ਨੌਸਰਬਾਜ਼ ਨੇ ਵਿਧਾਇਕ ਦੇ ਭਰਾ ਦਾ ਬਣਾਇਆ ਜਾਅਲੀ ਅਕਾਊਂਟ, ਦੋਸਤਾਂ ਕੋਲੋਂ ਪੈਸੇ ਠੱਗਣ ਲਈ ਕੀਤੇ ਮੈਸੇਜ

Friday, Nov 25, 2022 - 06:54 PM (IST)

ਗੁਰਦਾਸਪੁਰ (ਜੀਤ ਮਠਾਰੂ)-ਆਨਲਾਈਨ ਪਲੇਟਫਾਰਮ ’ਤੇ ਲੋਕਾਂ ਨਾਲ ਹੋ ਰਹੀਆਂ ਅਨੇਕਾਂ ਠੱਗੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਦੇ ਚਲਦਿਆਂ ਆਨਲਾਈਨ ਠੱਗੀ ਮਾਰਨ ਵਾਲੇ ਇਕ ਨੌਸਰਬਾਜ਼ ਨੇ ਇਸ ਵਾਰ ਗੁਰਦਾਸਪੁਰ ਹਲਕੇ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਛੋਟੇ ਭਰਾ ਅਤੇ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਕੇ.ਪੀ. ਪਾਹੜਾ ਦੇ ਦੋਸਤਾ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਹੈ। ਕੇ.ਪੀ. ਪਾਹੜਾ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਉਨ੍ਹਾਂ ਦੇ ਸਾਥੀਆਂ, ਸਮਰਥਕਾਂ ਤੇ ਰਿਸ਼ਤੇਦਾਰਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਅਤੇ ਹਰੇਕ ਵਿਅਕਤੀ ਫੋਨ ਕਰਕੇ ਇਹ ਦੱਸ ਰਿਹਾ ਸੀ ਕਿ ਤੁਹਾਡੇ ਇੰਸਟਾਗ੍ਰਾਮ ਅਕਾਊਂਟ ਤੋਂ ਮੈਸੇਜ ਕਰਕੇ ਕੋਈ ਵਿਅਕਤੀ ਪੈਸਿਆਂ ਦੀ ਮੰਗ ਕਰ ਰਿਹਾ ਹੈ। ਕੇ. ਪੀ. ਪਾਹੜਾ ਨੇ ਦੱਸਿਆ ਕਿ ਕੁਝ ਮਿੰਟਾਂ ਲਈ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਉਨ੍ਹਾਂ ਨੇ ਕਿਸੇ ਨੂੰ ਕੋਈ ਮੈਸੇਜ ਨਹੀਂ ਕੀਤਾ ਸੀ ਅਤੇ ਕਿਸੇ ਕੋਲੋਂ ਪੈਸੇ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਜਦੋਂ ਉਨ੍ਹਾਂ ਨੇ ਸਹੀ ਢੰਗ ਨਾਲ ਸੋਸ਼ਲ ਮੀਡੀਆ ’ਤੇ ਆਪਣੇ ਨਾਂ ਦਾ ਅਕਾਊਂਟ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਕਿਸੇ ਵਿਅਕਤੀ ਨੇ ਉਨ੍ਹਾਂ ਦੀਆਂ ਫੋਟੋਆਂ ਲਗਾ ਕੇ ਇਕ ਨਵਾਂ ਇੰਸਟਾਗ੍ਰਾਮ ਅਕਾਊਂਟ ਬਣਾ ਲਿਆ ਸੀ ਅਤੇ ਪੁਰਾਣੇ ਅਕਾਊਂਟ ਤੋਂ ਉਨ੍ਹਾਂ ਦੇ ਦੋਸਤਾਂ ਦੀ ਲਿਸਟ ਲੈ ਕੇ ਸਾਰਿਆਂ ਨੂੰ ਨਵੇਂ ਅਕਾਊਂਟ ਵਿਚ ਐਡ ਕਰ ਲਿਆ। ਇਸ ਤੋਂ ਬਾਅਦ ਉਕਤ ਵਿਅਕਤੀ ਨੇ ਮੈਸੇਜ ਕਰਕੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਕੇ. ਪੀ. ਪਾਹੜਾ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਆਪਣੇ ਸੋਸ਼ਲ ਮੀਡੀਆ ਦੇ ਸਾਰੇ ਅਕਾਊਂਟ ਵਿਚ ਮੈਸੇਜ/ਪੋਸਟ ਪਾ ਕੇ ਆਪਣੇ ਸਾਰੇ ਜਾਣਕਾਰਾਂ ਨੂੰ ਇਸ ਫੇਕ ਅਕਾਊਂਟ ਬਾਰੇ ਸੂਚਨਾ ਦਿੱਤੀ ਅਤੇ ਜਦੋਂ ਨੌਸਰਬਾਜ਼ ਨੂੰ ਪਤਾ ਲੱਗਾ ਕਿ ਹੁਣ ਉਸ ਦੀ ਜਾਅਲਸਾਜ਼ੀ ਦਾ ਪਰਦਾਫਾਸ਼ ਹੋ ਚੁੱਕਾ ਹੈ ਤਾਂ ਉਸ ਨੇ ਜਾਅਲੀ ਅਕਾਊਂਟ ਡਿਲੀਟ ਕਰ ਦਿੱਤਾ। ਕੇ.ਪੀ. ਪਾਹੜਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਨੌਸਰਬਾਜ਼ ਕਈ ਲੋਕਾਂ ਨੂੰ ਇਸ ਢੰਗ ਨਾਲ ਠੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਕਿਸੇ ਵੀ ਕੀਮਤ ’ਤੇ ਸੋਸ਼ਲ ਮੀਡੀਆ ’ਤੇ ਆਏ ਮੈਸੇਜ ਦੇ ਆਧਾਰ ’ਤੇ ਕਿਸੇ ਵਿਅਕਤੀ ਨੂੰ ਪੈਸੇ ਟਰਾਂਸਫਾਰਮਰ ਨਹੀਂ ਕਰਨੇ ਚਾਹੀਦੇ।


Manoj

Content Editor

Related News