ਲੁੱਟ-ਮਾਰ ਗੈਂਗ ਦੇ 4 ਮੈਂਬਰ ਪਿਸਤੌਲ ਤੇ ਹਥਿਆਰਾਂ ਸਮੇਤ ਕਾਬੂ, 3 ਫਰਾਰ
Thursday, Jul 26, 2018 - 06:48 AM (IST)

ਕਪੂਰਥਲਾ , (ਭੂਸ਼ਣ, ਧੀਰ)- ਪੁਲਸ ਨੇ ਜ਼ਿਲੇ ’ਚ ਪਿਸਤੌਲ ਦੇ ਬੱਲ ’ਤੇ ਲੁੱਟ-ਮਾਰ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਲੁਟੇਰਾ ਗੈਂਗ ਨਾਲ ਸਬੰਧਤ 4 ਮੈਂਬਰਾਂ ਨੂੰ ਭਾਰੀ ਮਾਤਰਾ ’ਚ ਨਾਜਾਇਜ਼ ਹਥਿਆਰ ਸਮੇਤ ਕਾਬੂ ਕੀਤਾ ਹੈ।
ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਫੱਤੂਢੀਂਗਾ ਦੇ ਐੱਸ. ਐੱਚ. ਓ. ਜਰਨੈਲ ਸਿੰਘ ਨੇ ਪੁਲਸ ਟੀਮ ਨਾਲ ਬੱਸ ਸਟੈਂਡ ਖੀਰਾਂਵਾਲੀ ’ਚ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਪੁਲਸ ਟੀਮ ਨੂੰ ਸੂਚਨਾ ਮਿਲੀ ਕਿ ਜ਼ਿਲੇ ’ਚ ਪਿਸਤੌਲ ਦੇ ਬੱਲ ’ਤੇ ਲੁੱਟ-ਮਾਰ ਦੀਅਾਂ ਕਈ ਵੱਡੀਅਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇਕ ਲੁਟੇਰਾ ਗੈਂਗ ਦੇ ਮੈਂਬਰ ਅਰਸ਼ਦੀਪ ਸਿੰਘ ਉਰਫ ਅਰਸ਼ ਵਾਸੀ ਪ੍ਰਵੇਜ ਨਗਰ, ਸੁਖਵਿੰਦਰ ਸਿੰਘ ਉਰਫ ਜੁਗਨੂੰ ਵਾਸੀ ਨਥੂਪੁਰ, ਲਖਵਿੰਦਰ ਸਿੰਘ ਵਾਸੀ ਨਥੂਪੂਰ, ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਮੈਰਵਾਲਾ, ਰਿਆਸਤ ਅਲੀ ਵਾਸੀ ਸੁਰੱਖਿਆ, ਨਰਿੰਦਰਪਾਲ ਸਿੰਘ ਉਰਫ ਨੰਦੂ ਤੇ ਅਮਰਜੀਤ ਸਿੰਘ ਉਰਫ ਪੱਪੂ ਵਾਸੀ ਕਪੂਰਥਲਾ ਜੋ ਇਸ ਸਮੇਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ’ਚ ਹਨ ਤੇ ਇਸ ਸਮੇਂ ਪਿੰਡ ਝੁਗੀਅਾਂ ਕਲਾਮ ’ਚ ਬੈਠ ਕੇ ਕਿਸੇ ਪੈਟਰੋਲ ਪੰਪ ਤੇ ਸ਼ਰਾਬ ਦਾ ਠੇਕਾ ਲੁੱਟਣ ਦੀ ਸਾਜ਼ਿਸ਼ ਤਿਆਰ ਕਰ ਰਹੇ ਹਨ, ਜਿਸ ’ਤੇ ਪੁਲਸ ਟੀਮ ਨੇ ਛਾਪੇਮਾਰੀ ਕਰ ਕੇ ਅਰਸ਼ਦੀਪ ਸਿੰਘ ਨੂੰ 21 ਨਸ਼ੇ ਵਾਲੇ ਇੰਜੈਕਸ਼ਨ, 310 ਨਸ਼ੇ ਵਾਲੀਅਾਂ ਗੋਲੀਅਾਂ ਤੇ ਇਕ ਤਲਵਾਰ, ਸੁਖਵਿੰਦਰ ਸਿੰਘ ਉਰਫ ਜੁਗਨੂੰ ਤੋਂ 23 ਇੰਜੈਕਸ਼ਨ, 320 ਨਸ਼ੇ ਵਾਲੀਅਾਂ ਗੋਲੀਅਾਂ ਤੇ ਇਕ ਪਿਸਤੌਲ, 15 ਬੋਰ ਸਮੇਤ 2 ਜ਼ਿੰਦਾ ਰਾਊਂਡ, ਲਖਵਿੰਦਰ ਤੋਂ 31 ਇੰਜੈਕਸ਼ਨ, 280 ਨਸ਼ੇ ਵਾਲੀ ਗੋਲੀਅਾਂ ਤੇ ਇਕ ਡੰਡਾ ਤੇ ਕਿਰਚ ਬਰਾਮਦ ਕੀਤੀ ਗਈ। ਉਥੇ ਹੀ ਚੌਥੇ ਮੁਲਜ਼ਮ ਮਨਪ੍ਰੀਤ ਸਿੰਘ ਉਰਫ ਮਨੀ ਤੋਂ 2 ਇੰਜੈਕਸ਼ਨ, 3 ਨਸ਼ੇ ਵਾਲੀਅਾਂ ਗੋਲੀਅਾਂ ਤੇ ਇਕ ਦਾਤਰ ਬਰਾਮਦ ਕੀਤਾ ਹੈ ਜਦ ਕਿ 3 ਹੋਰ ਮੁਲਜ਼ਮਾਂ ਨਰਿੰਦਰਪਾਲ ਸਿੰਘ ਉਰਫ ਨੰਦੂ, ਅਮਰਜੀਤ ਸਿੰਘ ਉਰਫ ਪੱਪੂ ਤੇ ਰਿਆਸਤ ਅਲੀ ਪੁਲਸ ਨੂੰ ਚਕਮਾ ਦੇ ਕੇ ਭੱਜ ਨਿਕਲੇ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ 2 ਮੋਟਰਸਾਈਕਲ, ਸਕੂਟਰੀ ਤੇ ਜੋਡ਼ਾ ਸੋਨੇ ਦੀਅਾਂ ਬਾਲੀਆ ਬਰਾਮਦ ਕੀਤੀਅਾਂ। ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਤੋਂ ਪੁੱਛਗਿਛ ਜਾਰੀ ਹੈ। ਪੁੱਛਗਿਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ।
7 ਵਾਰਦਾਤਾਂ ਨੂੰ ਦੇ ਚੁੱਕੇ ਸਨ ਅੰਜਾਮ
ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਕਪੂਰਥਲਾ ਸ਼ਹਿਰ ’ਚ 9 ਜੂਨ 2018 ਨੂੰ ਪਿਸਤੌਲ ਦੇ ਬੱਲ ’ਤੇ 2.15 ਲੱਖ, ਸੁਲਤਾਨਪੁਰ ਲੋਧੀ ਤੋਂ 94 ਹਜ਼ਾਰ ਰੁਪਏ, 24 ਜੁਲਾਈ 2018 ਨੂੰ ਪਿੰਡ ਮਧੂਪੁਰ ਤੋਂ ਸੋਨੇ ਦੀਅਾਂ ਬਾਲੀਅਾਂ ਤੇ ਝੁਗੀਅਾਂ ਕਲਾਮ ਤੋਂ ਸ਼ਰਾਬ ਦੇ ਠੇਕੇ ’ਚ ਤੋਡ਼-ਫੋਡ਼ ਕਰਨ ਦੇ ਨਾਲ-ਨਾਲ ਕੁਲ 7 ਲੁੱਟ-ਮਾਰ ਤੇ ਚੋਰੀ ਦੀਅਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।