ਦੋਸਤ ਦੇ ਸਸਕਾਰ ''ਚ ਨਾ ਪਹੁੰਚਣ ਦਾ ਮਲਾਲ, ਐੱਨ.ਆਰ.ਆਈ. ਨੇ ਪਿੰਡ ''ਚ ਬਣਵਾਈ ਮੋਰਚਰੀ

11/25/2019 6:35:15 PM

ਹੁਸ਼ਿਆਰਪੁਰ : ਆਪਣੇ ਕਰੀਬੀ ਦੋਸਤ ਦੇ ਸਸਕਾਰ ਵਿਚ ਨਾ ਪਹੁੰਚ ਸਕਣ ਦਾ ਮਲਾਲ ਐੱਨ. ਆਰ. ਆਈ. ਗੁਰਮੇਲ ਸਿੰਘ ਸਹੋਤਾ 'ਤੇ ਇਸ ਕਦਰ ਹਾਵੀ ਹੋਇਆ ਕਿ ਉਨ੍ਹਾਂ ਨੇ ਪਿੰਡ ਫੁਗਲਾਨਾ ਵਿਚ ਅਤਿ-ਆਧੁਨਿਕ ਸੇਵਾਵਾਂ ਨਾਲ ਲੈਸ ਮੋਰਚਰੀ ਬਣਵਾ ਦਿੱਤੀ। ਹੁਸ਼ਿਆਰਪੁਰ ਤੋਂ 15 ਕਿਲੋਮੀਟਰ ਦੂਰ ਸਥਿਤ ਪਿੰਡ ਦੀ ਆਬਾਦੀ ਲਗਭਗ 5000 ਹੈ। ਪਿੰਡ ਵਿਚ ਲਗਭਗ 150 ਪਰਿਵਾਰ ਇੰਗਲੈਂਡ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਆਸਟਰੇਲੀਆ, ਜਰਮਨੀ ਤੇ ਇਟਲੀ ਵਿਚ ਰਹਿੰਦੇ ਹਨ। ਲੰਡਨ ਦੇ ਰਹਿਣ ਵਾਲੇ ਸਹੋਤਾ ਨੇ ਇਸ ਦੀ ਜ਼ਿੰਮੇਵਾਰੀ ਸਾਬਕਾ ਸਰਪੰਚ ਗੁਰਮੀਤ ਸਿੰਘ ਫੁਗਲਾਨਾ ਨੂੰ ਸੌਂਪੀ ਅਤੇ 32 ਲੱਖ ਦੀ ਲਾਗਤ ਨਾਲ ਤਿਆਰ ਮੋਰਚਰੀ 50 ਪਿੰਡਾਂ ਨੂੰ ਸਮਰਪਿਤ ਕਰ ਦਿੱਤੀ ਗਈ ਤਾਂ ਜੋ ਕੋਈ ਐੱਨ. ਆਰ. ਆਈ. ਆਪਣਿਆਂ ਦੇ ਆਖਰੀ ਦਰਸ਼ਨਾਂ ਤੋਂ ਵਾਂਝਾ ਨਾ ਰਹਿ ਸਕੇ। 

4 ਏਕੜ 'ਚ ਬਣੀ ਮੋਰਚਰੀ ਤੋਂ 20 ਕਿਲੋਮੀਟਰ 'ਚ ਆਉਂਦੇ 50 ਪਿੰਡਾਂ ਨੂੰ ਮਿਲੇਗੀ ਸਹੂਲਤ
ਸ਼ੇਰੇ ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਫੁਗਲਾਨਾ ਨੇ ਦੱਸਿਆ ਕਿ ਮੋਰਚਰੀ ਦੀ ਸਹੂਲਤ ਨਾਲ 20 ਕਿਲੋਮੀਟਰ ਦੇ ਦਾਇਰੇ ਵਿਚ ਆਉਂਦੇ 50 ਪਿੰਡਾਂ ਨੂੰ ਫਾਇਦਾ ਮਿਲੇਗਾ। ਮੋਰਚਰੀ ਨਿਰਮਾਣ ਪਿਛਲੇ ਸਾਲ ਗੁਰਮੇਲ ਸਿੰਘ ਸਹੋਤਾ ਨੇ ਸ਼ੁਰੂ ਕਰਵਾਇਆ। 4 ਏਕੜ ਵਿਚ 32 ਲੱਖ ਰੁਪਏ ਦੇ ਖਰਚ ਨਾਲ ਤਿਆਰ ਮੋਰਚਰੀ ਵਿਚ ਦੋ ਡੀਪ ਫਰਿੱਜ਼ਰ ਤਿਆਰ ਕਰਵਾਏ ਗਏ ਹਨ ਜਿਥੇ ਇਕੋ ਸਮੇਂ ਦੋ ਮ੍ਰਿਤਕ ਦੇਹਾਂ ਰੱਖੀਆਂ ਜਾ ਸਕਦੀਆਂ ਹਨ। ਇਸ ਦੀ ਦੇਖ-ਰੇਖ ਕਲੱਬ ਅਤੇ ਗ੍ਰਾਮ ਪੰਚਾਇਤ ਦੇ ਹਵਾਲੇ ਕੀਤੀ ਗਈ ਹੈ। ਇਸ ਤੋਂ ਇਲਾਵਾ ਦੋ ਸੇਵਾਦਾਰ ਵੀ ਸਥਾਈ ਤੌਰ 'ਤੇ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਮੋਰਚਰੀ ਵਿਚ ਮ੍ਰਿਤਕ ਦੇਹ ਰੱਖਣ 'ਤੇ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ। ਮੋਰਚਰੀ ਚਲਾਉਣ ਦਾ ਖਰਚ ਦਾਨ ਤੇ ਆਰਥਿਕ ਮਦਦ ਤੋਂ ਪੂਰਾ ਕੀਤਾ ਜਾਵੇਗਾ। 

ਪਿੰਡ 'ਚ ਕਈ ਕੰਮ ਕਰਵਾ ਚੁੱਕੇ ਹਨ ਐੱਨ. ਆਰ. ਆਈ. 
120 ਐੱਨ. ਆਰ. ਆਈ. ਨੌਜਵਾਨਾਂ ਦੇ ਸਹਿਯੋਗ ਨਾਲ ਪਿੰਡ ਵਿਚ ਪੰਚਾਇਤ ਘਰ, ਖੇਡ ਮੈਦਾਨ, ਸਕੂਲ, ਸੀਵਰੇਜ ਸਿਸਟਮ ਤਿਆਰ ਹੋ ਚੁੱਕਾ ਹੈ। ਪਿੰਡ ਦੀਆਂ ਸਾਰੀਆਂ ਗਲੀਆਂ ਅਤੇ ਨਾਲੀਆਂ ਵੀ ਪੱਕੀਆਂ ਕੀਤੀਆਂ ਜਾ ਚੁੱਕੀਆਂ ਹਨ। ਨਿਰਮਾਣ ਵਿਚ ਕੁਲਦੀਪ ਸਿੰਘ ਸਹੋਤਾ, ਕੁਲਵੀਰ ਸਿੰਘ ਪਰਮਾਰ, ਸ਼ਮਸ਼ੇਰ ਸਿੰਘ ਪਰਮਾਰ, ਆਸਾ ਸਿੰਘ ਸਹੋਤਾ ਸਮੇਤ ਦਰਜਨ ਦੇ ਕਰੀਬ ਪਿੰਡ ਵਾਸੀਆਂ ਨੇ ਵੀ ਯੋਗਦਾਨ ਦਿੱਤਾ ਹੈ।


Gurminder Singh

Content Editor

Related News