ਮੋਗਾ 'ਚ ਵੱਡੀ ਵਾਰਦਾਤ, ਦੋਸਤਾਂ ਵਲੋਂ ਕਿਰਚਾਂ ਨਾਲ ਨੌਜਵਾਨ ਦਾ ਕਤਲ

Monday, Jul 29, 2019 - 01:56 PM (IST)

ਮੋਗਾ 'ਚ ਵੱਡੀ ਵਾਰਦਾਤ, ਦੋਸਤਾਂ ਵਲੋਂ ਕਿਰਚਾਂ ਨਾਲ ਨੌਜਵਾਨ ਦਾ ਕਤਲ

ਮੋਗਾ (ਵਿਪਨ) : ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਨਾ ਸਾਹਿਬ ਵਿਖੇ ਪਿੰਡ ਦੇ ਹੀ ਕੁਝ ਨੌਜਵਾਨਾਂ ਵਲੋਂ ਆਪਣੇ ਦੋਸਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਅੰਮ੍ਰਿਤਪਾਲ ਦੇ ਰੂਪ 'ਚ ਹੋਈ ਹੈ। ਵਾਰਦਾਤ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਪਾਹੁੰਚਾਇਆ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਮ੍ਰਿਤਕ ਨੌਜਵਾਨ ਅੰਮ੍ਰਿਤਪਾਲ ਦੇ ਪਰਿਵਾਰ ਮੁਤਾਬਿਕ ਨਸ਼ੇ ਦੇ ਚਲਦਿਆਂ ਹੀ ਉਨ੍ਹਾਂ ਦੇ ਪੁੱਤ ਦਾ ਕਤਲ ਹੋਇਆ ਹੈ ਅਤੇ ਪੁਲਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਇਸ ਵਾਰਦਾਤ ਤੋਂ ਬਾਅਦ ਪੂਰੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ। 

ਮ੍ਰਿਤਕ ਦੇ ਪਿਤਾ ਅਤੇ ਭਰਾ ਨੇ ਦੱਸਿਆ ਕੀ ਬੀਤੀ ਰਾਤ ਅੰਮ੍ਰਿਤਪਾਲ ਆਪਣੇ ਦੋਸਤਾਂ ਨਾਲ ਬਾਹਰ ਗਿਆ ਸੀ ਅਤੇ ਕੁਝ ਦੇਰ ਬਾਅਦ ਲਹੂ-ਲੁਹਾਨ ਹੋਇਆ ਘਰ ਆਇਆ ਤੇ ਉਸ ਨੇ ਦੱਸਿਆ ਕਿ ਉਸਦੇ ਦੋਸਤਾਂ ਨੇ ਉਸ ਨੂੰ ਕਿਰਚ ਨਾਲ ਮਾਰਿਆ ਹੈ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਮੁਤਾਬਕ ਅੰਮ੍ਰਿਤਪਾਲ ਦੇ ਪੰਜ ਦੋਸਤ ਨਸ਼ਾ ਕਰਦੇ ਅਤੇ ਵੇਚਦੇ ਹਨ, ਉਨ੍ਹਾਂ ਦਾ ਭਰਾ ਵੀ ਉਕਤ ਨੌਜਵਾਨਾਂ ਨਾਲ ਰਹਿੰਦਾ ਸੀ, ਉਹ ਉਸ ਨੂੰ ਰੋਕਦੇ ਸਨ ਪਰ ਉਸਦੇ ਦੋਸਤ ਉਸ ਨੂੰ ਪਰਿਵਾਰ ਦੀ ਗੱਲ ਨਾ ਮੰਨਣ ਲਈ ਆਖਦੇ ਸਨ। ਬੀਤੀ ਰਾਤ ਵੀ ਇਸੇ ਗੱਲ ਨੂੰ ਲੈ ਕੇ ਉਕਤ ਨੌਜਵਾਨਾਂ ਨੇ ਉਸਦੇ ਭਰਾ ਦਾ ਕਤਲ ਕਰ ਦਿੱਤਾ। ਉਧਰ ਥਾਣਾ ਮੁਖੀ ਲਛਮਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਅੰਮ੍ਰਿਤਪਾਲ ਦੇ ਪੰਜ ਦੋਸਤਾਂ ਵਲੋਂ ਉਸ ਨੂੰ ਮਾਰਿਆ ਗਿਆ ਹੈ। ਪੁਲਸ ਮੁਤਾਬਕ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


author

Gurminder Singh

Content Editor

Related News