ਪੈਨਸ਼ਨ ਕਾਰਡ ਬਣਾਉਣ ਦੇ ਨਾਂ ’ਤੇ ਬਜ਼ੁਰਗ ਨਾਲ 11 ਲੱਖ 67 ਹਜ਼ਾਰ ਦੀ ਠੱਗੀ

Monday, Nov 16, 2026 - 12:02 PM (IST)

ਪੈਨਸ਼ਨ ਕਾਰਡ ਬਣਾਉਣ ਦੇ ਨਾਂ ’ਤੇ ਬਜ਼ੁਰਗ ਨਾਲ 11 ਲੱਖ 67 ਹਜ਼ਾਰ ਦੀ ਠੱਗੀ

ਚੰਡੀਗੜ੍ਹ (ਸੁਸ਼ੀਲ) : ਸੀਨੀਅਰ ਸਿਟੀਜ਼ਨ ਦਾ ਪੈਨਸ਼ਨ ਕਾਰਡ ਬਣਾਉਣ ਦੇ ਨਾਂ ’ਤੇ ਸੈਕਟਰ-38 ਦੇ ਰਹਿਣ ਵਾਲੇ ਇਕ ਬਜ਼ੁਰਗ ਦੀ ਐੱਫ. ਡੀ. ਤੁੜਵਾ ਕੇ ਖਾਤੇ ’ਚੋਂ 11 ਲੱਖ 67 ਹਜ਼ਾਰ 501 ਰੁਪਏ ਦੀ ਠੱਗੀ ਕਰ ਲਈ ਗਈ। ਖਾਤੇ ’ਚੋਂ ਪੈਸੇ ਨਿਕਲਣ ਦਾ ਮੈਸੇਜ ਦੇਖ ਕੇ ਬਜ਼ੁਰਗ ਹੈਰਾਨ ਰਹਿ ਗਏ ਅਤੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸ਼ਿਕਾਇਤ ਦੇ ਆਧਾਰ ’ਤੇ ਸਾਈਬਰ ਸੈੱਲ ਨੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸੈਕਟਰ-38 ਦੇ ਰਹਿਣ ਵਾਲੇ ਮਧੁਕਰ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਵਹਾਟਸਐਪ ’ਤੇ ਮੈਸੇਜ ਮਿਲਿਆ ਸੀ, ਜਿਸ ’ਚ ਪੈਨਸ਼ਨ ਕਾਰਡ ਦੇ ਫ਼ਾਇਦੇ ਦੱਸੇ ਗਏ ਸਨ। ਪੈਨਸ਼ਨ ਕਾਰਡ ਰਾਹੀਂ ਦਵਾਈਆਂ ’ਤੇ 50 ਫ਼ੀਸਦੀ ਛੋਟ ਅਤੇ ਟਰੇਨ ਸਮੇਤ ਹੋਰ ਥਾਵਾਂ ’ਤੇ ਛੋਟ ਮਿਲਣ ਦੀ ਗੱਲ ਦੇਖ ਕੇ ਅਪਲਾਈ ਕਰ ਦਿੱਤਾ।

ਸ਼ਨੀਵਾਰ ਨੂੰ ਕਾਰਡ ਬਣਾ ਕੇ ਫੋਟੋ ਵਟਸਐਪ ’ਤੇ ਭੇਜ ਦਿੱਤੀ ਗਈ। ਇਸ ਤੋਂ ਬਾਅਦ ਮੁਲਜ਼ਮ ਆਨਲਾਈਨ ਫਾਰਮ ਭਰਵਾਉਣ ਲੱਗੇ। ਮੁਲਜ਼ਮ ਸ਼ਿਕਾਇਤਕਰਤਾ ਤੋਂ ਵਾਰ-ਵਾਰ ਫਾਰਮ ’ਤੇ ਕਲਿੱਕ ਕਰਵਾਉਂਦੇ ਰਹੇ। ਇਸ ਦੌਰਾਨ ਠੱਗਾਂ ਨੇ ਬਜ਼ੁਰਗ ਦੀ ਐੱਫ. ਡੀ. ਤੁੜਵਾ ਕੇ ਰਕਮ ਸੇਵਿੰਗ ਖ਼ਾਤੇ ’ਚ ਜਮ੍ਹਾਂ ਕਰਵਾਈ ਅਤੇ ਫਿਰ 11 ਲੱਖ 67 ਹਜ਼ਾਰ 501 ਰੁਪਏ ਕੱਢਵਾ ਲਏ। ਖ਼ਾਤੇ ’ਚੋਂ ਪੈਸੇ ਨਿਕਲਣ ਦਾ ਮੈਸੇਜ ਦੇਖ ਕੇ ਬਜ਼ੁਰਗ ਮਧੁਕਰ ਕੁਮਾਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਸਾਈਬਰ ਸੈੱਲ ਨੇ ਜਾਂਚ ਤੋਂ ਬਾਅਦ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।


 


author

Babita

Content Editor

Related News