ਕੈਨੇਡਾ ਦੇ ਨਾਂ ’ਤੇ ਧੋਖਾਦੇਹੀ : ਪੀੜਤ ਪਰਿਵਾਰਾਂ ਵਲੋਂ ਟ੍ਰੈਵਲ ਏਜੰਟ ਦੀ ਕੋਠੀ ਅੱਗੇ ਧਰਨਾ

Sunday, Jul 30, 2023 - 04:07 PM (IST)

ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਚੋਪੜਾ ਕਾਲੋਨੀ ਵਿਖੇ ਤਿੱਖੀ ਧੁੱਪ ’ਚ ਮਾਹੌਲ ਉਸ ਸਮੇਂ ਹੋਰ ਤੱਤਾ ਹੋ ਗਿਆ, ਜਦੋਂ ਕੈਨੇਡਾ ਜਾਣ ਲਈ ਧੋਖਾਦੇਹੀ ਦਾ ਸ਼ਿਕਾਰ ਹੋਏ ਕੁਝ ਪਰਿਵਾਰਾਂ ਨੇ ਟ੍ਰੈਵਲ ਏਜੰਟ ਦੀ ਕੋਠੀ ਦੇ ਬਾਹਰ ਧਰਨਾ ਲਾ ਕੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਲੱਖਾਂ ਰੁਪਏ ਵਾਪਸ ਦਿਵਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਟ੍ਰੈਵਲ ਏਜੰਟ ਦੀ ਕੋਠੀ ਦੇ ਬਾਹਰ ਧਰਨਾ ਲਾ ਕੇ ਬੈਠੇ ਗੁਰਜੰਟ ਸਿੰਘ ਮਲੌਦ, ਦਪਿੰਦਰ ਸਿੰਘ ਪਠਾਨਕੋਟ, ਪ੍ਰਗਟ ਸਿੰਘ, ਨੀਲਮ ਰਾਣੀ ਅਮਲੋਹ, ਗੁਰਮੀਤ ਕੌਰ ਮਲੌਦ ਅਤੇ ਰਾਜਪਾਲ ਸਿੰਘ ਮਾਛੀਵਾੜਾ ਨੇ ਦੱਸਿਆ ਕਿ ਉਨ੍ਹਾਂ ਕੈਨੇਡਾ ਜਾਣ ਲਈ ਇੱਥੋਂ ਦੇ ਨਿਵਾਸੀ ਪਤੀ-ਪਤਨੀ ਕਮਲਜੀਤ ਸਿੰਘ ਤੇ ਸਤਵਿੰਦਰ ਕੌਰ ਨੂੰ ਪੇਸ਼ਗੀ ਵਜੋਂ ਲੱਖਾਂ ਰੁਪਏ ਦਿੱਤੇ। ਇਸ ਟ੍ਰੈਵਲ ਏਜੰਟ ਨੇ ਪਰਿਵਾਰਾਂ ਸਮੇਤ ਵਿਦੇਸ਼ ਭੇਜਣ ਦਾ ਝਾਂਸਾ ਦਿੰਦਿਆਂ ਕਿਹਾ ਕਿ ਉਹ ਪੇਸ਼ਗੀ ਵਜੋਂ ਕੁਝ ਪੈਸੇ ਦੇ ਦੇਣ ਅਤੇ ਬਾਕੀ ਦੀ ਰਾਸ਼ੀ ਵੀਜ਼ਾ ਲੱਗਣ ਉਪਰੰਤ ਲਈ ਜਾਵੇਗੀ। ਇਨ੍ਹਾਂ ਵਿਅਕਤੀਆਂ ’ਚੋਂ ਕਿਸੇ ਨੇ 2 ਲੱਖ, ਕਿਸੇ ਨੇ 4 ਲੱਖ ਇਨ੍ਹਾਂ ਨੂੰ ਦੇ ਦਿੱਤੇ, ਜਿਨ੍ਹਾਂ ਨੇ ਕੈਨੇਡਾ ਦਾ ਵੀਜ਼ਾ ਨਾ ਲਵਾਇਆ। ਵੀਜ਼ਾ ਨਾ ਲੱਗਣ ’ਤੇ ਜਦੋਂ ਪੈਸੇ ਮੰਗਣ ਜਾਂਦੇ ਤਾਂ ਇਹ ਪਤੀ-ਪਤਨੀ ਉਨ੍ਹਾਂ ਨੂੰ ਧਮਕੀਆਂ ਦਿੰਦੇ ਸਨ। ਇਨ੍ਹਾਂ ਵਿਅਕਤੀਆਂ ਨੇ ਪੱਤਰਕਾਰਾਂ ਨੂੰ ਜਾਅਲੀ ਬਾਇਓਮੈਟ੍ਰਿਕ ਵੀ ਦਿਖਾਏ ਕਿ ਜਲਦ ਉਨ੍ਹਾਂ ਦਾ ਵੀਜ਼ਾ ਲੱਗ ਜਾਵੇਗਾ ਪਰ ਨਾ ਤਾਂ ਪੈਸੇ ਮਿਲੇ ਅਤੇ ਨਾ ਹੀ ਕੈਨੇਡਾ ਦਾ ਵੀਜ਼ਾ। ਧਰਨਾਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਨਾਲ ਹੋਈ ਧੋਖਾਦੇਹੀ ਸਬੰਧੀ ਮਲੌਦ ਥਾਣੇ ਅਤੇ ਪੁਲਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਦਫ਼ਤਰ ਵਿਖੇ ਵੀ ਸ਼ਿਕਾਇਤਾਂ ਦਿੱਤੀਆਂ ਗਈਆਂ, ਜਿਨ੍ਹਾਂ ਦੀ 2 ਮਹੀਨਿਆਂ ਤੋਂ ਜਾਂਚ ਚੱਲ ਰਹੀ ਹੈ ਪਰ ਉਨ੍ਹਾਂ ਨੂੰ ਕੋਈ ਇਨਸਾਫ਼ ਨਾ ਮਿਲਿਆ।

ਇਹ ਵੀ ਪੜ੍ਹੋ : ਹਸਪਤਾਲ ’ਚ ਪੇਟ ਦਰਦ ਤੋਂ ਬਾਅਦ ਚੈੱਕਅਪ ਲਈ ਪਹੁੰਚੀ ਕੁੜੀ, ਰਿਪੋਰਟ ਜਾਣ ਹੈਰਾਨ ਰਹਿ ਗਿਆ ਪਰਿਵਾਰ

ਪੁਲਸ ਦੀ ਮੌਜੂਦਗੀ ’ਚ ਦਿੱਤੇ ਚੈੱਕ ਹੋ ਗਏ ਬਾਊਂਸ
ਟ੍ਰੈਵਲ ਏਜੰਟ ਦੀ ਕੋਠੀ ਬਾਹਰ ਧਰਨਾ ਦੇ ਰਹੇ ਪਰਿਵਾਰਾਂ ਨੇ ਦੱਸਿਆ ਕਿ ਉਕਤ ਪਤੀ-ਪਤਨੀ ਵਲੋਂ ਪੁਲਸ ਦੀ ਮੌਜੂਦਗੀ ’ਚ ਉਨ੍ਹਾਂ ਦੀ ਰਾਸ਼ੀ ਵਾਪਸ ਕਰਨ ਦੇ ਚੈੱਕ ਵੀ ਦਿੱਤੇ ਗਏ, ਜੋ ਕਿ ਬਾਊਂਸ ਹੋ ਗਏ, ਜਿਸ ਕਾਰਨ ਉਹ ਪ੍ਰੇਸ਼ਾਨ ਹੋਏ ਇੱਥੇ ਧਰਨਾ ਦੇਣ ਲਈ ਪੁੱਜੇ ਹਨ। ਇਨ੍ਹਾਂ ਪਰਿਵਾਰਾਂ ਨੇ ਪੰਜਾਬ ਸਰਕਾਰ ਤੇ ਪੁਲਸ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਵਿਦੇਸ਼ ਭੇਜਣ ਦੇ ਨਾਂ ’ਤੇ ਉਨ੍ਹਾਂ ਨਾਲ ਜੋ ਧੋਖਾਦੇਹੀ ਹੋਈ ਹੈ, ਉਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਮਾਮਲਾ ਦਰਜ ਕਰ ਕੇ ਉਨ੍ਹਾਂ ਦੇ ਲੱਖਾਂ ਰੁਪਏ ਵਾਪਸ ਦਿਵਾਏ।

PunjabKesari

ਮਾਛੀਵਾੜਾ ਪੁਲਸ ਅਧਿਕਾਰੀਆਂ ਦੇ ਵਿਸ਼ਵਾਸ ’ਤੇ ਧਰਨਾ ਹੋਇਆ ਖਤਮ
ਟ੍ਰੈਵਲ ਏਜੰਟ ਦੀ ਕੋਠੀ ਦੇ ਬਾਹਰ ਧਰਨਾ ਲੱਗਣ ਦੀ ਸੂਚਨਾ ਮਿਲਣ ’ਤੇ ਸਬ-ਇੰਸਪੈਕਟਰ ਸੰਤੋਖ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ, ਜਿਨ੍ਹਾਂ ਮਾਮਲੇ ਦੀ ਜਾਣਕਾਰੀ ਲਈ। ਗੱਲਬਾਤ ਕਰਦਿਆਂ ਸਬ-ਇੰਸਪੈਕਟਰ ਸੰਤੋਖ ਸਿੰਘ ਨੇ ਕਿਹਾ ਕਿ ਇਨ੍ਹਾਂ ਧਰਨਾਕਾਰੀਆਂ ਦੀ ਸ਼ਿਕਾਇਤ ਮਾਛੀਵਾੜਾ ਥਾਣੇ ’ਚ ਨਹੀਂ ਹੈ, ਜਿਸ ਦੀ ਜਾਂਚ ਮਲੌਦ ਪੁਲਸ ਥਾਣਾ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਧਰਨਾਕਾਰੀਆਂ ਨੂੰ ਕਿਹਾ ਕਿ ਆਪਣੇ ਨਾਲ ਧੋਖਾਦੇਹੀ ਦੀ ਇਕ ਸ਼ਿਕਾਇਤ ਉਹ ਮਾਛੀਵਾੜਾ ਥਾਣੇ ਵਿਖੇ ਦਰਜ ਕਰਵਾਉਣ ਅਤੇ ਸਵੇਰੇ 10 ਵਜੇ ਮਲੌਦ ਥਾਣੇ ਪੁੱਜਣ। ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸ਼ਿਕਾਇਤ ’ਤੇ ਮਲੌਦ ਪੁਲਸ ਤੁਰੰਤ ਕਾਰਵਾਈ ਕਰੇਗੀ। ਪੁਲਸ ਅਧਿਕਾਰੀਆਂ ਦੇ ਵਿਸ਼ਵਾਸ ਤੋਂ ਬਾਅਦ 3 ਘੰਟਿਆਂ ਬਾਅਦ ਟ੍ਰੈਵਲ ਏਜੰਟ ਦੀ ਕੋਠੀ ਬਾਹਰੋਂ ਇਹ ਧਰਨਾ ਖ਼ਤਮ ਹੋਇਆ। ਪੁਲਸ ਨੇ ਟ੍ਰੈਵਲ ਏਜੰਟ ਪਤੀ-ਪਤਨੀ ਨੂੰ ਸਵੇਰੇ 10 ਵਜੇ ਥਾਣਾ ਮਲੌਦ ਵਿਖੇ ਜਾਂਚ ਕਰ ਰਹੇ ਅਧਿਕਾਰੀ ਕੋਲ ਪੇਸ਼ ਹੋਣ ਦੀ ਹਦਾਇਤ ਕੀਤੀ।

ਇਹ ਵੀ ਪੜ੍ਹੋ : ਹਵਾ ਪ੍ਰਦੂਸ਼ਣ ਕੰਟਰੋਲ ਕਰਨ ਲਈ 4 ਸਾਲਾਂ ’ਚ ਮਿਲੇ 24 ਕਰੋੜ, ਲੋਕਸਭਾ ’ਚ ਇਕ ਸਵਾਲ ਦੇ ਜਵਾਬ ’ਚ ਦਿੱਤੀ ਜਾਣਕਾਰੀ

ਪਤੀ-ਪਤਨੀ ਨੇ ਕਿਹਾ-ਅਸੀਂ ਇਸ ਸਬੰਧੀ ਕੁਝ ਨਹੀਂ ਕਹਿਣਾ
ਧੋਖਾਦੇਹੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਟ੍ਰੈਵਲ ਏਜੰਟ ਪਤੀ-ਪਤਨੀ ਕਮਲਜੀਤ ਸਿੰਘ ਤੇ ਸਤਵਿੰਦਰ ਕੌਰ ਤੋਂ ਜਦੋਂ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਕੁਝ ਨਹੀਂ ਕਹਿਣਾ ਚਾਹੁੰਦੇ। ਉਨ੍ਹਾਂ ਸਿਰਫ਼ ਐਨਾ ਹੀ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਿੱਤੀਆਂ ਹਨ, ਉਹ ਇਸ ਸਬੰਧੀ ਜਾਂਚ ਕਰ ਰਹੇ ਅਧਿਕਾਰੀ ਕੋਲ ਆਪਣੇ ਬਿਆਨ ਦਰਜ ਕਰਵਾ ਦੇਣਗੇ।

ਇਹ ਵੀ ਪੜ੍ਹੋ : ਪਤੀ ਨਾਲ ਮਾਮੂਲੀ ਤਕਰਾਰ ਤੋਂ ਬਾਅਦ 3 ਬੱਚਿਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Anuradha

Content Editor

Related News