ਸਰਕਾਰ ਨੂੰ ਟੈਕਸ ਚੋਰੀ ਨਾਲ ਲਾਇਆ ਕਰੋੜਾਂ ਦਾ ਚੂਨਾ

Tuesday, Sep 12, 2017 - 07:02 AM (IST)

ਸਰਕਾਰ ਨੂੰ ਟੈਕਸ ਚੋਰੀ ਨਾਲ ਲਾਇਆ ਕਰੋੜਾਂ ਦਾ ਚੂਨਾ

ਮੰਡੀ ਗੋਬਿੰਦਗੜ੍ਹ(ਮੱਗੋ)-ਸਥਾਨਕ ਪੁਲਸ ਨੇ ਇਕ ਸ਼ਿਕਾਇਤ ਦੇ ਆਧਾਰ 'ਤੇ 2 ਸਕੇ ਭਰਾਵਾਂ ਸਮੇਤ ਕੁੱਲ 4 ਲੋਕਾਂ 'ਤੇ ਸਰਕਾਰ ਨੂੰ ਟੈਕਸ ਚੋਰੀ ਰਾਹੀਂ ਕਰੋੜਾਂ ਰੁਪਏ ਦਾ ਚੂਨਾ ਲਾਉਣ ਦੇ ਦੋਸ਼ 'ਚ ਮੁਕੱਦਮਾ ਦਰਜ ਕੀਤਾ ਹੈ, ਜਦਕਿ ਦੋਸ਼ੀ ਹਾਲੇ ਪੁਲਸ ਦੀ ਪਕੜ ਤੋਂ ਬਾਹਰ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਮਦਨ ਮੋਹਨ ਪੁੱਤਰ ਜਗਦੀਸ਼ ਲਾਲ ਨਿਵਾਸੀ ਮੰਡੀ ਗੋਬਿੰਦਗੜ੍ਹ ਵੱਲੋਂ ਇਕ ਸ਼ਿਕਾਇਤ ਨੰਬਰ 142-ਓ. ਪੀ. 4 ਮਾਰਚ, 2017 ਜ਼ਿਲਾ ਪੁਲਸ ਪ੍ਰਮੁੱਖ ਫਤਿਹਗੜ੍ਹ ਸਾਹਿਬ ਨੂੰ ਆਮ ਡਾਕ ਰਾਹੀਂ ਭੇਜੀ ਗਈ ਸੀ, ਜਿਸ 'ਚ ਉਸ ਨੇ ਦੋਸ਼ ਲਾਇਆ ਸੀ ਕਿ ਅਮਿਤ ਬਾਂਸਲ, ਪੁਨੀਤ ਬਾਂਸਲ ਦੋਵੇਂ ਪੁੱਤਰ ਅਸ਼ਵਨੀ ਬਾਂਸਲ, ਮੁਨੀਸ਼ ਗਰਗ ਉਰਫ ਰਿੱਕੀ ਪੁੱਤਰ ਬਲਦੇਵ ਗਰਗ ਅਤੇ ਜਤਿੰਦਰ ਕੁਮਾਰ ਪੁੱਤਰ ਟੋਨੀ ਸਮੁੱਚੇ ਨਿਵਾਸੀ ਮੰਡੀ ਗੋਬਿੰਦਗੜ੍ਹ 'ਤੇ ਜਾਅਲੀ ਬਿੱਲ ਅਤੇ ਬਿਲਟੀ ਤਿਆਰ ਕਰ ਕੇ ਲੋਹਾ ਨਗਰੀ ਤੋਂ ਲੋਹੇ ਦੇ ਤਿਆਰ ਮਾਲ ਨੂੰ ਪੰਜਾਬ 'ਚੋਂ ਬਾਹਰ ਭੇਜਦੇ ਹਨ। ਮਦਨ ਮੋਹਨ ਦਾ ਦੋਸ਼ ਸੀ ਕਿ ਇਹ ਲੋਕ ਪੰਜਾਬ ਦੇ ਸੇਲ ਟੈਕਸ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਅਜਿਹੀਆਂ ਫਰਮਾਂ ਦੇ ਜਾਅਲੀ ਬਿੱਲ ਅਤੇ ਬਿਲਟੀ ਤਿਆਰ ਕਰਦੇ ਸੀ, ਜੋ ਕਿ ਕੈਂਸਲ ਹੋ ਚੁੱਕੀ ਹੈ, ਜਿਸ ਨਾਲ ਸਰਕਾਰ ਨੂੰ ਕਿਸੇ ਵੀ ਮਾਲ ਦਾ ਕੋਈ ਟੈਕਸ ਨਹੀਂ ਭਰਵਾਇਆ ਜਾ ਰਿਹਾ। ਉਨ੍ਹਾਂ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਕਿ ਇਹ ਲੋਕ ਜ਼ਿਲਾ ਫਤਿਹਗੜ੍ਹ ਸਾਹਿਬ, ਜ਼ਿਲਾ ਪਟਿਆਲਾ ਦੇ ਇਨਫਾਰਮੇਸ਼ਨ ਕੁਲੈਕਸ਼ਨ ਸੈਂਟਰ (ਆਈ. ਸੀ. ਸੀ.) ਦੇਵੀਗੜ੍ਹ ਅਤੇ ਆਈ. ਸੀ. ਸੀ. ਰਾਮ ਨਗਰ ਤੋਂ ਮਾਲ ਨਾਲ ਭਰੇ ਟਰੱਕ ਕੱਢਦੇ ਹਨ, ਜਿਸ 'ਚ ਇਨ੍ਹਾਂ ਆਈ. ਸੀ. ਸੀ. ਬੈਰੀਅਰਾਂ ਦੇ ਅਧਿਕਾਰੀਆਂ ਦੇ ਵੀ ਮਿਲੇ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਇਨ੍ਹਾਂ ਲੋਕਾਂ ਵੱਲੋਂ ਇਸਤੇਮਾਲ ਕੀਤੀ ਗਈ ਆਰ. ਐੱਸ. ਫਾਊਂਡਰੀ, ਕੇ. ਜੇ. ਮਲਟੀਮੈਟਲ, ਐੱਮ. ਕੇ. ਆਇਰਨ, ਲੱਕੀ ਫੈਬਰੀਕੇਟਸ, ਬੀ. ਐੱਸ. ਅਰੋੜਾ ਆਦਿ ਹਨ। ਮਦਨ ਮੋਹਨ ਦਾ ਦਾਅਵਾ ਹੈ ਕਿ ਉਹ ਇਸ ਸਬੰਧੀ ਕਈ ਵਾਰ ਇਨ੍ਹਾਂ ਫਰਮਾਂ ਦੀ ਜਾਂਚ ਲਈ ਕਰੋੜਾਂ ਰੁਪਏ ਦੇ ਟੈਕਸ ਚੋਰੀ ਦੀ ਲਿਖਤੀ ਸ਼ਿਕਾਇਤ ਮੋਬਾਇਲ ਵਿੰਗ, ਜ਼ਿਲਾ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦੇ ਅਧਿਕਾਰੀਆਂ ਅਤੇ ਆਈ. ਸੀ. ਸੀ. 'ਤੇ ਦੇ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਹਾਲੇ ਵੀ ਇਹ ਲੋਕ 2 ਨਵੀਆਂ ਫਰਮਾਂ ਰਾਹੀਂ ਆਪਣਾ ਗੋਰਖ ਧੰਦਾ ਚਲਾ ਰਹੇ ਹਨ। ਇਹ ਲੋਕ ਮਾਰਕੀਟ ਰੇਟ ਤੋਂ ਕਿਤੇ ਘੱਟ ਰੇਟ 'ਤੇ ਨਾਗਪੁਰ ਦੀ ਬਿੱਲ ਅਤੇ ਬਿਲਟੀ ਤਿਆਰ ਕਰ ਕੇ ਟੈਕਸ ਦੀ ਚੋਰੀ ਕਰਦੇ ਹਨ, ਜਦਕਿ ਸਾਰਾ ਮਾਲ ਦਿੱਲੀ ਜਾਂਦਾ ਹੈ। ਇਹ ਲੋਕ ਸਿਰਫ 4 ਮਹੀਨੇ 'ਚ ਹੀ ਕਰੀਬ 40-40 ਕਰੋੜ ਦਾ ਮਾਲ ਸੂਬੇ 'ਚੋਂ ਬਾਹਰ ਭੇਜ ਚੁੱਕੇ ਹਨ, ਜਦਕਿ ਇਨ੍ਹਾਂ ਦੀ ਕੁੱਲ ਖਰੀਦ 15 ਲੱਖ ਵੀ ਨਹੀਂ ਹੈ। ਮਦਨ ਮੋਹਨ ਨੇ ਮੰਗ ਕੀਤੀ ਕਿ ਇਸ ਸਾਰੇ ਕੰਮ ਲਈ ਜਿਨ੍ਹਾਂ ਟਰੱਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਦੇ ਚਾਲਕਾਂ ਅਤੇ ਮਾਲਕਾਂ ਨੂੰ ਵੀ ਇਸ ਮਾਮਲੇ ਦੀ ਜਾਂਚ 'ਚ ਸ਼ਾਮਲ ਕੀਤਾ ਜਾ ਸਕਦਾ ਹੈ।
ਕੀ ਕੀਤੀ ਪੁਲਸ ਨੇ ਕਾਰਵਾਈ 
ਜ਼ਿਲਾ ਪੁਲਸ ਪ੍ਰਮੁੱਖ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਦਾ ਜ਼ਿੰਮਾ ਡੀ. ਐੱਸ. ਪੀ. (ਜਾਂਚ) ਦੇ ਹਵਾਲੇ ਕੀਤਾ, ਜਿਸ 'ਤੇ ਡੀ. ਐੱਸ. ਪੀ. (ਜਾਂਚ) ਨੇ ਇਸ ਮਾਮਲੇ ਦੀ ਜਾਂਚ ਰਿਪੋਰਟ 'ਚ ਪਾਇਆ ਕਿ ਮਦਨ ਮੋਹਨ ਵੱਲੋਂ ਆਪਣੀ ਸ਼ਿਕਾਇਤ 'ਚ ਦੱਸੀ ਗਈ ਕੇ. ਜੇ. ਮਲਟੀਮੈਟਲਜ਼ ਫਰਮ ਦੇ ਮਾਲਕ ਸੰਵਲਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ, ਨਿਵਾਸੀ ਮਕਾਨ ਨੰਬਰ 187, ਸੈਕਟਰ 4 ਡੀ. ਮੰਡੀ ਗੋਬਿੰਦਗੜ੍ਹ ਨੇ 1 ਅਪ੍ਰੈਲ, 2015 ਤੋਂ 6 ਅਪ੍ਰੈਲ, 2017 ਤੱਕ 34 ਕਰੋੜ, 74 ਲੱਖ, 38 ਹਜ਼ਾਰ 834 ਦਾ ਮਾਲ ਬਾਹਰ ਭੇਜਿਆ ਹੈ, ਜਦਕਿ ਸਰਕਾਰ ਨੂੰ ਟੈਕਸ ਦੇ ਰੂਪ 'ਚ 800 ਰੁਪਏ ਹੀ ਅਦਾ ਕੀਤੇ ਹਨ। ਐੱਸ. ਕੇ. ਇੰਟਰਪ੍ਰਾਈਜ਼ਿਜ਼ ਦੇ ਮਾਲਕ ਚੇਤਨ ਵਰਮਾ ਪੁੱਤਰ ਓਮ ਪ੍ਰਕਾਸ਼ ਵਰਮਾ ਨਿਵਾਸੀ ਵਾਰਡ ਨੰ 5, ਜੀ. ਟੀ. ਬੀ. ਨਗਰ, ਖੰਨਾ ਨੂੰ ਜਾਂਚ 'ਚ ਸ਼ਾਮਲ ਕਰ ਕੇ ਪਤਾ ਚੱਲਿਆ ਕਿ ਇਸ ਫਰਮ 'ਚ ਵੀ 1 ਅਪ੍ਰੈਲ, 2015 ਤੋਂ 6 ਅਪ੍ਰੈਲ, 2017 ਤੱਕ 31 ਕਰੋੜ, 66 ਲੱਖ 32 ਹਜ਼ਾਰ 219 ਰੁਪਏ ਦਾ ਵਪਾਰ, ਆਰ. ਐੱਸ. ਫਾਊਂਡਰੀ 'ਚ ਐੱਮ. ਕੇ. ਆਇਰਨ, ਲੱਕੀ ਫੈਬਰੀਕੇਟਰਜ਼, ਬੀ. ਐੱਸ. ਅਰੋੜਾ, ਪਾਰਸ ਸਟੀਲਜ਼ ਆਦਿ ਦੀ ਜਾਂਚ ਕਰਨ ਦਾ ਯਤਨ ਕੀਤਾ ਗਿਆ ਤਾਂ ਪਾਇਆ ਗਿਆ ਕਿ ਇਨ੍ਹਾਂ ਫਰਮਾਂ 'ਚ ਵੀ ਕਰੋੜਾਂ ਰੁਪਏ ਦੀ ਟ੍ਰੇਡਿੰਗ ਤਾਂ ਹੋ ਰਹੀ ਹੈ ਪਰ ਇਨ੍ਹਾਂ ਸਮੁੱਚੀਆਂ ਫਰਮਾਂ ਦੇ ਐੱਡਰੈੱਸ ਹੀ ਉਪਲਬਧ ਨਹੀਂ ਸਨ, ਜਿਸ ਉਪਰੰਤ ਕੰਵਲਜੀਤ ਸਿੰਘ ਦੇ ਬਿਆਨ ਅਤੇ ਮਦਨ ਮੋਹਨ ਦੀ ਸ਼ਿਕਾਇਤ 'ਤੇ ਜਿਨ੍ਹਾਂ ਟਰੱਕਾਂ ਦਾ ਇਹ ਲੋਕ ਮਾਲ ਲਿਜਾਉੁਣ ਲਈ ਇਸਤੇਮਾਲ ਕਰਦੇ ਸਨ, ਦੇ ਚਾਲਕ ਪ੍ਰਦੀਪ ਸ਼ਰਮਾ ਪੁੱਤਰ ਹੰਸ ਰਾਜ, ਸੁਨੀਲ ਠਾਕੁਰ ਪੁੱਤਰ ਸੀਤਾ ਰਾਮ, ਮੁਹੰਮਦ ਅਰਗਮਨ ਪੁੱਤਰ ਰਹਿਮਾਨ ਆਦਿ ਦੇ ਬਿਆਨ ਅਤੇ ਡੀ. ਏ. ਲੀਗਲ ਫਤਿਹਗੜ੍ਹ ਸਾਹਿਬ ਦੀ ਰਿਪੋਰਟ ਦੇ ਆਧਾਰ 'ਤੇ ਪੁਲਸ ਨੇ ਅਮਿਤ ਬਾਂਸਲ, ਪੁਨੀਤ ਬਾਂਸਲ ਦੋਵੇਂ ਪੁੱਤਰ ਅਸ਼ਵਨੀ ਬਾਂਸਲ, ਮੁਨੀਸ਼ ਗਰਗ ਉਰਫ ਰਿੱਕੀ ਪੁੱਤਰ ਬਲਦੇਵ ਗਰਗ ਅਤੇ ਜਤਿੰਦਰ ਕੁਮਾਰ ਪੁੱਤਰ ਟੋਨੀ ਸਮੁੱਚੇ ਨਿਵਾਸੀ ਮੰਡੀ ਗੋਬਿੰਦਗੜ੍ਹ 'ਤੇ ਧਾਰਾ 420, 465, 468, 471 ਅਤੇ 120-ਬੀ. ਅਧੀਨ ਮਾਮਲਾ ਨੰਬਰ 189 ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਆਖਦੇ ਹਨ ਕਥਿਤ ਦੋਸ਼ੀ 
ਇਸ ਸਬੰਧੀ ਜਦੋਂ ਕਥਿਤ ਦੋਸ਼ੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਮੁੱਚੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਦੱਸਿਆ ਕਿ ਉਨ੍ਹਾਂ ਨਾ ਤਾਂ ਕਿਸੇ ਵੀ ਫਰਮ 'ਚ ਕੋਈ ਲੋਹੇ ਦਾ ਕਾਰੋਬਾਰ ਕੀਤਾ ਹੈ ਅਤੇ ਨਾ ਹੀ ਉਹ ਇਸ ਸਬੰਧੀ ਕੁੱਝ ਵੀ ਜਾਣਦੇ ਹਨ। ਇਹ ਸਭ ਉਨ੍ਹਾਂ ਨੂੰ ਫਸਾਉੁਣ ਲਈ ਇਕ ਸਾਜ਼ਿਸ਼ ਅਧੀਨ ਕੀਤਾ ਜਾ ਰਿਹਾ ਹੈ।


Related News