ਕੇਰਲ ਪੁਲਸ ਨੇ ਮੁਲਜ਼ਮ ਮੁਲੱਕਲ ਖਿਲਾਫ 100 ਪੰਨਿਆਂ ਦੀ ਚਾਰਜਸ਼ੀਟ ਕੀਤੀ ਦਾਇਰ

04/10/2019 12:48:56 PM

ਜਲੰਧਰ (ਕਮਲੇਸ਼)— ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਬੀਤੇ ਦਿਨ ਨੰਨ ਨਾਲ 13 ਵਾਰ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਜਲੰਧਰ ਦੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਖਿਲਾਫ ਕੇਰਲ ਪੁਲਸ ਨੇ ਅਦਾਲਤ 'ਚ ਚਾਰਜਸ਼ੀਟ ਦਾਇਰ ਕੀਤੀ ਹੈ। ਕੇਰਲ ਪੁਲਸ ਨੇ ਮੁਲਜ਼ਮ ਫਰੈਂਕੋ ਮੁਲੱਕਤ ਖਿਲਾਫ 100 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ 'ਚ 84 ਲੋਕਾਂ ਦੀਆਂ ਗਵਾਹੀਆਂ ਹਨ। ਮੁਲਜ਼ਮ ਮੁਲੱਕਲ ਨੂੰ ਧਾਰਾ 342, 376 (2) (ਕੇ), 376 (ਸੀ), 377 (ਗੈਰ ਕੁਦਰਤੀ ਸੈਕਸ)/506 ਦੇ ਤਹਿਤ ਚਾਰਜ ਕੀਤਾ ਗਿਆ ਹੈ। 
ਜ਼ਿਕਰਯੋਗ ਹੈ ਕਿ ਨੰਨ ਨੇ ਕੇਰਲ ਪੁਲਸ ਨੂੰ ਫਰੈਂਕੋ ਮੁਲੱਕਲ ਖਿਲਾਫ 2 ਸਾਲਾਂ 'ਚ 13 ਵਾਰ ਜਬਰ-ਜ਼ਨਾਹ ਕਰਨ ਦੀ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਕੇਰਲ ਪੁਲਸ ਨੇ ਮੁਲਜ਼ਮ ਫਰੈਂਕੋ ਮੁਲੱਕਲ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਪਰ ਫਰੈਂਕੋ ਮੁਲੱਕਲ ਦੀ ਗ੍ਰਿਫਤਾਰੀ ਵਿਚ ਕੇਰਲਪੁਲਸ ਨੇ ਕਾਫੀ ਸਮਾਂ ਲਾ ਦਿੱਤੀ ਸੀ ਜਿਸ ਕਾਰਨ ਨੰਨ ਦੇ ਸਹਿਯੋਗੀਆਂ ਨੇ ਮੁਲੱਕਲ ਦੀ ਗ੍ਰਿਫਤਾਰੀ ਲਈ ਧਰਨੇ-ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਸਨ। ਜਿਸਤੋਂ ਬਾਅਦ ਦਬਾਅ ਵਿਚ ਆ ਕੇ ਕੇਰਲ ਪੁਲਸ ਨੇ ਮੁਲਜ਼ਮ ਮੁਲੱਕਲ ਨੂੰ ਗ੍ਰਿਫਤਾਰ ਕਰ ਲਿਆ ਸੀ। ਗ੍ਰਿਫਤਾਰੀ ਤੋਂ ਪਹਿਲਾਂ ਚਰਚ ਦੇ ਦਬਾਅ ਹੇਠ ਮੁਲਜ਼ਮ ਮੁਲੱਕਲ ਨੇ ਖੁਦ ਹੀ ਬਿਸ਼ਪ ਦਾ ਅਹੁਦਾ ਛੱਡ ਦਿੱਤਾ ਸੀ। ਗ੍ਰਿਫਤਾਰੀ ਤੋਂ ਬਾਅਦ ਮੁਲੱਕਲ ਨੂੰ ਜੇਲ ਦੀ ਹਵਾ ਖਾਣੀ ਪਈ ਸੀ। ਫਿਲਹਾਲ ਮੁਲਜ਼ਮ ਮੁਲੱਕਲ ਜ਼ਮਾਨਤ 'ਤੇ ਚੱਲ ਰਿਹਾ ਸੀ। ਪੁਲਸ ਮੁਲੱਕਲ ਦੇ ਖਿਲਾਫ ਚਾਰਜਸ਼ੀਟ ਦਾਇਰ ਕਰਨ ਵਿਚ ਦੇਰ ਕਰ ਰਹੀ ਸੀ, ਜਿਸ ਕਾਰਨ ਨੰਨ ਦੇ ਸਹਿਯੋਗੀਆਂ ਦੀ ਪੁਲਸ ਦੇ ਖਿਲਾਫ ਪ੍ਰਦਰਸ਼ਨ ਕਰਨ ਦੀ ਯੋਜਨਾ ਸੀ। ਨੰਨ ਦੇ ਸਹਿਯੋਗੀਆਂ ਦਾ ਕਹਿਣਾ ਸੀ ਕਿ ਚਾਰਜਸ਼ੀਟ ਦਾਇਰ ਕਰਨ 'ਚ ਦੇਰ ਹੋਣ ਕਾਰਨ ਮੁਲਜ਼ਮ ਫਰੈਂਕੋ ਮੁਲੱਕਲ ਨੰਨ ਦੇ ਸਹਿਯੋਗੀਆਂ ਅਤੇ ਕੇਸ ਨਾਲ ਜੁੜੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਜਦੋਂ ਕਿ ਚਰਚ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ। ਕੇਰਲ ਪੁਲਸ ਦੇ ਡੀ. ਜੀ. ਪੀ. ਨੇ ਨੰਨ ਦੇ ਸਹਿਯੋਗੀਆਂ ਦੇ ਵਧਦੇ ਗੁੱਸੇ ਨੂੰ ਦੇਖਦਿਆਂ ਸ਼ੁੱਕਰਵਾਰ ਨੂੰ ਬਿਆਨ ਜਾਰੀ ਕੀਤਾ ਸੀ ਕਿ ਮੁਲਜ਼ਮ ਮੁਲੱਕਲ ਖਿਲਾਫ 9 ਅਪ੍ਰੈਲ ਨੂੰ ਚਾਰਜਸ਼ੀਟ ਦਾਖਲ ਕਰ ਦਿੱਤੀ ਜਾਵੇਗੀ। ਕੈਥੋਲਿਕ ਚਰਚ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਚਰਚ ਦੇ ਕਿਸੇ ਵੱਡੇ ਅਧਿਕਾਰੀ ਦੇ ਖਿਲਾਫ ਜਬਰ-ਜ਼ਨਾਹ ਦੇ ਮਾਮਲੇ 'ਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
ਕੇਸ ਦੇ ਮੁੱਖ ਗਵਾਹ ਦੀ ਮੌਤ, ਹੁਣ ਤੱਕ ਰਾਜ਼
ਨੰਨ ਜਬਰ-ਜ਼ਨਾਹ ਮਾਮਲੇ ਵਿਚ ਮੁੱਖ ਗਵਾਹ ਕੁਰਿਆਕੋਸ ਦੀ ਸ਼ੱਕੀ ਮੌਤ ਹੁਣ ਤਕ ਰਾਜ਼ ਬਣੀ ਹੋਈ ਹੈ। ਆਪਣੀ ਮੌਤ ਤੋਂ ਪਹਿਲਾਂ ਕੁਰਿਆਕੋਸ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਵਿਚ ਕਿਹਾ ਸੀ ਕਿ ਜੇਕਰ ਫਰੈਂਕੋ ਮੁਲੱਕਲ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਨ੍ਹਾਂ ਦੀ ਮੌਤ ਯਕੀਨੀ ਹੈ।
ਪੋਪ ਫਰਾਂਸਿਸ ਭਾਰਤ ਦੇ ਚਰਚਾਂ 'ਚ ਸਰੀਰਕ ਸੋਸ਼ਣ ਦੇ ਮਾਮਲਿਆਂ 'ਚ ਚੁੱਕ ਸਕਦੇ ਹਨ ਗੰਭੀਰ ਕਦਮ
ਪੋਪ ਫਰਾਂਸਿਸ ਨੇ ਹਾਲ ਹੀ ਵਿਚ ਵੈਟੀਕਨ 'ਚ ਸੋਸ਼ਣ ਦੇ ਮਾਮਲਿਆਂ ਵਿਚ ਸਖਤ ਕਦਮ ਚੁੱਕੇ ਹਨ ਅਤੇ ਚਰਚਾਂ ਦੇ ਅੰਦਰ ਸੋਸ਼ਨ ਰੋਕਣ ਲਈ ਠੋਸ ਕਦਮ ਵੀ ਚੁੱਕੇ ਗਏ ਹਨ। ਨੰਨ ਵੱਲੋਂ ਫਰੈਂਕੋ ਮੁਲੱਕਲ 'ਤੇ ਲਗਾਏ ਗਏ ਜਬਰ-ਜ਼ਨਾਹ ਦੇ ਦੋਸ਼ ਪੋਪ ਫਰਾਂਸਿਸ ਦੇ ਧਿਆਨ ਵਿਚ ਹਨ। ਨੰਨ ਦੇ ਸਹਿਯੋਗੀਆਂ ਨੇ ਕਈ ਵਾਰ ਪੋਪ ਫਰਾਂਸਿਸ ਨੂੰ ਚਿੱਠੀ ਲਿਖ ਕੇ ਚਰਚ 'ਤੇ ਇਸ ਮਾਮਲੇ 'ਚ ਨੰਨ ਨਾਲ ਇਨਸਾਫ ਨਾ ਕਰਨ ਦੇ ਦੋਸ਼ ਲਾਏ ਸਨ। ਸੂਤਰਾਂ ਦੀ ਮੰਨੀਏ ਤਾਂ ਪੋਪ ਫਰਾਂਸਿਸ ਦੇ ਨਿਰਦੇਸ਼ਾਂ 'ਤੇ ਹੀ ਮੁਲਜ਼ਮ ਫਰੈਂਕੋ ਮੁਲੱਕਲ ਨੇ ਆਪਣਾ ਅਹੁਦਾ ਛੱਡਿਆ ਸੀ। ਚਰਚ ਨਾਲ ਜੁੜੇ ਵੱਡੇ ਅਧਿਕਾਰੀਆਂ ਦੀ ਮੰਨੀਏ ਤਾਂ ਸਰੀਰਕ ਸ਼ੋਸ਼ਣ ਨਾਲ ਜੁੜੇ ਮਾਮਲਿਆਂ ਵਿਚ ਪੋਪ ਫਰਾਂਸਿਸ ਭਾਰਤ ਦੀਆਂ ਚਰਚਾਂ ਨੂੰ ਵੀ ਜਲਦੀ ਨਿਰਦੇਸ਼ ਜਾਰੀ ਕਰ ਸਕਦੇ ਹਨ।


shivani attri

Content Editor

Related News