ਨਾਜਾਇਜ਼ ਸਬੰਧ ਬਣਾਉਣ ਦੇ ਝੂਠੇ ਮੁਕੱਦਮੇ ''ਚ ਫਸਾ ਕੇ ਠੱਗੇ ਪੈਸੇ

Thursday, Oct 05, 2017 - 01:34 AM (IST)

ਨਾਜਾਇਜ਼ ਸਬੰਧ ਬਣਾਉਣ ਦੇ ਝੂਠੇ ਮੁਕੱਦਮੇ ''ਚ ਫਸਾ ਕੇ ਠੱਗੇ ਪੈਸੇ

ਅਬੋਹਰ(ਸੁਨੀਲ, ਰਹੇਜਾ)-ਪਿੰਡ ਅਮਰਪੁਰਾ ਵਾਸੀ ਇਕ ਲੜਕੀ ਨੂੰ ਕਿਸੇ ਨੌਜਵਾਨ ਨਾਲ ਨਾਜਾਇਜ਼ ਸਬੰਧ ਬਣਾਉਣ ਲਈ ਮਜਬੂਰ ਕਰਨ ਤੇ ਉਸ ਨੂੰ ਝੂਠੇ ਮੁਕੱਦਮੇ ਵਿਚ ਫਸਾ ਕੇ ਪੈਸੇ ਠੱਗਣ 'ਤੇ ਪੁਲਸ ਨੇ ਦੋ ਮਹਿਲਾਵਾਂ ਸਮੇਤ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਫਾਜ਼ਿਲਕਾ ਦੇ ਪਿੰਡ ਚੱਕਰ ਵਾਲੀ ਝੁੱਗੇ ਵਾਸੀ ਸਿਮਰਨ ਪਤਨੀ ਸੋਨੂੰ ਨੇ ਕੁਝ ਸਮਾਂ ਪਹਿਲਾਂ ਉਸ ਨੂੰ ਪਾਰਲਰ ਦਾ ਸਾਮਾਨ ਦਿਵਾਇਆ ਸੀ, ਜਿਸ ਕਾਰਨ ਉਸ ਦੀ ਸਿਮਰਨ ਨਾਲ ਜਾਣ-ਪਛਾਣ ਸੀ। 27 ਸਤੰਬਰ ਨੂੰ ਸਿਮਰਨ ਕਿਸੇ ਲੜਕੇ ਨਾਲ ਮਿਲਣ ਦੇ ਬਹਾਨੇ ਉਸ ਨੂੰ ਆਪਣੇ ਨਾਲ ਅਬੋਹਰ ਲੈ ਆਈ। ਦੋਸ਼ ਮੁਤਾਬਿਕ ਸਿਮਰਨ ਨੇ ਉਸ 'ਤੇ ਦਬਾਅ ਪਾ ਕੇ ਉਸ ਨੂੰ ਉਥੇ ਮੌਜੂਦ ਗਗਨ ਨਾਮਕ ਨੌਜਵਾਨ ਦੇ ਨਾਲ ਸਰੀਰਿਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਅਤੇ ਬਾਅਦ ਵਿਚ ਕਿਹਾ ਕਿ ਉਹ ਉਕਤ ਨੌਜਵਾਨ ਖਿਲਾਫ ਥਾਣੇ ਵਿਚ ਸ਼ਿਕਾਇਤ ਕਰਵਾ ਕੇ ਉਸ ਤੋਂ ਪੈਸੇ ਲੈ ਲਵੇਗੀ। ਪੀੜਤਾ ਨੇ ਦੱਸਿਆ ਕਿ ਸਿਮਰਨ, ਪਿੰਡ ਲਾਧੁਕਾ ਵਾਸੀ ਰਾਜ ਸਿੰਘ ਪੁੱਤਰ ਮਿਲਖ ਸਿੰਘ ਤੇ ਉਸ ਦੀ ਪਤਨੀ ਨੇ ਇਕ ਗਿਰੋਹ ਬਣਾਇਆ ਹੋਈਆ ਹੈ, ਜਿਹੜਾ ਕਿ ਲੜਕੀਆਂ ਨੂੰ ਵਰਗਲਾ ਕੇ ਪਹਿਲਾਂ ਉਨ੍ਹਾਂ ਨੂੰ ਕਿਸੇ ਨੌਜਵਾਨ ਨਾਲ ਸਬੰਧ ਬਣਾਉਣ ਲਈ ਮਜਬੂਰ ਕਰਦਾ ਹੈ ਅਤੇ ਬਾਅਦ ਵਿਚ ਉਨ੍ਹਾਂ ਨੂੰ ਬਲੈਕਮੇਲ ਕਰਦਾ ਹੈ। ਉਸ ਨੇ ਇਸ ਗੱਲ ਦੀ ਸ਼ਿਕਾਇਤ ਸਿਟੀ 1 ਪੁਲਸ ਨੂੰ ਦਿੱਤੀ, ਜਿਸ 'ਤੇ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਸਿਮਰਨ, ਰਾਜ ਸਿੰਘ ਤੇ ਉਸ ਦੀ ਪਤਨੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News