ਛੱਤਬੀੜ ''ਚ ਸੈਲਾਨੀਆਂ ਨੂੰ ਹੋਰ ਢਿੱਲੀ ਕਰਨੀ ਪਵੇਗੀ ਆਪਣੀ ਜੇਬ, ਟਿਕਟ ਲਈ ਦੇਣੇ ਪੈਣਗੇ ਵਾਧੂ ਪੈਸੇ
Monday, Nov 16, 2026 - 09:31 AM (IST)
ਜ਼ੀਰਕਪੁਰ (ਧੀਮਾਨ) : ਛੱਤਬੀੜ ਚਿੜੀਆਘਰ ’ਚ ਪਹੁੰਚ ਰਹੇ ਸੈਲਾਨੀਆਂ ਨੂੰ ਮਨੋਰੰਜਨ ਦੀ ਬਜਾਏ ਪ੍ਰਬੰਧਕੀ ਲਾਪਰਵਾਹੀ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਐਂਟਰੀ ਗੇਟ ’ਤੇ ਬਣੇ ਲਾਇਨ ਸਫਾਰੀ ਦੇ ਟਿਕਟ ਕਾਊਂਟਰ ਤੋਂ ਟਿਕਟ ਖਰੀਦਣ ਵਾਲੇ ਕਈ ਸੈਲਾਨੀ ਇਸ ਨੂੰ ਚਿੜੀਆਘਰ ਦੀ ਆਮ ਐਂਟਰੀ ਟਿਕਟ ਸਮਝ ਬੈਠਦੇ ਹਨ। ਅੰਦਰ ਜਾਣ ’ਤੇ ਪਤਾ ਲੱਗਦਾ ਹੈ ਕਿ ਇਹ ਟਿਕਟ ਸਿਰਫ਼ ਲਾਇਨ ਸਫਾਰੀ ਲਈ ਹੈ ਤੇ ਚਿੜੀਆਘਰ ’ਚ ਦਾਖ਼ਲੇ ਵਾਸਤੇ 100 ਰੁਪਏ ਪ੍ਰਤੀ ਵਿਅਕਤੀ ਦੀ ਵੱਖਰੀ ਟਿਕਟ ਲੈਣੀ ਪਵੇਗੀ। ਦੂਜੇ ਪਾਸੇ ਲਾਇਨ ਸਫਾਰੀ ’ਚ ਬਿਨਾਂ ਰਜਿਸਟ੍ਰੇਸ਼ਨ ਨੰਬਰ ਵਾਲੀਆਂ ਗੱਡੀਆਂ ਚੱਲਣ ਦੇ ਦੋਸ਼ਾਂ ਨੇ ਸੈਲਾਨੀਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ: 1 ਮਹੀਨੇ ਬਾਅਦ ਚਮਕ ਜਾਵੇਗੀ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ
ਸੈਲਾਨੀਆਂ ਦਾ ਦਾਅਵਾ ਹੈ ਕਿ ਕਰੀਬ 50 ਫ਼ੀਸਦੀ ਲੋਕ ਟਿਕਟ ਕਾਊਂਟਰ ’ਤੇ ਇਸ ਭੁਲੇਖੇ ਦਾ ਸ਼ਿਕਾਰ ਹੋ ਰਹੇ ਹਨ। ਮੁੱਖ ਗੇਟ ’ਤੇ ਲਾਇਨ ਸਫਾਰੀ ਦਾ ਟਿਕਟ ਕਾਊਂਟਰ ਹੋਣ ਕਾਰਨ ਲੋਕ ਇਸ ਨੂੰ ਆਮ ਐਂਟਰੀ ਕਾਊਂਟਰ ਸਮਝ ਲੈਂਦੇ ਹਨ। ਟਿਕਟ ਖਰੀਦਣ ਤੋਂ ਬਾਅਦ ਜਦੋਂ ਉਹ ਚਿੜੀਆਘਰ ਅੰਦਰ ਜਾਣ ਲੱਗਦੇ ਹਨ ਤਾਂ ਉਨ੍ਹਾਂ ਨੂੰ ਵੱਖਰੀ ਟਿਕਟ ਲੈਣ ਲਈ ਕਿਹਾ ਜਾਂਦਾ ਹੈ। ਅਜਿਹੇ ’ਚ ਪਰਿਵਾਰਾਂ ਨੂੰ ਪਹਿਲਾਂ ਖਰੀਦੀ ਟਿਕਟ ਤੋਂ ਇਲਾਵਾ ਐਂਟਰੀ ਲਈ ਵੀ ਪੈਸੇ ਖਰਚਣੇ ਪੈਂਦੇ ਹਨ। ਸੈਲਾਨੀਆਂ ਦਾ ਸਵਾਲ ਹੈ ਕਿ ਇਹ ਸਮੱਸਿਆ ਲਗਾਤਾਰ ਸਾਹਮਣੇ ਆ ਰਹੀ ਹੈ ਤਾਂ ਟਿਕਟ ਕਾਊਂਟਰ ’ਤੇ ਸਪੱਸ਼ਟ ਜਾਣਕਾਰੀ ਕਿਉਂ ਨਹੀਂ ਦਿੱਤੀ ਜਾਂਦੀ?
ਇਹ ਵੀ ਪੜ੍ਹੋ: ‘ਗੁੱਸੇ ਅਤੇ ਸ਼ੱਕੀ ਸੁਭਾਅ’ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਦਿਲਚਸਪ ਗੱਲਾਂ
ਟਿਕਟ ਖਰੀਦਣ ਤੋਂ ਬਾਅਦ ਵੀ ਇਕ ਘੰਟਾ ਉਡੀਕ
ਬਠਿੰਡਾ ਵਾਸੀ ਬਲਬੀਰ ਸਿੰਘ, ਗੁਰਦੀਪ ਸਿੰਘ ਤੇ ਸੁਰਜੀਤ ਕੌਰ, ਯਮੁਨਾਨਗਰ ਵਾਸੀ ਮਨੋਜ ਕੁਮਾਰ ਤੇ ਸ਼ਕੁੰਤਲਾ ਰਾਣੀ, ਚੰਡੀਗੜ੍ਹ ਵਾਸੀ ਅਮਨ ਕੁਮਾਰ, ਬਲਜੀਤ ਸਿੰਘ, ਜਗਤਾਰ ਸਿੰਘ, ਹਰਜੀਤ ਕੌਰ, ਦੀਦਾਰ ਸਿੰਘ, ਗੁਰਜੰਟ ਸਿੰਘ ਤੇ ਗੁਰਦਰਸ਼ਨ ਸਮੇਤ ਕੁਲਦੀਪ ਸਿੰਘ, ਵਰੁਣ ਕੁਮਾਰ ਤੇ ਜਗਜੀਤ ਸਿੰਘ ਨੇ ਦੱਸਿਆ ਕਿ ਮੁੱਖ ਗੇਟ ਤੋਂ ਲਾਇਨ ਸਫਾਰੀ ਦੀ ਟਿਕਟ ਖਰੀਦਣ ਦੇ ਬਾਵਜੂਦ ਅੰਦਰ ਸਫਾਰੀ ਲਈ ਕਰੀਬ ਇਕ ਘੰਟਾ ਇੰਤਜ਼ਾਰ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਗੇਟ ਤੋਂ ਟਿਕਟ ਲੈਣ ਵਾਲੇ ਸੈਲਾਨੀਆਂ ਲਈ ਵੱਖਰੀਆਂ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਲੰਮੀ ਉਡੀਕ ਨਾ ਕਰਨੀ ਪਵੇ। ਸੈਲਾਨੀਆਂ ਨੇ ਦੱਸਿਆ ਕਿ ਲਾਇਨ ਸਫਾਰੀ ਕੇਂਦਰ ’ਤੇ ਪਹੁੰਚਣ ਤੋਂ ਬਾਅਦ ਭੀੜ ਤੇ ਲੰਮੀ ਉਡੀਕ ਕਾਰਨ ਕਈ ਲੋਕ ਸਫਾਰੀ ਕਰਨ ਦਾ ਇਰਾਦਾ ਬਦਲ ਲੈਂਦੇ ਹਨ ਪਰ ਉਨ੍ਹਾਂ ਨੂੰ ਟਿਕਟ ਦੇ ਪੈਸੇ ਵਾਪਸ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ। ਅਜਿਹੇ ’ਚ ਸੈਲਾਨੀਆਂ ਕੋਲ ਜਾਂ ਤਾਂ ਲੰਮੀ ਉਡੀਕ ਕਰਨ ਜਾਂ ਆਪਣੀ ਟਿਕਟ ਦੀ ਰਕਮ ਛੱਡਣ ਤੋਂ ਇਲਾਵਾ ਕੋਈ ਰਾਹ ਨਹੀਂ ਬਚਦਾ। ਲੋਕਾਂ ਦਾ ਕਹਿਣਾ ਹੈ ਕਿ ਸੇਵਾ ਲੈਣ ’ਚ ਬਹੁਤ ਜ਼ਿਆਦਾ ਦੇਰੀ ਹੋ ਰਹੀ ਹੈ ਤਾਂ ਰਿਫੰਡ ਦੀ ਵਿਵਸਥਾ ਵੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਜਿਊਲਰੀ ਸ਼ੋਅਰੂਮ 'ਚ ਲੁੱਟ ਦੀ ਵੱਡੀ ਵਾਰਦਾਤ! 10 ਕਰੋੜ ਦੇ ਗਹਿਣੇ ਲੈ ਉੱਡੇ ਚੋਰ
ਬਿਨਾਂ ਨੰਬਰ ਵਾਲੀਆਂ ਗੱਡੀਆਂ ’ਚ ਸਫਾਰੀ, ਬੀਮੇ ’ਤੇ ਵੀ ਸਵਾਲ
ਟਿਕਟਾਂ ਦੀ ਪ੍ਰੇਸ਼ਾਨੀ ਦੇ ਨਾਲ ਲਾਇਨ ਸਫਾਰੀ ’ਚ ਚੱਲ ਰਹੀਆਂ ਗੱਡੀਆਂ ਨੂੰ ਲੈ ਕੇ ਵੀ ਗੰਭੀਰ ਇਤਰਾਜ਼ ਸਾਹਮਣੇ ਆਏ ਹਨ। ਸੈਲਾਨੀਆਂ ਨੇ ਦੋਸ਼ ਲਾਇਆ ਕਿ ਸਫਾਰੀ ਲਈ ਵਰਤੀਆਂ ਜਾ ਰਹੀਆਂ ਕੁਝ ਗੱਡੀਆਂ ’ਤੇ ਰਜਿਸਟ੍ਰੇਸ਼ਨ ਨੰਬਰ ਤੱਕ ਨਹੀਂ ਲੱਗੇ। ਇਸ ਕਾਰਨ ਉਨ੍ਹਾਂ ਦੇ ਰਜਿਸਟ੍ਰੇਸ਼ਨ, ਬੀਮੇ ਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਨੂੰ ਲੈ ਕੇ ਸ਼ੱਕ ਪੈਦਾ ਹੋ ਰਿਹਾ ਹੈ। ਚਿੜੀਆਘਰ ਦੇ ਇਕ ਸੇਵਾਮੁਕਤ ਮੁਲਾਜ਼ਮ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦਾਅਵਾ ਕੀਤਾ ਕਿ ਨਿਯਮਾਂ ਅਨੁਸਾਰ ਨਵੇਂ ਠੇਕੇਦਾਰ ਨੂੰ ਇਕ ਮਹੀਨੇ ਅੰਦਰ ਗੱਡੀਆਂ ਦੀਆਂ ਆਰ.ਸੀ. ਤੇ ਬੀਮੇ ਦੇ ਦਸਤਾਵੇਜ਼ ਪ੍ਰਬੰਧਕਾਂ ਕੋਲ ਜਮ੍ਹਾਂ ਕਰਵਾਉਣੇ ਹੁੰਦੇ ਹਨ ਪਰ ਇੱਥੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਬਿਨਾਂ ਨੰਬਰ ਵਾਲੀਆਂ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਸ ਮਾਮਲੇ ਨੇ ਪ੍ਰਬੰਧਕਾਂ ਦੀ ਨਿਗਰਾਨੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਫਾਰੀ ਦੌਰਾਨ ਕੋਈ ਹਾਦਸਾ ਵਾਪਰਦਾ ਹੈ ਤੇ ਸਬੰਧਤ ਗੱਡੀ ਦਾ ਬੀਮਾ ਨਹੀਂ ਹੁੰਦਾ ਤਾਂ ਪੀੜਤਾਂ ਨੂੰ ਮੁਆਵਜ਼ਾ ਕੌਣ ਦੇਵੇਗਾ?
ਅਧਿਕਾਰੀ ਬੋਲੇ, ਸਮੱਸਿਆ ਦਾ ਹੱਲ ਕੱਢਿਆ ਜਾਵੇਗਾ
ਛੱਤਬੀੜ ਚਿੜੀਆਘਰ ਦੇ ਰੇਂਜ ਅਫ਼ਸਰ ਗਗਨ ਕੁਮਾਰ ਨੇ ਕਿਹਾ ਕਿ ਸ਼ਨੀਵਾਰ ਤੇ ਐਤਵਾਰ ਨੂੰ ਸੈਲਾਨੀਆਂ ਦੀ ਗਿਣਤੀ ਵੱਧ ਹੋਣ ਕਾਰਨ ਟਿਕਟਾਂ ਸਬੰਧੀ ਭੁਲੇਖਾ ਪੈ ਸਕਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਗੱਡੀਆਂ ਦੀਆਂ ਆਰ.ਸੀ. ਤੇ ਬੀਮੇ ਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਠੇਕੇਦਾਰ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।
ਇਹ ਵੀ ਪੜ੍ਹੋ: ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ, ਮਸ਼ੀਨ ਨਾਲ ਗਿਣਨੇ ਪੈਣਗੇ ਪੈਸੇ! ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
