ਦੜਾ-ਸੱਟਾ ਲਾਉਂਦੇ ਤੇ 10 ਕਿਲੋ ਗਾਂਜੇ ਸਣੇ 4 ਗ੍ਰਿਫਤਾਰ

02/20/2018 5:33:51 AM

ਪਟਿਆਲਾ, (ਬਲਜਿੰਦਰ)- ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸ. ਦਲਬੀਰ ਸਿੰਘ ਗਰੇਵਾਲ ਦੀ ਅਗਵਾਈ ਹੇਠ 2 ਵਿਅਕਤੀਆਂ ਨੂੰ 10 ਕਿਲੋ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦਾ ਨਾਂ ਚੰਚਲ ਵਾਸੀ ਪੀਰ ਕਾਲੋਨੀ ਬਹਾਦਰਗੜ੍ਹ, ਸ਼ਿਵਾ ਵਾਸੀ ਰੌਸ਼ਨ ਕਾਲੋਨੀ ਰਾਜਪੁਰਾ ਹੈ। ਇਸ ਮਾਮਲੇ 'ਚ ਥਾਣਾ ਲਾਹੌਰੀ ਗੇਟ ਦੀ ਪੁਲਸ ਵੱਲੋਂ ਦੋਵਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ ਐੱਸ. ਆਈ. ਕਰਤਾਰ ਸਿੰਘ ਪੁਲਸ ਪਾਰਟੀ ਸਮੇਤ ਪੁਰਾਣੀ ਰਾਜਪੁਰਾ ਚੂੰਗੀ ਵਿਖੇ ਮੌਜੂਦ ਸੀ, ਜਿਥੇ ਉਕਤ ਵਿਅਕਤੀਆਂ ਨੂੰ ਮੋਟਰਸਾਈਕਲ 'ਤੇ ਆਉਂਦਿਆਂ ਰੋਕ ਕੇ ਜਦੋਂ ਚੈੱਕ ਕੀਤਾ ਗਿਆ ਤਾਂ ਉਨ੍ਹਾਂ ਕੋਲੋਂ 10 ਕਿਲੋ ਗਾਂਜਾ ਬਰਾਮਦ ਹੋਇਆ। ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਇਸੇ ਤਰ੍ਹਾਂ ਸੀ. ਆਈ. ਏ. ਸਟਾਫ ਪਟਿਆਲਾ ਵੱਲੋਂ ਹੀ 2 ਵੱਖ-ਵੱਖ ਕੇਸਾਂ 'ਚ 2 ਵਿਅਕਤੀਆਂ ਨੂੰ ਦੜੇ-ਸੱਟੇ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪਹਿਲੇ ਕੇਸ 'ਚ ਰਵਿੰਦਰ ਕੁਮਾਰ ਵਾਸੀ ਪੁਰਾਣਾ ਗੱਡਾਖਾਨਾ ਆਰੀਆ ਸਮਾਜ ਚੌਕ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਨੁਸਾਰ ਏ. ਐੱਸ. ਆਈ. ਇਕਬਾਲ ਸਿੰਘ ਪੁਲਸ ਪਾਰਟੀ ਸਮੇਤ ਛੋਟੀ ਬਾਰਾਂਦਰੀ ਪਟਿਆਲਾ ਵਿਖੇ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਸਰਕਾਰੀ ਲਾਟਰੀ ਦੀ ਆੜ ਵਿਚ ਦੜੇ ਸੱਟੇ ਦਾ ਕੰਮ ਕਰ ਕੇ ਲੋਕਾਂ ਨਾਲ ਧੋਖਾਦੇਹੀ ਕਰ ਰਿਹਾ ਹੈ। ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ 920 ਰੁਪਏ ਦੜੇ ਸੱਟੇ ਦੇ ਬਰਾਮਦ ਕੀਤੇ, ਜਿਸ ਦੇ ਖਿਲਾਫ ਜੂਆ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। 
ਦੂਜੇ ਕੇਸ ਵਿਚ ਏ. ਐੱਸ. ਆਈ. ਜੋਗਿੰਦਰ ਸਿੰਘ ਨੇ ਮਹੇਸ਼ ਕੁਮਾਰ ਗੋਲਡੀ ਵਾਸੀ ਮੇਹਰ ਸਿੰਘ ਕਾਲੋਨੀ ਤ੍ਰਿਪੜੀ ਨੂੰ ਦੜੇ ਸੱਟੇ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਏ. ਐੱਸ. ਆਈ. ਜੋਗਿੰਦਰ ਸਿੰਘ ਪੁਲਸ ਪਾਰਟੀ ਸਮੇਤ ਨੇੜੇ ਪਾਣੀ ਵਾਲੀ ਟੈਂਕੀ ਵਿਖੇ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਡਕਾਲਾ ਸਿਲਵਰ ਸਟੋਰ ਦੀ ਬੈਕ ਸਾਈਡ ਸਰਕਾਰੀ ਲਾਟਰੀ ਦੀ ਆੜ ਵਿਚ ਦੜੇ ਸੱਟੇ ਦਾ ਕੰਮ ਕਰ ਕੇ ਲੋਕਾਂ ਨਾਲ ਧੋਖਾਦੇਹੀ ਕਰ ਰਿਹਾ ਹੈ। ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ 2810 ਰੁਪਏ ਦੜੇ ਸੱਟੇ ਦੇ ਬਰਾਮਦ ਕੀਤੇ ਅਤੇ ਉਸ ਦੇ ਖਿਲਾਫ 420 ਆਈ. ਪੀ. ਸੀ. ਤੇ ਜੂਆ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। 


Related News