ਵੱਡੀ ਵਾਰਦਾਤ ਦੀ ਫਿਰਾਕ ''ਚ ਸਨ ਗੈਂਗਸਟਰ! ਪੁਲਸ ਨੇ ਜੀਵਨ ਫੌਜੀ ਗੈਂਗ ਦੇ ਚਾਰ ਮੈਂਬਰ ਕੀਤੇ ਕਾਬੂ
Sunday, Apr 06, 2025 - 09:25 PM (IST)

ਗੁਰਦਾਸਪੁਰ (ਚਾਵਲਾ) : ਸੁਹੇਲ ਕਾਸਿਮ ਮੀਰ ਐੱਸ.ਐੱਸ.ਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਸ ਜ਼ਿਲ੍ਹਾ ਬਟਾਲਾ ਵਿੱਚ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਗੁਰਪ੍ਰਤਾਪ ਸਿੰਘ ਸਹੋਤਾ ਐੱਸ.ਪੀ.ਡੀ ਬਟਾਲਾ ਦੀਆਂ ਹਦਾਇਤਾਂ ਤੇ ਵਿਪਿਨ ਕੁਮਾਰ ਡੀ.ਐੱਸ.ਪੀ ਫਤਿਹਗੜ੍ਹ ਚੂੜੀਆਂ ਦੀ ਨਿਗਰਾਨੀ ਅਧੀਨ ਐੱਸ.ਐੱਚ.ਓ. ਘਣੀਏ ਕੇ ਬਾਂਗਰ ਦੀ ਅਗਵਾਈ ਹੇਠ ਥਾਣਾ ਘਣੀਏ ਕੇ ਬਾਂਗਰ ਪੁਲਸ ਵੱਲੋਂ ਨਾਕਾਬੰਦੀ ਦੌਰਾਨ ਸੁਖਨੂਰ ਸਿੰਘ ਉਰਫ ਸੂਬਾ ਹਰਵਾਲ ਅਤੇ ਸਰਵਨ ਸਿੰਘ ਉਰਫ ਜੀਵਨ ਫੌਜੀ ਦੇ ਗੈਂਗ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ ਨਾਜਾਇਜ਼ ਅਸਲਾ ਬਰਾਮਦ ਕਰਨ ਵਿੱਚ ਸਫਲਤਾ ਮਿਲੀ ਹੈ।
ਐੱਸਐੱਸਪੀ ਬਟਾਲਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 02.04.2025 ਦੀ ਰਾਤ ਨੂੰ ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਪਾਰਟੀ ਨੇ ਦੋਰਾਨੇ ਗਸ਼ਤ ਮੋਟਰ ਸਾਈਕਲ ਸਵਾਰ ਅਭੀ ਮਸੀਹ ਪੁੱਤਰ ਬਲਵਿੰਦਰ ਮਸੀਹ, ਇੰਦਰਾਸ ਮਸੀਹ ਪੁੱਤਰ ਅਮੈਨੂਅਲ ਮਸੀਹ ਵਾਸੀਆਨ ਬਿਸ਼ਨੀਵਾਲ ਨੂੰ ਕਾਬੂ ਕਰਕੇ ਉਹਨਾਂ ਦੀ ਤਲਾਸ਼ੀ ਕਰਨ 'ਤੇ ਉਹਨਾਂ ਪਾਸੋਂ ਇੱਕ ਮੈਗਜ਼ੀਨ ਸਮੇਤ 05 ਰੋਂਦ ਜ਼ਿੰਦਾ 30 ਬੋਰ ਬਰਾਮਦ ਹੋਣ 'ਤੇ ਮੁਕਦਮਾ ਦਰਜ ਕਰ ਕੇ ਤਫਤੀਸ਼ ਕੀਤੀ ਗਈ। ਦੌਰਾਨੇ ਪੁੱਛਗਿੱਛ ਅਭੀ ਮਸੀਹ ਤੇ ਇੰਦਰਾਸ ਮਸੀਹ ਨੇ ਦੱਸਿਆ ਕਿ ਉਨ੍ਹਾਂ ਨਾਲ ਗਗਨਦੀਪ ਮਸੀਹ ਵਾਸੀ ਪਿੰਡ ਮੰਗੀਆਂ, ਅਮਰਪ੍ਰੀਤ ਕੁਮਾਰ ਵਾਸੀ ਧਰਮਕੋਟ ਰੰਧਾਵਾ ਅਤੇ ਬਿੰਨੀ ਵਾਸੀ ਮੰਗੀਆਂ ਵੀ ਸ਼ਾਮਲ ਹਨ ਜਿਸਤੇ ਮਿਤੀ 04.04.2025 ਨੂੰ ਗਗਨਦੀਪ, ਅਮਰਪ੍ਰੀਤ ਕੁਮਾਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਨ ਪਾਸੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਸੁਖਨੂਰ ਸਿੰਘ ਉਰਫ ਸੂਬਾ ਪੁੱਤਰ ਸੁੱਚਾ ਸਿੰਘ ਵਾਸੀ ਹਰੂਵਾਲ ਅਤੇ ਸਰਵਨ ਸਿੰਘ ਉਰਫ ਜੀਵਨ ਫੌਜੀ ਪੁੱਤਰ ਹਰਜਿੰਦਰ ਸਿੰਘ ਵਾਸੀ ਸ਼ਹਿਜਾਦਾ ਕਲਾ ਜੋ ਵਿਦੇਸ਼ਾਂ ਵਿੱਚ ਬੈਠ ਕੇ ਲੋਕਾਂ ਨੂੰ ਡਰਾਉਂਦਾ ਧਮਕਾਉਦਾ ਹੈ ਤੇ ਉਨ੍ਹਾਂ ਤੋਂ ਫਿਰੋਤੀਆਂ ਮੰਗਦੇ ਹਨ, ਦੇ ਕਹਿਣ 'ਤੇ ਲੋਕਾਂ ਦੀ ਰੈਕੀ ਕਰਦੇ ਤੇ ਜੇਕਰ ਕਿਸੇ ਨੂੰ ਗੋਲੀ ਮਾਰਨੀ ਹੋਵੇ ਤਾਂ ਉਹ ਕਰਨ ਲਈ ਤਿਆਰ ਹਨ।
ਪੁੱਛ ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤਾਨ ਦੋਸ਼ੀਆ ਵਲੋ ਜੀਵਨ ਫੌਜੀ ਦੇ ਕਹਿਣ ਪਰ ਦਨੇਸ਼ ਕੁਮਾਰ ਉਰਫ ਬੋਬੀ ਪੁੱਤਰ ਕਿਸ਼ਨ ਕੁਮਾਰ ਵਾਸੀ ਧਰਮਕੋਟ ਰੰਧਾਵਾ ਥਾਣਾ ਡੇਰਾ ਬਾਬਾ ਨਾਨਕ ਦੀ ਰੈਕੀ ਕੀਤੀ ਗਈ ਤੇ ਇਸਦਾ ਗੋਲੀਆਂ ਮਾਰ ਕੇ ਕਤਲ ਕਰਨਾ ਸੀ। ਇਥੇ ਜ਼ਿਕਰਯੋਗ ਗੱਲ ਇਹ ਹੈ ਕਿ ਗੈਗਸਟਰ ਜੀਵਨ ਫੌਜੀ ਵਲੋ ਵਾਰ-ਵਾਰ ਦਨੇਸ਼ ਕੁਮਾਰ ਉਰਫ ਬੋਬੀ ਪਾਸੋ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਸੀ ਤੇ ਇਸ ਤੋਂ ਪਹਿਲਾਂ ਵੀ 03 ਵਾਰ ਫਿਰੋਤੀ ਨਾ ਦੇਣ ਕਰਕੇ ਦਿਨੇਸ਼ ਕੁਮਾਰ ਬੱਬੀ 'ਤੇ ਹਮਲਾ ਕੀਤਾ ਜਾ ਚੁੱਕਾ ਸੀ। ਇਨ੍ਹਾਂ ਹਮਲਿਆ ਸਬੰਧੀ ਪਹਿਲਾਂ ਵੀ ਮੁਕੱਦਮਾ ਨੰਬਰ 89) ਮਿਤੀ 21/07/2023 ਜੁਰਮ 387 ਭ.ਦ 25 ਅਸਲਾ ਐਕਟ ਥਾਣਾ ਡੇਰਾ ਬਾਬਾ ਨਾਨਕ, ਮੁਕੱਦਮਾ ਨਬਰ 41 ਮਿਤੀ 07/05/2024) ਜੁਰਮ 387, 336, 506, 34 ਭ.ਦ 25/27 ਅਸਲਾ ਐਕਟ ਥਾਣਾ ਡੇਰਾ ਬਾਬਾ ਨਾਨਕ, ਮੁਕੱਦਮਾ ਨੰਬਰ 96 ਮਿਤੀ 21/08/2024) ਜੁਰਮ 109, 111, 308(4) ਬੀ, ਐਨ. ਐਸ 25/27 ਅਸਲਾ ਐਕਟ ਥਾਣਾ ਡੇਰਾ ਬਾਬਾ ਨਾਨਕ ਦਰਜ ਕੀਤੇ ਜਾ ਚੁਕੇ ਸਨ ਅਤੇ ਹਰੇਕ ਮੁਕੱਦਮੇ ਵਿਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਬਟਾਲਾ ਪੁਲਸ ਵਲੋਂ ਸੁਚੇਤ ਅਤੇ ਸਰਗਰਮ ਰਵਾਈਆ (Proactive approach) ਦਿਖਾਉਦੇ ਹੋਏ ਹਮਲਾ ਹੋਣ ਤੋਂ ਪਹਿਲਾਂ ਹੀ ਦੋਸ਼ੀਆ ਨੂੰ ਗ੍ਰਿਫਤਾਰ ਕਰ ਕੇ ਗੈਂਗਸਟਰਾਂ ਵੱਲੋਂ ਫਿਰੋਤੀ ਲਈ ਕੀਤੇ ਜਾਣ ਵਾਲੇ ਟਾਰਗੇਟਡ ਕਿਲਿੰਗ ਨੂੰ ਹੋਣ ਤੋਂ ਬਚਾਉਣ ਵਿੱਚ ਕਾਮਯਾਬੀ ਮਿਲੀ ਹੈ। ਉੱਥੇ ਹੀ ਹੁਣ ਤੱਕ ਇਨ੍ਹਾਂ ਪਾਸੋਂ 02 ਪਿਸਟਲ 30 ਬੋਰ, 04 ਮੈਗਜ਼ੀਨ, 15 ਜ਼ਿੰਦਾ ਰੋਂਦ 30 ਬੋਰ, ਇੱਕ ਮੋਟਰ ਸਾਈਕਲ ਰਾਮਦ ਕੀਤਾ ਗਿਆ ਹੈ ਅਤੇ ਦੋਸ਼ੀਆਨ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8