ਲਿਫ਼ਟ ਦੇ ਕੇ ਬੋਲੈਰੋ ਚਾਲਕ ਨੇ ਪਿਓ-ਪੁੱਤ ਤੋਂ 90 ਹਜ਼ਾਰ ਠੱਗੇ

Thursday, Aug 01, 2024 - 01:36 PM (IST)

ਲਿਫ਼ਟ ਦੇ ਕੇ ਬੋਲੈਰੋ ਚਾਲਕ ਨੇ ਪਿਓ-ਪੁੱਤ ਤੋਂ 90 ਹਜ਼ਾਰ ਠੱਗੇ

ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਬੱਸ ਸਟੈਂਡ ਤੋਂ ਲਿਫ਼ਟ ਦੇਣ ਵਾਲੇ ਬਲੈਰੋ ਚਾਲਕ ਨੇ ਪਿਓ-ਪੁੱਤ ਤੋਂ 90 ਹਜ਼ਾਰ ਰੁਪਏ ਠੱਗ ਲਏ। ਇਹ ਦੋਵੇਂ ਅੰਬਾਲਾ ਕੈਂਟ ਸਟੇਸ਼ਨ ਜਾ ਰਹੇ ਸਨ। ਉਨ੍ਹਾਂ ਨੂੰ ਬਲੈਰੋ ਚਾਲਕ ਨੇ ਲਿਫ਼ਟ ਦੇਣ ਦੇ ਬਹਾਨੇ ਸ਼ਿਕਾਰ ਬਣਾਇਆ। ਠੱਗ ਬਲੈਰੋ ਚਾਲਕ ਨੇ ਪੈਸਿਆਂ ਵਾਲੇ ਲਿਫ਼ਾਫ਼ੇ ’ਚੋਂ ਨਕਦੀ ਕੱਢ ਕੇ ਉਸ ਦੀ ਥਾਂ ਪੁਰਾਣੇ ਅਖਬਾਰਾਂ ਦੀ ਰੱਦੀ ਪਾ ਦਿੱਤੀ।‌ ਇਸ ਬਾਰੇ ਪਿਓ-ਪੁੱਤ ਨੂੰ ਅੰਬਾਲਾ ਕੈਂਟ ਤੋਂ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਪਤਾ ਲੱਗਿਆ। ਜੋ ਡੇਰਾਬੱਸੀ ਪਰਤ ਆਏ ਅਤੇ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ।

ਡੇਰਾਬੱਸੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਠੱਗੀ ਦਾ ਸ਼ਿਕਾਰ ਹੋਇਆ ਬੱਲੀ ਬਿਹਾਰੀ ਸਬਜ਼ੀ ਵੇਚਦਾ ਹੈ। ਉਹ ਬੈਂਕ ਤੋਂ 90 ਹਜ਼ਾਰ ਰੁਪਏ ਕੱਢਵਾ ਕੇ ਬਿਹਾਰ ਦੇ ਜ਼ਿਲ੍ਹਾ ਮੋਤੀਹਾਰੀ ਜਾ ਰਿਹਾ ਸੀ। ਉਹ ਮੰਗਲਵਾਰ ਸ਼ਾਮ ਕਰੀਬ ਸਾਢੇ ਛੇ ਵਜੇ ਡੇਰਾਬੱਸੀ ਬੱਸ ਸਟੈਂਡ ਤੋਂ ਅੰਬਾਲਾ ਕੈਂਟ ਲਈ ਬੱਸ ਉਡੀਕ ਰਿਹਾ ਸੀ। ਉਸ ਨੇ ਦੱਸਿਆ ਕਿ ਬਲੈਰੋ ਜੀਪ ਡਰਾਈਵਰ ਜੋ ਸੇਵਾਮੁਕਤ ਫ਼ੌਜੀ ਹੋਣ ਦਾ ਦਾਅਵਾ ਕਰਦਾ ਸੀ, ਉਸ ਨੇ ਲਿਫ਼ਟ ਦੀ ਪੇਸ਼ਕਸ਼ ਕੀਤੀ। ਉਸ ਨੇ ਫ਼ੌਜੀ ਸਮਝ ਕੇ ਵਿਸ਼ਵਾਸ ਕਰ ਲਿਆ ਤੇ ਬੋਲੈਰੋ ਜੀਪ ’ਚ ਸਵਾਰ ਹੋ ਗਿਆ। ਉਸ ਨੇ ਦੱਸਿਆ ਕਿ ਰਸਤੇ ’ਚ ਜੀਪ ਚਾਲਕ ਨੇ ਉਸ ਨੂੰ ਦੱਸਿਆ ਕਿ ਕਾਂਵੜੀਆਂ ਕਾਰਨ ਰਸਤੇ ’ਚ ਕਾਫ਼ੀ ਚੈਕਿੰਗ ਹੁੰਦੀ ਹੈ।

ਜੇਕਰ ਉਨ੍ਹਾਂ ਕੋਲ ਕੋਈ ਨਕਦੀ ਹੈ ਤਾਂ ਉਸ ਦੀ ਐਂਟਰੀ ਕਰਵਾਉਣੀ ਪਵੇਗੀ। ਬੱਲੀ ਨੇ 90 ਹਜ਼ਾਰ ਰੁਪਏ ਕਾਗਜ਼ ਦੇ ਲਿਫ਼ਾਫ਼ੇ ’ਚ ਪਾਏ ਸਨ, ਜੋ ਉਸ ਨੇ ਬੋਲੈਰੋ ਚਾਲਕ ਨੂੰ ਸੌਂਪ ਦਿੱਤੇ। ਉਹ ਰਸਤੇ ’ਚ ਇਕ ਜਗ੍ਹਾ ਰੁਕਿਆ ਅਤੇ ਐਂਟਰੀ ਕਰਵਾਉਣ ਦੇ ਬਹਾਨੇ ਗਿਆ ਅਤੇ ਥੋੜ੍ਹੀ ਦੇਰ ’ਚ ਵਾਪਸ ਆ ਗਿਆ। ਫਿਰ ਬਹਾਨਾ ਬਣਾ ਕੇ ਥੋੜ੍ਹਾ ਅੱਗੇ ਜਾ ਕੇ ਨਕਦੀ ਵਾਲਾ ਲਿਫ਼ਾਫ਼ਾ ਫੜ੍ਹਾ ਦਿੱਤਾ ਤੇ ਉਨ੍ਹਾਂ ਨੂੰ ਬਲਦੇਵ ਨਗਰ ਨੇੜੇ ਉਤਾਰ ਦਿੱਤਾ। ਜਦੋਂ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਰੇਲਵੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਲਿਫ਼ਾਫ਼ਾ ਚੈੱਕ ਕੀਤਾ ਤਾਂ ਉਸ ’ਚ ਪੁਰਾਣੇ ਅਖਬਾਰਾਂ ਦੀ ਰੱਦੀ ਨਿਕਲੀ। ਇਸ ਤੋਂ ਬਾਅਦ ਉਹ ਡੇਰਾਬੱਸੀ ਵਾਪਸ ਆ ਗਏ। ਜਿੱਥੇ ਉਨ੍ਹਾਂ ਨੇ ਡੇਰਾਬੱਸੀ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।


author

Babita

Content Editor

Related News