2 ਫਲੈਟਸ ਦੇ ਸੌਦਿਆਂ ’ਚ ਧੋਖਾਦੇਹੀ ਕਰਨ ’ਤੇ 3 ਨਾਮਜ਼ਦ

Sunday, Jun 17, 2018 - 12:00 AM (IST)

2 ਫਲੈਟਸ ਦੇ ਸੌਦਿਆਂ ’ਚ ਧੋਖਾਦੇਹੀ ਕਰਨ ’ਤੇ 3 ਨਾਮਜ਼ਦ

ਅਬੋਹਰ(ਸੁਨੀਲ)–ਅਬੋਹਰ ਵਾਸੀ ਪ੍ਰਾਪਰਟੀ ਡੀਲਰ ਦੀ ਪਤਨੀ  ਦੇ ਬਿਆਨਾਂ ’ਤੇ ਉਸ ਦੇ ਪਤੀ ਦੇ ਨਾਲ ਜੀਰਕਪੁਰ  (ਮੋਹਾਲੀ) ’ਚ 2 ਫਲੈਟਸ ਦੇ ਵੱਖ-ਵੱਖ ਸੌਦਿਆਂ ’ਚ ਲੱਖਾਂ ਰੁਪਏ ਦੀ ਧੋਖਾਦੇਹੀ ਕਰਨ ਦੇ ਮਾਮਲੇ ’ਚ ਪਤਾ-ਪਤਨੀ ਪੰਚਕੂਲਾ (ਹਰਿਆਣਾ) ਵਾਸੀ ਤੇ ਉਨ੍ਹਾਂ ਦੇ ਪੁੱਤਰ ਦੇ ਵਿਰੁੱਧ ਨਗਰ ਥਾਣਾ ਨੰਬਰ 1 ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ  ਹੈ। ਮਾਮਲੇ ਦੀ ਜਾਂਚ ਸਹਾਇਕ ਸਬ- ਇੰਸਪੈਕਟਰ ਗੁਰਨਾਮ ਸਿੰਘ ਕਰ ਰਹੇ ਹਨ। ਨਗਰ ਥਾਣਾ ਨੰਬਰ  1 ਦੇ ਮੁਖੀ ਪਰਮਜੀਤ ਕੁਮਾਰ  ਮੁਤਾਬਕ ਗਲੀ ਨੰਬਰ 15-ਬੀ ਵਾਸੀ ਅੰਜੂ ਸੇਤੀਆ ਪਤਨੀ ਰਾਜ ਕੁਮਾਰ ਸੇਤੀਆ ਨੇ 17 ਮਈ 2017 ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪਤੀ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਅੰਜੂ ਸੇਤੀਆ ਮੁਤਾਬਕ ਉਸ ਦੇ ਪਤੀ ਨੇ ਪੰਚਕੂਲਾ ਵਾਸੀ ਕਰਮਜੀਤ ਕਲਸੀ ਪੁੱਤਰ ਸਰਬਚਨ ਕਲਸੀ, ਉਸ ਦੀ ਪਤਨੀ ਪ੍ਰੀਤ ਕਲਸੀ ਤੇ ਪੁੱਤਰ ਗੁਰਿੰਦਰ ਕਲਸੀ  ਦੇ ਨਾਲ ਪਿੰਡ ਢਕੋਲੀ ਜੀਰਕਪੁਰ ਵਿਖੇ ਇਕ ਇਮਾਰਤ ਦੀ ਪਹਿਲੀ ਮੰਜ਼ਿਲ ਵਾਲੇ ਫਲੈਟ ਦੇ ਸੌਦੇ ਦਾ ਇਕਰਾਰਨਾਮਾ ਕਰ ਕੇ 55 ਲੱਖ ਰੁਪਏ ’ਚ ਆਪਣੇ ਜੀਜੇ ਜਗਨਾਥ ਪੁੱਤਰ ਹੰਸਰਾਜ ਦੇ ਨਾਂ ਕਰਵਾ ਕੇ 35 ਲੱਖ ਰੁਪਏ ਪੇਸ਼ਗੀ ਦੇ ਤੌਰ ’ਤੇ ਦੇ ਦਿੱਤੇ ਸਨ, ਜਦਕਿ ਦੂਜੀ ਮੰਜ਼ਿਲ ਦੇ ਫਲੈਟ ਦਾ ਸੌਦਾ ਅੰਜੂ ਸੇਤੀਆ ਅਤੇ ਸਾਲੇ ਮੰਗਤ ਗਰੋਵਰ ਦੇ ਨਾਂ 45 ਲੱਖ ਰੁਪਏ ’ਚ ਕਰਵਾ ਕੇ 11.50 ਲੱਖ ਰੁਪਏ ਪੇਸ਼ਗੀ ਦਾ  ਭੁਗਤਾਨ ਕਰ ਦਿੱਤਾ ਸਨ। ਦੋਸ਼ ਮੁਤਾਬਕ ਨਾ ਤਾਂ ਦੋਵਾਂ ਫਲੈਟਸ ਦੀ ਰਜਿਸਟਰੀ ਕਰਵਾਈ ਗਈ ਅਤੇ  ਉਕਤ ਤਿੰਨਾਂ  ਨੇ ਦੋਵਾਂ ਫਲੈਟਸ ’ਤੇ ਬੈਂਕ ਤੋਂ ਕਰਜ਼ਾ ਵੀ ਲੈ ਰੱਖਿਆ ਹੈ। ਸ਼ਿਕਾਇਤਕਰਤਾ ਦੇ ਨਾਲ 46.50 ਲੱਖ ਰੁਪਏ ਦੀ ਧੋਖਾਦੇਹੀ ਹੋਈ ਹੈ। ਕਰਮਜੀਤ ਕਲਸੀ, ਪ੍ਰੀਤ ਕਲਸੀ ਤੇ ਗੁਰਿੰਦਰ ਕਲਸੀ ਦੇ ਵਿਰੁੱਧ ਨਗਰ ਥਾਣਾ ਨੰਬਰ  1 ’ਚ  ਮਾਮਲਾ ਦਰਜ ਕੀਤਾ ਗਿਆ ਹੈ।  
 


Related News