ਵਿਧਾਨ ਸਭਾ ਚੋਣ ਲੜ ਚੁੱਕੇ ਉਮੀਦਵਾਰ ''ਤੇ ਧੋਖਾਦੇਹੀ ਦਾ ਪਰਚਾ ਦਰਜ

Friday, Mar 30, 2018 - 07:52 AM (IST)

ਵਿਧਾਨ ਸਭਾ ਚੋਣ ਲੜ ਚੁੱਕੇ ਉਮੀਦਵਾਰ ''ਤੇ ਧੋਖਾਦੇਹੀ ਦਾ ਪਰਚਾ ਦਰਜ

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਹਲਕਾ ਸਮਰਾਲਾ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ ਵਲੋਂ ਚੋਣ ਲੜ ਚੁੱਕੇ ਉਮੀਦਵਾਰ ਤੇ ਆਗੂ ਮਨੋਹਰ ਲਾਲ ਡਮਾਣਾ ਖਿਲਾਫ਼ ਮਾਛੀਵਾੜਾ ਪੁਲਸ ਨੇ ਕਥਿਤ ਧੋਖਾਦੇਹੀ ਦਾ ਪਰਚਾ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਨਾਹਰ ਸਿੰਘ ਵਾਸੀ ਬੁਰਜ ਪਵਾਤ ਨੇ ਪੁਲਸ ਜ਼ਿਲਾ ਖੰਨਾ ਦੇ ਉੱਚ ਅਧਿਕਾਰੀਆਂ ਕੋਲ ਦਰਖਾਸਤ ਦਿੱਤੀ ਕਿ ਉਸ ਦਾ ਲੜਕਾ ਕੇਵਲ ਸਿੰਘ, ਜੋ ਕਿ ਬੀ. ਏ. ਪੜ੍ਹਿਆ ਹੈ, ਨੂੰ ਉਹ ਸਰਕਾਰੀ ਨੌਕਰੀ ਲਵਾਉਣਾ ਚਾਹੁੰਦਾ ਸੀ। ਮਾਛੀਵਾੜਾ ਵਿਖੇ ਕਰਿਆਨੇ ਦੀ ਦੁਕਾਨ ਕਰਦੇ ਰੋਜ਼ੀ ਮਹਿੰਦਰੂ ਨਾਲ ਉਸ ਦੀ ਪੁਰਾਣੀ ਪਛਾਣ ਸੀ ਤੇ ਉਸ ਨੇ ਦੱਸਿਆ ਕਿ ਮਨੋਹਰ ਲਾਲ, ਜਿਸ ਦੀ ਅਫ਼ਸਰਸ਼ਾਹੀ ਵਿਚ ਕਾਫੀ ਪਹੁੰਚ ਹੈ, ਉਹ ਉਸ ਦੇ ਪੁੱਤਰ ਨੂੰ ਨੌਕਰੀ ਦਿਵਾ ਸਕਦਾ ਹੈ।
ਰੋਜ਼ੀ ਮਹਿੰਦਰੂ ਨੇ ਮਨੋਹਰ ਲਾਲ ਨਾਲ ਉਨ੍ਹਾਂ ਦੀ ਗੱਲਬਾਤ ਕਰਵਾਈ ਤੇ ਉਸ ਨੇ ਕਿਹਾ ਕਿ ਮੈਂ ਤੁਹਾਡੇ ਲੜਕੇ ਨੂੰ ਪੁਲਸ ਵਿਚ ਭਰਤੀ ਕਰਵਾ ਦੇਵਾਂਗਾ ਤੇ 5 ਲੱਖ ਰੁਪਏ 'ਚ ਗੱਲਬਾਤ ਤੈਅ ਹੋ ਗਈ। ਡੀ. ਪੀ. ਆਈ. ਪਾਰਟੀ ਦੇ ਆਗੂ ਮਨੋਹਰ ਲਾਲ ਨੇ ਉਨ੍ਹਾਂ ਤੋਂ 3 ਲੱਖ ਰੁਪਏ ਪੇਸ਼ਗੀ ਵਜੋਂ ਲੈ ਲਏ ਤੇ 2 ਲੱਖ ਰੁਪਏ ਨੌਕਰੀ ਲੱਗਣ ਤੋਂ ਬਾਅਦ ਲੈਣੇ ਤੈਅ ਹੋ ਗਏ।
ਸ਼ਿਕਾਇਤਕਰਤਾ ਨਾਹਰ ਸਿੰਘ ਅਨੁਸਾਰ ਉਸ ਨੇ 20. 8. 2016 ਨੂੰ ਮਾਛੀਵਾੜਾ ਦੇ ਖੇਤੀਬਾੜੀ ਵਿਕਾਸ ਬੈਂਕ ਤੋਂ 3 ਲੱਖ ਰੁਪਏ ਕਰਜ਼ਾ ਚੁੱਕ ਕੇ ਰੋਜ਼ੀ ਮਹਿੰਦਰੂ ਦੀ ਕਰਿਆਨਾ ਦੁਕਾਨ 'ਤੇ ਮਨੋਹਰ ਲਾਲ ਡਮਾਣਾ ਨੂੰ ਦੇ ਦਿੱਤੇ ਤੇ ਉਸ ਨੇ ਕੁਝ ਦਿਨਾਂ ਵਿਚ ਹੀ ਉਸਦੇ ਲੜਕੇ ਕੇਵਲ ਸਿੰਘ ਨੂੰ ਪੁਲਸ 'ਚ ਭਰਤੀ ਕਰਵਾਉਣ ਦਾ ਵਾਅਦਾ ਕੀਤਾ। ਸ਼ਿਕਾਇਤਕਰਤਾ ਅਨੁਸਾਰ ਕੀਤੇ ਗਏ ਵਾਅਦੇ ਮਤਾਬਿਕ ਜਦੋਂ ਮਨੋਹਰ ਲਾਲ ਨੇ ਉਸ ਦੇ ਲੜਕੇ ਨੂੰ ਪੁਲਸ 'ਚ ਭਰਤੀ ਨਾ ਕਰਵਾਇਆ ਤਾਂ ਉਨ੍ਹਾਂ ਵਲੋਂ ਪੈਸੇ ਮੰਗਣ 'ਤੇ 2 ਚੈੱਕ 2 ਲੱਖ 70 ਹਜ਼ਾਰ ਰੁਪਏ ਦੇ ਉਸ ਨੇ ਦੇ ਦਿੱਤੇ ਪਰ ਜਦੋਂ ਖਾਤੇ ਵਿਚ ਚੈੱਕ ਲਾਏ ਗਏ ਤਾਂ ਉਹ ਬਾਊਂਸ ਹੋ ਗਏ। ਕੁਝ ਸਮਾਂ ਤਾਂ ਮਨੋਹਰ ਲਾਲ ਉਨ੍ਹਾਂ ਨੂੰ ਪੈਸੇ ਦੇਣ ਲਈ ਟਾਲ-ਮਟੋਲ ਕਰਦਾ ਰਿਹਾ ਤੇ ਫਿਰ ਅੰਤ 'ਚ ਕਾਫ਼ੀ ਸਮਾਂ ਲੰਘ ਗਿਆ ਤਾਂ ਉਸ ਨੇ ਪੈਸੇ ਦੇਣ ਤੋਂ ਜਵਾਬ ਦੇ ਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਅੱਗੇ ਤੋਂ ਪੈਸੇ ਮੰਗਣ ਆਏ ਤਾਂ ਜਾਨੋਂ ਮਰਵਾ ਦੇਵਾਂਗਾ।
ਨਾਹਰ ਸਿੰਘ ਦੀ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਪੁਲਸ ਜ਼ਿਲਾ ਖੰਨਾ ਦੇ ਉੱਚ ਅਧਿਕਾਰੀਆਂ ਵਲੋਂ ਮਾਛੀਵਾੜਾ ਥਾਣੇ 'ਚ ਮਨੋਹਰ ਲਾਲ ਖਿਲਾਫ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 3 ਲੱਖ ਰੁਪਏ ਦੀ ਕਥਿਤ ਧੋਖਾਦੇਹੀ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਡੀ. ਪੀ. ਆਈ. ਪਾਰਟੀ ਦਾ ਆਗੂ ਮਨੋਹਰ ਲਾਲ ਫ਼ਰਾਰ ਦੱਸਿਆ ਜਾ ਰਿਹਾ ਹੈ।


Related News