ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਮੁਫ਼ਤ ਦਵਾਈਆਂ ਦੇਣਗੇ ਕੁਲਵੰਤ ਸਿੰਘ ਧਾਲੀਵਾਲ
Tuesday, Dec 01, 2020 - 02:21 AM (IST)
ਜਲੰਧਰ- ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਪਹੁੰਚੇ ਕਿਸਾਨਾਂ ਲਈ ਵਰਲਡ ਕੇਅਰ ਕੈਂਸਰ ਕੇਅਰ ਵਲੋਂ ਮੁਫਤ ਦਵਾਈਆਂ ਦੇਣ ਦਾ ਐਲਾਨ ਕੀਤਾ ਗਿਆ ਹੈ। ਵਰਲਡ ਕੈਂਸਰ ਕੇਅਰ ਦੇ ਕੁਲਵੰਤ ਸਿੰਘ ਧਾਲੀਵਾਲ ਨੇ ਇਕ ਇੰਟਰਵਿਊ 'ਚ ਸਭ ਤੋਂ ਪਹਿਲਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਅਤੇ ਦਿੱਲੀ 'ਚ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ।
ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਕਾਰਨ 3 ਮਰੀਜ਼ਾਂ ਦੀ ਮੌਤ, 108 ਨਵੇਂ ਮਰੀਜ਼ ਆਏ ਸਾਹਮਣੇ
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਟੀਮ ਵਰਲਡ ਕੈਂਸਰ ਕੇਅਰ ਵਲੋਂ ਕਿਸਾਨਾਂ ਲਈ ਇਕ ਕਰੋੜ ਰੁਪਏ ਦੀਆਂ ਦਵਾਈਆਂ ਵੰਡਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਧਰਨੇ 'ਚ ਸ਼ਾਮਲ ਜਿਨ੍ਹਾਂ ਵੀ ਕਿਸਾਨਾਂ ਨੂੰ ਸੱਟਾਂ ਲੱਗੀਆਂ ਜਾਂ ਹੋਰ ਕੋਈ ਵੀ, ਜੋ ਬੀਮਾਰੀ ਤੋਂ ਪੀੜਤ ਹੈ, ਉਨ੍ਹਾਂ ਲਈ ਦਵਾਈਆਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਥੇ ਵੀ ਧਰਨੇ 'ਤੇ ਕਿਸਾਨ ਬੈਠੇ, ਜਿਨ੍ਹਾਂ 'ਚ ਕਿਸੇ ਨੂੰ ਕੋਈ ਸਿਹਤ ਪੱਖੋ ਪ੍ਰੇਸ਼ਾਨੀ ਹੈ, ਉਸ ਨੂੰ ਦਵਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਟੀਮ ਨੂੰ ਕਿਹਾ ਹੋਇਆ ਹੈ ਕਿ ਜੋ ਕੋਈ ਵੀ ਕਿਸਾਨ ਸਿਹਤ ਪੱਖੋਂ ਪ੍ਰੇਸ਼ਾਨ ਹੈ, ਉਸ ਦਾ ਬਲੱਡ ਪ੍ਰੈਸ਼ਰ, ਡਾਇਬਟੀਜ਼, ਖੰਘ, ਜੁਕਾਮ ਤੇ ਬੁਖਾਰ, ਜਿਸ ਦੀ ਵੀ ਦਵਾਈ ਚਾਹੀਦੀ ਹੈ, ਉਸ ਨੂੰ 2 ਹਫਤੇ ਦੀ ਦਵਾਈ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਹਰ ਧਰਨੇ 'ਤੇ ਸਾਡੀ ਟੀਮ ਦੋ-ਦੋ ਘੰਟੇ ਲਗਾ ਰਹੀ ਹੈ ਅਤੇ ਅੱਗੇ ਵੱਧ ਰਹੀ ਹੈ।