ਪੰਜਾਬ 'ਚ ਅੱਜ ਤੋਂ ਸਰਕਾਰੀ ਬੱਸਾਂ 'ਚ 'ਮੁਫ਼ਤ' ਸਫਰ ਕਰਨਗੀਆਂ ਬੀਬੀਆਂ, ਕੋਲ ਰੱਖਣੇ ਪੈਣਗੇ ਇਹ ਦਸਤਾਵੇਜ਼
Thursday, Apr 01, 2021 - 03:25 PM (IST)
ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) : ਪੰਜਾਬ ਵਿਚ ਬੀਬੀਆਂ ਪਹਿਲੀ ਅਪ੍ਰੈਲ ਮਤਲਬ ਕਿ ਅੱਜ ਤੋਂ ਸਾਰੀਆਂ ਸਰਕਾਰੀ ਬੱਸਾਂ ਵਿਚ ਸੂਬੇ ਵਿਚ ਮੁਫ਼ਤ ਸਫਰ ਕਰਨਗੀਆਂ। ਇਸ ਫ਼ੈਸਲੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਮਨਜ਼ੂਰੀ ਦੇ ਕੇ ਪੱਕੀ ਮੋਹਰ ਲਗਾ ਦਿੱਤੀ ਗਈ ਹੈ। ਸੂਬੇ ਵਿਚ ਜਨਾਨੀਆਂ ਤੇ ਕੁੜੀਆਂ ਦੇ ਸਸ਼ਕਤੀਕਰਨ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਮੁੱਖ ਮੰਤਰੀ ਨੇ 5 ਮਾਰਚ ਨੂੰ ਵਿਧਾਨ ਸਭਾ ਵਿਚ ਬੀਬੀਆਂ ਲਈ ਮੁਫ਼ਤ ਸਫਰ ਦੀ ਸਕੀਮ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਬਾਰੇ 'ਯੋਗਰਾਜ' ਦਾ ਵੱਡਾ ਬਿਆਨ ਆਇਆ ਸਾਹਮਣੇ, ਜਾਣੋ ਕੀ ਬੋਲੇ
ਇਸ ਸਕੀਮ ਦਾ ਫਾਇਦਾ ਸੂਬੇ ਭਰ ਵਿਚ 1.31 ਕਰੋੜ ਜਨਾਨੀਆਂ/ਕੁੜੀਆਂ ਨੂੰ ਹੋਵੇਗਾ। 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਵਿਚ ਕੁੱਲ ਵਸੋਂ 2.77 ਕਰੋੜ ਹੈ, ਜਿਸ ਵਿਚ 1,46,39,465 ਪੁਰਸ਼ ਅਤੇ 1,31,03,873 ਬੀਬੀਆਂ ਹਨ। ਸਕੀਮ ਤਹਿਤ ਪੰਜਾਬ ਦੀਆਂ ਵਸਨੀਕ ਬੀਬੀਆਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਬੱਸਾਂ ਵਿਚ ਮੁਫ਼ਤ ਸਫਰ ਕਰ ਸਕਣਗੀਆਂ, ਜਿਸ ਵਿਚ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.), ਪੰਜਾਬ ਰੋਡਵੇਜ਼ ਬੱਸ (ਪਨਬੱਸ) ਤੇ ਸਥਾਨਕ ਸਰਕਾਰਾਂ ਵੱਲੋਂ ਚਲਾਈ ਜਾਂਦੀ ਸਿਟੀ ਬੱਸ ਸਰਵਿਸਿਜ਼ ਸ਼ਾਮਲ ਹਨ। ਇਹ ਸਕੀਮ ਸਰਕਾਰੀ ਏ. ਸੀ. ਬੱਸਾਂ, ਵਾਲਵੋ ਬੱਸਾਂ ਤੇ ਐੱਚ. ਵੀ. ਏ. ਸੀ. ਬੱਸਾਂ ਵਿਚ ਲਾਗੂ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ PSPCL ਨੇ ਕੀਤੇ ਇਹ ਖ਼ਾਸ ਪ੍ਰਬੰਧ
ਇਸ ਸਕੀਮ ਦਾ ਫਾਇਦਾ ਲੈਣ ਲਈ ਪੰਜਾਬ ਦੀ ਰਿਹਾਇਸ਼ ਦੇ ਸਬੂਤ ਵੱਜੋਂ ਆਧਾਰ ਕਾਰਡ, ਵੋਟਰ ਕਾਰਡ ਜਾਂ ਕੋਈ ਹੋਰ ਸਬੂਤ ਦਾ ਦਸਤਾਵੇਜ਼ ਲੋੜੀਂਦਾ ਹੋਵੇਗਾ। ਪੰਜਾਬ ਸਰਕਾਰ ਦੇ ਮੁਲਾਜ਼ਮ, ਜਿਹੜੇ ਚੰਡੀਗੜ੍ਹ ਰਹਿੰਦੇ ਹਨ, ਉਨ੍ਹਾਂ ਦੀਆਂ ਪਰਿਵਾਰਕ ਮੈਂਬਰ ਬੀਬੀਆਂ ਜਾਂ ਚੰਡੀਗੜ੍ਹ ਰਹਿਣ ਵਾਲੀਆਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਬੀਬੀਆਂ ਵੀ ਇਸ ਸਹੂਲਤ ਦਾ ਫਾਇਦਾ ਲੈ ਸਕਦੀਆਂ ਹਨ। ਉਹ ਭਾਵੇਂ ਕਿਸੇ ਵੀ ਉਮਰ ਵਰਗ, ਆਮਦਨ ਮਾਪਦੰਡ ਦੇ ਦਾਇਰੇ ਵਿਚ ਆਉਂਦੀਆਂ ਹੋਣ, ਸਭ ਸਰਕਾਰੀ ਬੱਸਾਂ ਵਿਚ ਮੁਫ਼ਤ ਸਫਰ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਨੇ ਲਿਆ ਅਹਿਮ ਫ਼ੈਸਲਾ, ਪੀ. ਪੀ. ਪੀ. ਢੰਗ ਨਾਲ ਚਲਾਏ ਜਾਣਗੇ 'ਕੈਟਲ ਪਾਊਂਡਜ਼'
ਇਹ ਸਹੂਲਤ ਕਿਸੇ ਵੀ ਆਰਥਿਕ ਗਤੀਵਿਧੀ ਵਿਚ ਸ਼ਾਮਲ ਹੋਣ ਜਾ ਰਹੀ ਬੀਬੀ ਨੂੰ ਸੁਰੱਖਿਅਤ, ਸਸਤਾ ਤੇ ਭਰੋਸੇਮੰਦ ਸਫਰ ਯਕੀਨੀ ਬਣਾਏਗੀ। ਇਹ ਸਕੀਮ ਜਿੱਥੇ ਬੀਬੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਰਕਾਰੀ ਟਰਾਂਸਪੋਰਟ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰੇਗੀ, ਉੱਥੇ ਹੀ ਸੜਕ ’ਤੇ ਚੱਲਣ ਵਾਲੇ ਨਿੱਜੀ ਵਾਹਨਾਂ ਦੀ ਗਿਣਤੀ ਵਿਚ ਸੁਭਾਵਿਕ ਤੌਰ ’ਤੇ ਕਮੀ ਆਵੇਗੀ, ਜਿਸ ਨਾਲ ਪ੍ਰਦੂਸ਼ਣ, ਹਾਦਸਿਆਂ ਤੇ ਵਾਹਨਾਂ ਦੀ ਭੀੜ ਵਿਚ ਕਮੀ ਆਵੇਗੀ।
ਨੋਟ : ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਬੀਬੀਆਂ ਦੇ ਮੁਫ਼ਤ ਸਫ਼ਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ