ਨਵੇਂ ਸਾਲ ਦਾ ਜਸ਼ਨ ਮਨਾ ਕੇ ਚਾਈਂ-ਚਾਈਂ ਕਾਲਜ ਜਾ ਰਹੇ ਸਨ ਵਿਦਿਆਰਥੀ, ਵਾਪਰੀ ਅਣਹੋਣੀ ਨੇ 4 ਘਰਾਂ ''ਚ ਪੁਆਏ ਵੈਣ
Monday, Jan 02, 2023 - 05:38 PM (IST)
ਭੋਗਪੁਰ/ਅਲਾਵਲਪੁਰ/ਕਿਸ਼ਨਗੜ੍ਹ (ਜ.ਬ., ਬੰਗੜ, ਬੈਂਸ)-ਜਿੱਥੇ ਇਕ ਪਾਸੇ ਸੰਸਾਰ ਭਰ ਦੇ ਲੋਕ ਨਵੇਂ ਸਾਲ ਮੌਕੇ ਇਕ-ਦੂਜੇ ਨੂੰ ਮੁਬਾਰਬਾਦ ਦੇ ਰਹੇ ਸਨ ਉੱਥੇ ਹੀ ਦੂਜੇ ਪਾਸੇ ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਕਾਲਾ ਬੱਕਰਾ ਨੇੜੇ ਤੇਜ਼ ਰਫ਼ਤਾਰੀ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਲੜਕੀ ਸਣੇ 4 ਵਿਦਿਆਰਥੀਆਂ ਦੀ ਮੌਤ ਅਤੇ ਗੱਡੀ ਦੇ ਡਰਾਈਵਰ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਜਾਣਕਾਰੀ ਅਨੁਸਾਰ ਕਿਰਾਏ ’ਤੇ ਕੀਤੀ ਹਾਂਡਾ ਸਿਟੀ ਕਾਰ (ਪੀ. ਬੀ. 09 ਐੱਚ 9383) ’ਚ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਨਾਲ ਸਬੰਧਤ 4 ਵਿਦਿਆਰਥੀ ਛੁੱਟੀਆਂ ਖ਼ਤਮ ਹੋਣ ’ਤੇ ਵੈਟਰਨਰੀ ਡਿਗਰੀ ਦੀ ਪੜ੍ਹਾਈ ਕਰਨ ਲਈ ਵਾਪਸ ਕਾਲਜ ਆਫ਼ ਵੈਟਰਨਰੀ ਸਾਇੰਸ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਵਿਖੇ ਜਾ ਰਹੇ ਸਨ ਅਤੇ ਜਦੋਂ ਉਹ ਕਾਲੇ ਬੱਕਰਾ ਨਜ਼ਦੀਕ ਲਾਜਵੰਤੀ ਪੈਟਰੋਲ ਪੰਪ ਨੇੜਿਓਂ ਲੰਘ ਰਹੇ ਸਨ ਤਾਂ ਇਸੇ ਦੌਰਾਨ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਨੈਸ਼ਨਲ ਹਾਈਵੇ ’ਤੇ ਜਾ ਰਹੇ ਟਰੱਕ (ਪੀ. ਬੀ. 09 ਐੱਚ. 9383) ਨਾਲ ਜ਼ਬਰਦਸਤ ਢੰਗ ਨਾਲ ਜਾ ਟਕਰਾਈ, ਜਿਸ ਨਾਲ 2 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 1 ਲੜਕੀ ਅਤੇ 1 ਲੜਕੇ ਦੀ ਹਸਪਤਾਲ ’ਚ ਜਾ ਕੇ ਮੌਤ ਹੋ ਗਈ, ਜਦਕਿ ਡਰਾਈਵਰ ਗੰਭੀਰ ਰੂਪ ’ਚ ਜ਼ਖ਼ਮੀ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ਮੌਕੇ ਦੋ ਘਰਾਂ 'ਚ ਵਿਛੇ ਸੱਥਰ, ਜਲੰਧਰ ਵਿਖੇ ਵਾਪਰੇ ਰੂਹ ਕੰਬਾਊ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਸਵਾਰਾਂ ਨੂੰ ਹਾਈਵੇਅ ਪੈਟਰੋਲਿੰਗ ਗੱਡੀ 16 ਦੇ ਥਾਣੇਦਾਰ ਰਣਧੀਰ ਸਿੰਘ ਅਤੇ ਗੁਰਦੇਵ ਸਿੰਘ ਨੇ ਸਥਾਨਕ ਰਾਹਗੀਰਾਂ ਅਤੇ ਲੋਕਾਂ ਨਾਲ ਮਿਲ ਕੇ ਬੜੀ ਜੱਦੋ-ਜਹਿਦ ਉਪਰੰਤ ਬਾਹਰ ਕੱਢਿਆ ਅਤੇ ਇਲਾਜ ਲਈ ਕੈਪੀਟੋਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ 4 ਵਿਦਿਆਰਥੀਆਂ ਦੀ ਪਛਾਣ ਸ਼ੈਲੀਜ ਗੁਲੇਰੀਆ ਪੁੱਤਰੀ ਮਨਜੀਤ ਸਿੰਘ ਗੁਲੇਰੀਆ (22) ਵਾਸੀ ਸੁੰਦਰ ਨਗਰ ਏ. ਬੀ. ਐੱਸ. ਚੌਂਕ ਪਠਾਨਕੋਟ, ਲੁਕੇਸ਼ (23) ਵਾਸੀ ਸੁਜਾਨਪੁਰ ਪਠਾਨਕੋਟ, ਰੋਹਿਨ (22) ਵਾਸੀ ਸ਼ਾਹਪੁਰਕੰਡੀ ਪਠਾਨਕੋਟ ਅਤੇ ਸਿਮਰਨ ਸਿੰਘ ਪੁੱਤਰ ਮਲੂਕ ਸਿੰਘ (23) ਵਾਸੀ ਪਿੰਡ ਸੋਹਲ ਗੁਰਦਾਸਪੁਰ ਵਜੋਂ ਹੋਈ ਹੈ। ਥਾਣੇਦਾਰ ਰਣਧੀਰ ਸਿੰਘ ਅਤੇ ਗੁਰਦੇਵ ਸਿੰਘ ਨੇ ਦੱਸਿਆ ਹੈ ਕਿ ਕਾਰ ਡਰਾਈਵਰ ਅਜੈ ਸ਼ਰਮਾ ਪੁੱਤਰ ਧਰਮਿੰਦਰ ਸ਼ਰਮਾ (30) ਵਾਸੀ ਈਸ਼ਰ ਨਗਰ ਗਿੱਲ ਨਗਰ ਲੁਧਿਆਣਾ ਗੰਭੀਰ ਜ਼ਖ਼ਮੀ ਹੈ, ਜਿਸ ਦਾ ਇਲਾਜ ਕੈਪੀਟੋਲ ਹਸਪਤਾਲ ਜਲੰਧਰ ਵਿਖੇ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਜਲੰਧਰ ਵਿਖੇ PAP ਚੌਂਕ 'ਚ ਲੱਗਾ ਧਰਨਾ, ਰੂਟ ਡਾਇਵਰਜ਼ਨ ਦੇ ਬਾਵਜੂਦ ਲੱਗਿਆ ਲੰਬਾ ਜਾਮ
ਹਾਦਸੇ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਵੱਲੋਂ ਕਾਲਜ ਜਾਣ ਲਈ ਕਿਰਾਏ ’ਤੇ ਬੁੱਕ ਕੀਤੀ ਗੱਡੀ ਨੂੰ ਡਰਾਈਵਰ ਅਜੈ ਸ਼ਰਮਾ ਜਲਦੀ ਮੰਜ਼ਿਲ ’ਤੇ ਪਹੁੰਚਾਉਣ ਲਈ ਓਵਰਸਪੀਡ ਚਲਾ ਰਿਹਾ ਸੀ। ਆਨਲਾਈਨ ਐਪ ਰਾਹੀਂ ਬੁੱਕ ਕੀਤੀ ਗੱਡੀ ਦੀ ਸਪੀਡ ਜ਼ਿਆਦਾ ਹੋਣ ਦਾ ਖ਼ਮਿਆਜ਼ਾ 4 ਪਰਿਵਾਰਾਂ ਨੂੰ ਭੁਗਤਣਾ ਪਿਆ, ਜਿੱਥੇ ਉਨ੍ਹਾਂ ਦੇ ਜਿਗਰ ਦੇ ਟੋਟਿਆਂ ਆਪਣੀ ਜਾਨ ਗੁਆਉਣੀ ਪਈ, ਉੱਥੇ 4 ਘਰਾਂ ’ਚ ਨਵੇਂ ਸਾਲ ਦੇ ਪਹਿਲੇ ਦਿਨ ਸੱਥਰ ਵਿਛ ਗਏ।
ਇਹ ਵੀ ਪੜ੍ਹੋ : ਨਵੇਂ ਸਾਲ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਕਪੂਰਥਲਾ ਵਿਖੇ 3 ਭੈਣਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ