ਠੱਗ ਟਰੈਵਲ ਏਜੰਟ ਗ੍ਰਿਫ਼ਤਾਰ
Monday, Jul 02, 2018 - 12:27 AM (IST)
ਟਾਂਡਾ ਉਡ਼ਮੁਡ਼, (ਪੰਡਿਤ)- ਪਿੰਡ ਰਡ਼ਾ ਨਿਵਾਸੀ ਨੌਜਵਾਨ ਨਾਲ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਦੋਸ਼ੀ ਟਰੈਵਲ ਏਜੰਟ ਭਰਾਵਾਂ ਵਿਚੋਂ ਇਕ ਨੂੰ ਟਾਂਡਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਪ੍ਰਗਟ ਸਿੰਘ ਪੈਰੀ ਪੁੱਤਰ ਲਛਮਣ ਸਿੰਘ ਨਿਵਾਸੀ ਸੰਦਲੀ ਬੋਹਾ (ਮਾਨਸਾ) ਵਜੋਂ ਹੋਈ ਹੈ।
ਪੁਲਸ ਨੇ ਇਹ ਮਾਮਲਾ ਪੀਡ਼ਤ ਨੌਜਵਾਨ ਜਸਕਰਨ ਸਿੰਘ ਦੇ ਪਿਤਾ ਲਖਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਦੇ ਬਿਆਨ ਦੇ ਅਾਧਾਰ ’ਤੇ ਉਕਤ ਦੋਸ਼ੀ ਅਤੇ ਉਸ ਦੇ ਭਰਾ ਮਨਪ੍ਰੀਤ ਸਿੰਘ ਮਨੀ ਖਿਲਾਫ਼ 15 ਮਈ 2018 ਨੂੰ ਦਰਜ ਕੀਤਾ ਸੀ। ਲਖਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਸੀ ਕਿ ਉਸ ਨੇ ਉਕਤ ਟਰੈਵਲ ਏਜੰਟਾਂ ਨੂੰ ਉਨ੍ਹਾਂ ਦੇ ਝਾਂਸੇ ਵਿਚ ਆ ਕੇ ਆਪਣੇ ਪੁੱਤਰ ਜਸਕਰਨ ਸਿੰਘ ਨੂੰ ਕੈਨੇਡਾ ਭੇਜਣ ਲਈ 2016 ਅਤੇ 2017 ਵਿਚ ਵੱਖ-ਵੱਖ ਦਿਨਾਂ ਨੂੰ ਕੁੱਲ 25.50 ਲੱਖ ਰੁਪਏ ਦਿੱਤੇ ਸਨ ਪਰ ਉਨ੍ਹਾਂ ਜਸਕਰਨ ਨੂੰ ਗੁਹਾਟੀ ਵਿਚ ਬੰਦੀ ਬਣਾ ਕੇ ਉਸ ਉੱਤੇ ਅੱਤਿਆਚਾਰ ਕੀਤੇ। ਉਹ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ਵਿਚੋਂ ਨਿਕਲਣ ਵਿਚ ਸਫਲ ਹੋ ਗਿਆ। ਪੁਲਸ ਨੇ ਜਾਂਚ ਤੋਂ ਬਾਅਦ ਹੁਣ ਉਕਤ ਏਜੰਟਾਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੇ ਦੂਸਰੇ ਦੋਸ਼ੀ ਮਨਪ੍ਰੀਤ ਦੀ ਗ੍ਰਿਫ਼ਤਾਰੀ ਲਈ ਭਾਲ ਜਾਰੀ ਹੈ।
