ਧੋਖੇਬਾਜ਼ 'ਵਿਦੇਸ਼ੀ ਲਾੜੇ' ਜਿੱਥੇ ਮਰਜ਼ੀ ਲੁਕ ਲੈਣ, ਹੁਣ ਜੇਲ ਜਾਣੋਂ ਨਹੀਂ ਬਚਦੇ
Tuesday, Dec 25, 2018 - 12:02 PM (IST)

ਅੰਮ੍ਰਿਤਸਰ (ਸੰਜੀਵ) : ਭਾਰਤ 'ਚ ਵਿਆਹ ਕਰਵਾ ਕੇ ਅਤੇ ਆਪਣੀਆਂ ਪਤਨੀਆਂ ਨੂੰ ਛੱਡ ਕੇ ਵਿਦੇਸ਼ ਦੌੜ ਗਏ ਪਤੀ ਹੁਣ ਜੇਲਾਂ ਦੀਆਂ ਸਲਾਖਾਂ ਪਿੱਛੇ ਜਾਣ ਤੋਂ ਬਚ ਨਹੀਂ ਸਕਣਗੇ, ਭਾਵੇਂ ਉਹ ਵਿਦੇਸ਼ 'ਚ ਪੱਕੇ ਹੋਣ ਜਾਂ ਕੱਚੇ, ਕਿਉਂਕਿ ਅਜਿਹੇ ਕਥਿਤ ਦੋਸ਼ੀਆਂ ਨੂੰ ਵਿਦੇਸ਼ ਤੋਂ ਡਿਪੋਰਟ ਕਰਵਾਉਣ ਲਈ ਖੇਤਰੀ ਪਾਸਪੋਰਟ ਦਫਤਰ ਅੰਮ੍ਰਿਤਸਰ ਨੇ ਵੱਖਰਾ ਯੂਨਿਟ ਕਾਇਮ ਕਰ ਦਿੱਤਾ ਹੈ, ਜਿਥੇ ਕਿ ਕੇਵਲ ਤੇ ਕੇਵਲ ਅਜਿਹੇ ਕੇਸ ਹੀ ਵਿਚਾਰੇ ਜਾਂਦੇ ਹਨ ਅਤੇ ਪਹਿਲ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਅਮਲ 'ਚ ਲਿਆ ਕੇ ਸਬੰਧਤ ਵਿਅਕਤੀ ਦਾ ਪਾਸਪੋਰਟ ਜ਼ਬਤ ਕਰ ਲਿਆ ਜਾਂਦਾ ਹੈ ਅਤੇ ਵਿਦੇਸ਼ ਤੋਂ ਭਾਰਤ ਲਿਆਉਣ ਲਈ ਕਾਰਵਾਈ ਆਰੰਭ ਦਿੱਤੀ ਜਾਂਦੀ ਹੈ। ਥੋੜ੍ਹੇ ਦਿਨਾਂ 'ਚ ਇਹ ਦਫਤਰ 10 ਅਜਿਹੇ ਵਿਅਕਤੀਆਂ ਦੇ ਪਾਸਪੋਰਟ ਜ਼ਬਤ ਕਰ ਚੁੱਕਾ ਹੈ ਅਤੇ ਛੇਤੀ ਹੀ ਇਹ ਵਿਅਕਤੀ ਪੁਲਸ ਦੀ ਗ੍ਰਿਫਤ 'ਚ ਹੋਣਗੇ।
ਖੇਤਰੀ ਪਾਸਪੋਰਟ ਅਧਿਕਾਰੀ ਮੁਨੀਸ਼ ਕਪੂਰ, ਜਿਨ੍ਹਾਂ ਨੇ ਦੇਸ਼ 'ਚ ਇਹ ਨਿਵੇਕਲੀ ਪਹਿਲ ਕੀਤੀ ਹੈ, ਇਸ ਡੈਸਕ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ 'ਚ 40 ਹਜ਼ਾਰ ਦੇ ਕਰੀਬ ਅਜਿਹੇ ਕੇਸ ਹਨ, ਜਿਨ੍ਹਾਂ ਵਿਚ ਵਿਦੇਸ਼ੀ ਲੜਕੇ ਪੰਜਾਬ ਆ ਕੇ ਬੜੀ ਸ਼ਾਨੋ-ਸ਼ੌਕਤ ਨਾਲ ਵਿਆਹ ਕਰਵਾ ਗਏ। ਲੜਕੀਆਂ ਨੇ ਆਪਣੇ ਸਰੋਤਾਂ ਤੋਂ ਵੱਧ ਖਰਚ ਵੀ ਇਨ੍ਹਾਂ ਵਿਆਹਾਂ 'ਤੇ ਕੀਤਾ ਪਰ ਇਹ ਲੜਕੇ (ਪਤੀ) ਥੋੜ੍ਹਾ ਸਮਾਂ ਲੜਕੀ (ਪਤਨੀ) ਨਾਲ ਰਹਿ ਕੇ ਉਸ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਵਿਦੇਸ਼ ਰਫੂ ਚੱਕਰ ਹੋ ਗਏ। ਕਈ ਕੇਸਾਂ ਵਿਚ ਤਾਂ ਇਨ੍ਹਾਂ ਲੜਕਿਆਂ (ਪਤੀਆਂ) ਨੇ ਸਹੁਰੇ ਪਰਿਵਾਰ ਤੋਂ ਵੱਡੀ ਰਕਮ ਵੀ ਵਸੂਲ ਕੀਤੀ ਹੈ। ਲੜਕਿਆਂ ਦੇ ਵਿਦੇਸ਼ ਭੱਜਣ ਤੋਂ ਬਾਅਦ ਸਹੁਰੇ ਪਰਿਵਾਰ ਨੇ ਵੀ ਇਨ੍ਹਾਂ ਲੜਕੀਆਂ (ਨੂੰਹਾਂ) ਨੂੰ ਜ਼ਲੀਲ ਕਰ ਕੇ ਘਰੋਂ ਕੱਢ ਦਿੱਤਾ ਅਤੇ ਅੱਜਕਲ ਬਹੁਤੀਆਂ ਅਜਿਹੀਆਂ ਲੜਕੀਆਂ ਆਪਣੇ ਪੇਕੇ ਘਰਾਂ ਵਿਚ ਰਹਿ ਰਹੀਆਂ ਹਨ ਅਤੇ ਕਈਆਂ ਦੀ ਗੋਦ ਵਿਚ ਬੱਚੇ ਵੀ ਹਨ।
ਉਨ੍ਹਾਂ ਦੱਸਿਆ ਕਿ ਹੁਣ ਅਜਿਹੇ ਪੀੜਤ ਪਰਿਵਾਰਾਂ ਤੇ ਲੜਕੀਆਂ ਨੂੰ ਸਿਵਾਏ ਇੰਤਜ਼ਾਰ ਕਰਨ ਦੇ ਅਜਿਹਾ ਕੋਈ ਰਸਤਾ ਨਹੀਂ ਮਿਲ ਰਿਹਾ, ਜਿਸ ਨਾਲ ਉਹ ਨਿਆਂ ਪ੍ਰਾਪਤ ਕਰ ਸਕਣ।ਉਨ੍ਹਾਂ ਦੱਸਿਆ ਕਿ ਹੁਣ ਅਸੀਂ ਅੰਮ੍ਰਿਤਸਰ ਰਣਜੀਤ ਐਵੀਨਿਊ ਸਥਿਤ ਪਾਸਪੋਰਟ ਦਫਤਰ ਵਿਚ ਇਨ੍ਹਾਂ ਕੇਸਾਂ ਨਾਲ ਨਿਜੱਠਣ ਲਈ ਵੱਖਰਾ ਸੈੱਲ ਕਾਇਮ ਕਰ ਦਿੱਤਾ ਹੈ, ਜਿਥੇ ਕਿ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਿਆਂ ਦੀਆਂ ਪੀੜਤ ਧੀਆਂ, ਜਿਨ੍ਹਾਂ ਨੇ ਅਜਿਹੇ ਕੇਸਾਂ ਵਿਚ ਲੜਕਿਆਂ (ਪਤੀਆਂ) ਵਿਰੁੱਧ ਅਪਰਾਧਿਕ ਕੇਸ ਦਰਜ ਕਰਵਾਇਆ ਹੈ, ਉਹ ਸਹਾਇਤਾ ਪ੍ਰਾਪਤ ਕਰ ਸਕਦੀਆਂ ਹਨ।
ਇਨ੍ਹਾਂ ਕੇਸਾਂ ਵਿਚ ਲੜਕੀਆਂ ਨੂੰ ਸੇਵਾਵਾਂ ਦੇਣ ਲਈ ਵਾਲੰਟੀਅਰ ਤੌਰ 'ਤੇ ਸ਼੍ਰੀਮਤੀ ਰੁਪਿੰਦਰ ਕੌਰ, ਸਵੈ ਇੱਛਾ ਨਾਲ ਪੀੜਤ ਲੜਕੀਆਂ ਦੀ ਸਹਾਇਤਾ ਕਰ ਰਹੇ ਹਨ ਅਤੇ ਦਫਤਰ ਬੈਠ ਕੇ ਇਨ੍ਹਾਂ ਕੇਸਾਂ ਨੂੰ ਤਿਆਰ ਕਰਦੇ ਹਨ। ਕਪੂਰ ਨੇ ਦੱਸਿਆ ਕਿ ਅਜਿਹੇ ਕੇਸਾਂ ਨੂੰ ਵਿਚਾਰ ਕੇ ਸਖਤੀ ਨਾਲ ਐਕਸ਼ਨ ਲਿਆ ਜਾਂਦਾ ਹੈ ਅਤੇ ਭਗੌੜੇ ਹੋਏ ਲੜਕਿਆਂ (ਪਤੀਆਂ) ਦੇ ਪਾਸਪੋਰਟ ਆਨ ਲਾਈਨ ਜ਼ਬਤ ਕਰ ਦਿੱਤੇ ਜਾਂਦੇ ਹਨ, ਇਸ ਤੋਂ ਇਲਾਵਾ ਸਬੰਧਤ ਉਨ੍ਹਾਂ ਦੇਸ਼ਾਂ, ਜਿਨ੍ਹਾਂ ਨਾਲ ਭਾਰਤ ਦੀਆਂ ਵੱਖ-ਵੱਖ ਸੰਧੀਆਂ ਹੋ ਚੁੱਕੀਆਂ ਹਨ, ਦੇ ਸਬੰਧਤ ਵਿਭਾਗ ਨਾਲ ਤਾਲਮੇਲ ਕਰ ਕੇ ਅਜਿਹੇ ਲੜਕਿਆਂ ਨੂੰ ਅਪਰਾਧਿਕ ਕੇਸ ਦੇ ਆਧਾਰ 'ਤੇ ਭਾਰਤ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਥੋੜ੍ਹੇ ਜਿਹੇ ਦਿਨਾਂ ਵਿਚ ਅਸੀਂ ਅਜਿਹੇ ਕੇਸਾਂ ਵਿਚ 10 ਪਾਸਪੋਰਟ ਜ਼ਬਤ ਕਰ ਚੁੱਕੇ ਹਨ।