ਕੈਨੇਡਾ ਬੈਠੇ ਮੁੰਡੇ ਲਈ ਲੱਭੀ ਕੁੜੀ IELTS ਕਰ ਪਹੁੰਚੀ ਇੰਗਲੈਂਡ, ਫਿਰ ਵਿਖਾਇਆ ਅਸਲ ਰੰਗ, ਜਾਣੋ ਪੂਰਾ ਮਾਮਲਾ
Saturday, Feb 11, 2023 - 06:22 PM (IST)
ਕਪੂਰਥਲਾ (ਭੂਸ਼ਣ)-ਵਿਦੇਸ਼ ’ਚ ਸੈਟਲ ਹੋਣ ਦੇ ਨਾਮ ’ਤੇ 33.73 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਥਾਣਾ ਫੱਤੂਢੀਂਗਾ ਦੀ ਪੁਲਸ ਨੇ 3 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ’ਚ ਨਾਮਜ਼ਦ ਤਿੰਨੇ ਮੁਲਜ਼ਮ ਇਕ ਹੀ ਪਰਿਵਾਰ ਨਾਲ ਸਬੰਧਤ ਹਨ। ਇਸ ਮਾਮਲੇ ’ਚ ਫਿਲਹਾਲ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਜਾਣਕਾਰੀ ਅਨੁਸਾਰ ਸੁੱਚਾ ਸਿੰਘ ਪੁੱਤਰ ਭਗਤ ਸਿੰਘ ਵਾਸੀ ਭਗਵਾਨਪੁਰ ਥਾਣਾ ਫੱਤੂਢੀਂਗਾ ਨੇ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਨ੍ਹਾਂ ਦਾ ਮੁੰਡਾ ਪਿਛਲੇ 11 ਸਾਲ ਤੋਂ ਕੱਚੇ ਤੌਰ ’ਤੇ ਕੈਨੇਡਾ ’ਚ ਰਹਿ ਰਿਹਾ ਸੀ। ਅਸੀਂ ਉਸ ਨੂੰ ਪੱਕੇ ਤੌਰ ’ਤੇ ਕੈਨੇਡਾ ’ਚ ਸੈਟਲ ਕਰਨ ਲਈ ਕਿਸੇ ਆਈਲੈਟਸ ਪਾਸ ਕੁੜੀ ਦੀ ਭਾਲ ’ਚ ਸੀ ਤਾਂ ਜੋ ਉਸ ਨਾਲ ਵਿਆਹ ਕਰਕੇ ਉਨ੍ਹਾਂ ਦਾ ਮੁੰਡਾ ਕੈਨੇਡਾ ’ਚ ਸੈਟਲ ਹੋ ਸਕੇ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਬਰਲਟਨ ਪਾਰਕ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਇਸ ਦੌਰਾਨ ਉਨ੍ਹਾਂ ਦੀ ਇਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਅਮਨਦੀਪ ਕੌਰ ਪੁੱਤਰੀ ਚਰਨ ਸਿੰਘ ਵਾਸੀ ਦਰੀਆਵਾਲ ਬਿੱਲੇ ਥਾਣਾ ਸਦਰ ਨਕੋਦਰ ਨਾਲ ਸਬੰਧਤ ਕੁੜੀ ਬਾਰੇ ਦੱਸਿਆ। ਉਨ੍ਹਾਂ ਨੇ ਉਕਤ ਕੁੜੀ ਨੂੰ ਕਈ ਵਾਰ ਆਈਲੈਟਸ ਟੈਸਟ ਲਈ ਭੇਜਿਆ ਪਰ ਉਹ ਕਈ ਕੋਸ਼ਿਸ਼ਾਂ ਦੇ ਬਾਵਜੂਦ ਆਈਲੈਟਸ ਟੈਸਟ ਪਾਸ ਨਹੀਂ ਕਰ ਸਕੀ। ਜਿਸ ਦੌਰਾਨ ਉਨ੍ਹਾਂ ਦੇ ਲੱਖਾਂ ਰੁਪਏ ਖ਼ਰਚ ਹੋ ਗਏ, ਜਿਸ ਤੋਂ ਬਾਅਦ ਉਕਤ ਕੁੜੀ ਨੇ ਆਈਲੈਟਸ ਟੈਸਟ ਪਾਸ ਕਰ ਲਈ ਅਤੇ ਉਸ ਦਾ ਕੈਨੇਡਾ ਅੰਬੈਸੀ ’ਚ ਸਟੱਡੀ ਵੀਜ਼ਾ ਅਪਲਾਈ ਕਰ ਦਿੱਤਾ ਗਿਆ ਪਰ ਇਸ ਦੌਰਾਨ ਉਸ ਦਾ ਸਟਡੀ ਵੀਜ਼ਾ ਰਿਫਿਊਜ਼ ਹੋ ਗਿਆ, ਜਿਸ ਤੋਂ ਬਾਅਦ ਉਕਤ ਕੁੜੀ ਦੇ ਮਾਤਾ-ਪਿਤਾ ਚਰਨ ਸਿੰਘ ਪੁੱਤਰ ਸਾਧੂ ਸਿੰਘ ਅਤੇ ਕੁਲਵੰਤ ਕੌਰ ਪੁੱਤਰ ਚਰਨ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੀ ਕੁੜੀ ਇੰਗਲੈਂਡ ਦਾ ਸਟੱਡੀ ਵੀਜ਼ਾ ਅਪਲਾਈ ਕਰ ਦੇਵੇਗੀ ਅਤੇ ਇੰਗਲੈਂਡ ਜਾਣ ਤੋਂ ਬਾਅਦ ਕੈਨੇਡਾ ਚਲੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਉਸ ਦੇ ਝਾਂਸੇ ’ਚ ਆਉਂਦੇ ਹੋਏ 10 ਲੱਖ ਰੁਪਏ ਦੀ ਫ਼ੀਸ ਭਰਦੇ ਹੋਏ ਉਸ ਦਾ ਇੰਗਲੈਂਡ ਦਾ ਵੀਜ਼ਾ ਅਪਲਾਈ ਕਰ ਦਿੱਤਾ। ਜਿੱਥੇ ਲੱਖਾਂ ਰੁਪਏ ਦੀ ਰਕਮ ਖ਼ਰਚਣ ਤੋਂ ਬਾਅਦ ਉਸ ਦਾ ਸਟੱਡੀ ਵੀਜ਼ਾ ਲੱਗ ਗਿਆ। ਇੰਗਲੈਂਡ ਜਾਂਦੇ ਹੀ ਅਮਨਦੀਪ ਕੌਰ ਨੇ ਉਨ੍ਹਾਂ ਨੂੰ ਫੋਨ ਕਰਨਾ ਬੰਦ ਕਰ ਦਿੱਤਾ ਅਤੇ ਉਨ੍ਹਾਂ ਨਾਲ ਧੋਖਾ ਕੀਤਾ।
ਇਸ ਤਰ੍ਹਾਂ ਅਮਨਦੀਪ ਕੌਰ ਅਤੇ ਉਸ ਦੇ ਮਾਤਾ-ਪਿਤਾ ਨੇ ਉਨ੍ਹਾਂ ਨਾਲ ਕੁੱਲ 33 ਲੱਖ 73 ਹਜ਼ਾਰ 399 ਰੁਪਏ ਦਾ ਧੋਖਾ ਕੀਤਾ, ਜਿਸ ਦੇ ਆਧਾਰ ’ਤੇ ਜਦੋਂ ਅਮਨਦੀਪ ਕੌਰ ਦੇ ਮਾਤਾ-ਪਿਤਾ ਨੂੰ ਉਨ੍ਹਾਂ ਨੂੰ ਸਾਰੀ ਰਕਮ ਮੋੜਨ ਦਾ ਦਬਾਅ ਪਾਇਆ ਤਾਂ ਉਨ੍ਹਾਂ ਨੇ ਰਕਮ ਮੋੜਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ’ਤੇ ਉਨ੍ਹਾਂ ਨੂੰ ਐੱਸ. ਐੱਸ. ਪੀ. ਕਪੂਰਥਲਾ ਦੇ ਸਨਮੁੱਖ ਇਨਸਾਫ਼ ਲਈ ਗੁਹਾਰ ਲਗਾਉਣੀ ਪਈ। ਐੱਸ. ਐੱਸ. ਪੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. ਹੈੱਡ ਕੁਆਰਟਰ ਸਤਨਾਮ ਸਿੰਘ ਨੂੰ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ। ਡੀ. ਐੱਸ. ਪੀ. ਸਤਨਾਮ ਸਿੰਘ ਨੇ ਆਪਣੀ ਜਾਂਚ ’ਚ ਚਰਨ ਸਿੰਘ, ਉਸ ਦੀ ਪਤਨੀ ਕੁਲਵੰਤ ਕੌਰ ਅਤੇ ਪੁੱਤਰੀ ਅਮਨਦੀਪ ਕੌਰ ਦੇ ਖ਼ਿਲਾਫ਼ ਲੱਗੇ ਸਾਰੇ ਇਲਜ਼ਾਮ ਸਹੀ ਪਾਏ, ਜਿਸ ਦੇ ਆਧਾਰ ’ਤੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਉੱਥੇ ਹੀ ਇਸ ਮਾਮਲੇ ਦੇ ਮੁੱਖ ਜਾਂਚ ਅਧਿਕਾਰੀ ਡੀ. ਐੱਸ. ਪੀ. ਹੈੱਡ ਕੁਆਰਟਰ ਸਤਨਾਮ ਸਿੰਘ ਨੇ ਕਿਹਾ ਕਿ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਵਿਦੇਸ਼ ’ਚ ਜਾਂ ਦੇਸ਼ ’ਚ ਵਿਆਹ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਦੋਮੋਰੀਆ ਪੁਲ ਨੇੜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।