰਧਰ ਵੈਸਟ ਵਿਧਾਨ ਸਭਾ ਹਲਕੇ ਤਹਿਤ ਆਉਂਦੀਆਂ ਇਹ ਸਾਰੀਆਂ ਬਸਤੀਆਂ ਡੇਂਗੂ ਦਾ ਹਾਟਸਪਾਟ ਐਲਾਨੀਆਂ

ਇਸ ਤੋਂ ਇਲਾਵਾ ਇਕ ਮਹੀਨਾ ਪਹਿਲਾਂ ਵੀ 6 ਹਮਲਾਵਰ 2 ਮੋਟਰਸਾਈਕਲਾਂ ’ਤੇ ਮੂੰਹ ਬੰਨ੍ਹ ਕੇ ਉਸ ਦੀ ਦੁਕਾਨ ਦੇ ਬਾਹਰ ਆਏ ਸਨ, ਜਿਨ੍ਹਾਂ ਦੀ ਸੀ. ਸੀ. ਟੀ. ਵੀ. ਵੀ ਪੁਲਸ ਪ੍ਰਸ਼ਾਸਨ ਤੇ ਮੀਡੀਆ ਨੂੰ ਦਿੱਤੀ ਗਈ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਸਾਲ 2018 ’ਚ ਸੁਖਦੀਪ ਨੇ ਪਿੰਡ ’ਚ ਆਪਣੇ ਪਿਤਾ ਦੇ ਰਿਵਾਲਵਰ ਨਾਲ ਉਸ ਨੂੰ 2 ਗੋਲ਼ੀਆਂ ਮਾਰੀਆਂ ਸਨ। ਉਥੇ ਹੀ ਪਿੰਡ ਦੇ ਕੁਝ ਹੋਰ ਵਿਅਕਤੀਆਂ ’ਤੇ ਵੀ ਗੋਲ਼ੀਆਂ ਚਲਾਈਆਂ ਸਨ, ਜਿਸ ਹਮਲੇ ’ਚ ਉਹ ਕਈ ਦਿਨਾਂ ਤੋਂ ਡੀ. ਐੱਮ. ਸੀ. ਹਸਪਤਾਲ ’ਚ ਦਾਖਲ ਰਿਹਾ ਸੀ ਤੇ ਉਸ ਦਾ ਬਚਾਅ ਹੋ ਗਿਆ। ਸੁਖਦੀਪ ਲਗਾਤਾਰ ਉਨ੍ਹਾਂ ’ਤੇ ਸਮਝੌਤਾ ਕਰਨ ਲਈ ਦਬਾਅ ਪਾ ਰਿਹਾ ਹੈ ਤੇ ਕੇਸ ਦੇ ਗਵਾਹਾਂ ’ਤੇ ਹਮਲਾ ਕਰ ਚੁੱਕਾ ਹੈ ਉਸ ਨੂੰ ਵੀ ਧਮਕੀਆਂ ਦੇ ਰਿਹਾ ਹੈ।

PunjabKesari

ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕਰੇ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ, ਜੇਕਰ ਉਸ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ, ਪੰਜਾਬ ਪੁਲਸ ਅਤੇ ਸੁਖਦੀਪ ਦਾ ਪਰਿਵਾਰ ਹੋਵੇਗਾ। ਇਸ ਸਬੰਧੀ ਥਾਣਾ ਗੋਰਾਇਆ ਦੇ ਐਡੀਸ਼ਨਲ ਐੱਸ. ਐੱਚ. ਓ. ਪੰਕਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਤੁਰੰਤ ਪ੍ਰਭਾਵ ਨਾਲ ਮੌਕੇ ’ਤੇ ਪੁੱਜੀ ਪਰ ਇਹ ਫਗਵਾੜਾ ਪੁਲਸ ਦਾ ਇਲਾਕਾ ਸੀ। ਉਨ੍ਹਾਂ ਦੱਸਿਆ ਕਿ ਇਸ ਪਰਿਵਾਰ ਦੀ ਸੁਰੱਖਿਆ ਲਈ 2 ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। ਹਮਲਾਵਰਾਂ ਦੀ ਭਾਲ ਲਗਾਤਾਰ ਜਾਰੀ ਹੈ।

ਇਹ ਵੀ ਪੜ੍ਹੋ- ਹਾਈਟੈੱਕ ਹੋਈ ਟ੍ਰੈਫਿਕ ਪੁਲਸ, ਨਾਕੇ ’ਤੇ ਹੀ ਪਤਾ ਲੱਗੇਗੀ ਵਾਹਨਾਂ ਦੀ ਹਿਸਟਰੀ, ਕੱਟੇ ਜਾਣਗੇ ਸਪਾਟ ਚਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News