ਰਾਤ ਨੂੰ ਦੋਸਤਾਂ ਨਾਲ ਪਾਰਟੀ ਕੀਤੀ, ਸਵੇਰੇ ਤਬੀਅਤ ਖ਼ਰਾਬ ਹੋਣ ''ਤੇ ਮੌਤ

Sunday, Jun 10, 2018 - 01:16 PM (IST)

ਮੋਹਾਲੀ (ਕੁਲਦੀਪ) : ਪਿੰਡ ਜਗਤਪੁਰੇ ਦੇ ਇਕ ਮਕਾਨ ਵਿਚ ਕਿਰਾਏਦਾਰ ਵਜੋਂ ਰਹਿ ਰਹੇ ਨੌਜਵਾਨ ਨੇ ਰਾਤ ਨੂੰ ਆਪਣੇ ਦੋਸਤਾਂ ਨਾਲ ਪਾਰਟੀ ਕੀਤੀ ਸੀ, ਜਿਸ ਤੋਂ ਬਾਅਦ ਉਸ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ ਤੇ ਸਵੇਰੇ ਉਸ ਦੀ ਮੌਤ ਵੀ ਹੋ ਗਈ । ਮ੍ਰਿਤਕ ਦਾ ਨਾਂ ਤੇਜਪਾਲ ਸਿੰਘ ਦੱਸਿਆ ਜਾਂਦਾ ਹੈ, ਜੋ ਕਿ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੇ ਹਰਦੋਈ ਖੇਤਰ ਦਾ ਰਹਿਣ ਵਾਲਾ ਹੈ ਤੇ ਇਥੇ ਮੋਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼-9 ਸਥਿਤ ਕਿਸੇ ਕੰਪਨੀ ਵਿਚ ਕੰਮ ਕਰਦਾ ਸੀ ।  
ਜਾਣਕਾਰੀ ਮੁਤਾਬਕ ਤੇਜਪਾਲ ਵੀਰਵਾਰ ਦੀ ਰਾਤ ਪਿੰਡ ਜਗਤਪੁਰਾ ਸਥਿਤ ਕਿਰਾਏ ਦੇ ਮਕਾਨ ਵਿਚ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਿਹਾ ਸੀ । ਇਸ ਕਮਰੇ ਵਿਚ ਉਹ ਚਾਰ ਨੌਜਵਾਨ ਰਹਿ ਰਹੇ ਸਨ । ਪਾਰਟੀ ਵਾਲੀ ਰਾਤ ਨੂੰ ਤੇਜਪਾਲ ਦੇ ਇਕ ਸਾਥੀ ਨੌਜਵਾਨ ਨੇ ਉਸ ਦੇ ਪੰਚਕੂਲਾ ਵਿਚ ਰਹਿ ਰਹੇ ਵੱਡੇ ਭਰਾ ਵਿਸ਼ਵਨਾਥ ਨੂੰ ਫੋਨ ਕਰਕੇ ਦੱਸਿਆ ਕਿ ਤੇਜਪਾਲ ਦੀ ਤਬੀਅਤ ਕਾਫ਼ੀ ਖ਼ਰਾਬ ਹੋ ਗਈ ਹੈ । ਉਹ ਉਲਟੀਆਂ ਕਰ ਰਿਹਾ ਸੀ । 
ਸ਼ੁੱਕਰਵਾਰ ਦੀ ਸਵੇਰੇ ਉਸ ਦਾ ਭਰਾ ਉਸ ਕੋਲ ਆਇਆ, ਜੋ ਕਿ ਉਸ ਹਸਪਤਾਲ ਲੈ ਕੇ ਗਿਆ, ਜਿੱਥੋਂ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਪਰ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਸ ਨੇ ਵਿਸ਼ਵਨਾਥ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ ।


Related News