ਸਨਮਾਨਿਤ ਸਰਪੰਚ ਵੱਲੋਂ ਗ੍ਰਾਂਟਾਂ ''ਚ ਘਪਲੇਬਾਜ਼ੀ

10/29/2017 4:21:37 AM

ਭੋਗਪੁਰ(ਅਰੋੜਾ)— ਪਿੰਡ ਭਟਨੂਰਾ ਲੁਬਾਣਾ ਦੇ ਸਰਕਾਰ ਵੱਲੋਂ ਐਵਾਰਡ ਹਾਸਲ ਕਰ ਚੁੱਕੇ ਸਰਪੰਚ ਹਰੀ ਪ੍ਰਕਾਸ਼ ਵਿਰੁੱਧ ਸਰਕਾਰ ਵੱਲੋਂ ਜਾਰੀ ਕੀਤੀਆਂ ਗ੍ਰਾਂਟਾਂ ਵਿਚ ਘਪਲੇਬਾਜ਼ੀ ਕਰਨ ਦੇ ਦੋਸ਼ ਹੇਠ ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਇਕਬਾਲਜੀਤ ਸਿੰਘ ਨੇ ਕਾਰਵਾਈ ਕਰਨ ਬਾਰੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਸਿਫਾਰਿਸ਼ ਕੀਤੀ ਹੈ। ਪਿੰਡ ਵਾਸੀ ਬਲਦੇਵ ਸਿੰਘ ਪੁੱਤਰ ਧਰਮਪਾਲ ਨੇ ਸਰਪੰਚ ਖਿਲਾਫ ਵਿਕਾਸ ਦੇ ਕੰਮਾਂ ਵਿਚ ਕੀਤੀਆਂ ਗਈਆਂ ਬੇਨਿਯਮੀਆਂ ਤੇ ਘਪਲੇਬਾਜ਼ੀਆਂ ਸਬੰਧੀ ਸ਼ਿਕਾਇਤ ਕੀਤੀ ਸੀ। ਸ਼ਿਕਾਇਤਕਰਤਾ ਨੇ ਸਰਪੰਚ ਵਿਰੁੱਧ ਕਈ ਇਲਜ਼ਾਮ ਲਾਏ ਸਨ। ਸਰਪੰਚ 'ਤੇ ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਕਰੀਬ 12-13 ਲੱਖ ਰੁਪਏ ਇਕੱਠੀ ਕੀਤੀ ਜੁਰਮਾਨੇ ਦੀ ਰਕਮ ਨੂੰ ਪੰਚਾਇਤ ਦੇ ਖਾਤੇ ਵਿਚ ਜਮ੍ਹਾ ਨਹੀਂ ਕਰਵਾਇਆ ਤੇ ਆਪਣੀ ਪਾਵਰ ਦਾ ਦੁਰਉਪਯੋਗ ਕੀਤਾ। ਇਸ ਤੋਂ ਇਲਾਵਾ ਮਨਰੇਗਾ, ਜੰਞ ਘਰ ਦੀ ਗ੍ਰਾਂਟ, ਗਲੀਆਂ-ਨਾਲੀਆਂ ਤੇ ਗੰਦੇ ਪਾਣੀ ਦੇ ਨਿਕਾਸ ਲਈ ਮਿਲੀਆਂ ਗ੍ਰਾਂਟਾਂ ਸਮੇਤ ਕਈ ਵਿਕਾਸ ਦੇ ਕੰਮਾਂ ਲਈ ਪ੍ਰਾਪਤ ਗ੍ਰਾਂਟਾਂ ਵਿਚ ਘਪਲੇਬਾਜ਼ੀ ਦੇ ਦੋਸ਼ ਲਾਏ ਸਨ। ਸਰਪੰਚ ਖਿਲਾਫ ਕੀਤੀ ਗਈ ਸ਼ਿਕਾਇਤ ਦੀ ਡੀ. ਡੀ. ਪੀ. ਓ.  ਜਲੰਧਰ ਵੱਲੋਂ ਗੰਭੀਰਤਾ ਨਾਲ ਪੜਤਾਲ ਕੀਤੀ ਗਈ। ਉਨ੍ਹਾਂ ਨੇ ਡਾਇਰੈਕਟਰ ਨੂੰ ਭੇਜੀ ਗਈ ਰਿਪੋਰਟ ਵਿਚ ਲਿਖਿਆ ਹੈ ਕਿ ਰਿਕਾਰਡ ਦੀ ਘੋਖ-ਪੜਤਾਲ ਕਰਨ 'ਤੇ ਪਾਇਆ ਗਿਆ ਕਿ ਪਿੰਡ ਦੇ ਸਰਪੰਚ ਨੇ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਜਾਰੀ ਕੀਤੀਆਂ ਗ੍ਰਾਂਟਾਂ ਵਿਚ ਬੇਨਿਯਮੀਆਂ ਤੇ ਘਪਲੇਬਾਜ਼ੀ ਕੀਤੀ ਹੈ। ਇਸ ਤੋਂ ਇਲਾਵਾ ਸਰਪੰਚ ਨੇ ਮੰਨਿਆ ਕਿ ਪਿੰਡ ਦੇ ਵਿਅਕਤੀਆਂ ਨੂੰ ਕੀਤੇ ਗਏ ਜੁਰਮਾਨਿਆਂ ਦੀ 12-13 ਲੱਖ ਰੁਪਏ ਦੀ ਰਾਸ਼ੀ ਨੂੰ ਪੰਚਾਇਤ ਦੇ ਖਾਤੇ ਵਿਚ ਜਮ੍ਹਾ ਨਹੀਂ ਕਰਵਾਇਆ ਗਿਆ। ਰਿਪੋਰਟ ਵਿਚ ਲਿਖਿਆ ਗਿਆ ਹੈ ਕਿ ਸਰਪੰਚ ਵੱਲੋਂ ਛੱਪੜ ਦੀ ਖੋਦਾਈ ਸਮੇਂ 1 ਲੱਖ ਦਾ ਨਾਜਾਇਜ਼ ਖਰਚਾ ਦਰਸਾਇਆ ਗਿਆ ਹੈ। ਡੀ. ਡੀ. ਪੀ. ਓ. ਨੇ ਰਿਪੋਰਟ ਵਿਚ ਇਹ ਵੀ ਲਿਖਿਆ ਹੈ ਕਿ ਸਰਪੰਚ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ ਤੇ ਉਸਦਾ ਅਹੁਦੇ 'ਤੇ ਬਣੇ ਰਹਿਣਾ ਲੋਕ ਹਿੱਤ ਵਿਚ ਨਹੀਂ ਹੈ। ਉਨ੍ਹਾਂ ਨੇ ਪੰਜਾਬ ਪੰਚਾਇਤੀ ਰਾਜ ਐਕਟ ਦੀ ਧਾਰਾ ਅਧੀਨ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ। 


Related News