ਮਾਮਲਾ ਭਾਰਤ-ਪਾਕਿ ਬਾਰਡਰ ’ਤੇ ਬੀ. ਐੱਸ. ਐੱਫ. ਤੇ ਪਾਕਿ ਸਮੱਗਲਰਾਂ ਵਿਚਾਲੇ ਹੋਈ ਫਾਇਰਿੰਗ ਦਾ, ਚਾਰ ਦੋਸ਼ੀ ਕਾਬੂ
Monday, Jan 31, 2022 - 05:34 PM (IST)
ਗੁਰਦਾਸਪੁਰ (ਹੇਮੰਤ)-28 ਜਨਵਰੀ ਨੂੰ ਭਾਰਤ-ਪਾਕਿ ਇੰਟਰਨੈਸ਼ਨਲ ਬਾਰਡਰ ਬੀ. ਐੱਸ. ਐੱਫ. ਪੋਸਟ ਚੰਦੂ ਵਡਾਲਾ ’ਤੇ ਬੀ. ਐੱਸ. ਐੱਫ. ਜਵਾਨਾਂ ਅਤੇ ਪਾਕਿ ਸਮੱਗਲਰਾਂ ਵਿਚਾਲੇ ਹੋਈ ਫਾਇਰਿੰਗ ਹੋਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਚਾਰ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਇਕ ਕਾਰ, 2 ਲੱਖ 50 ਹਜ਼ਾਰ ਰੁਪਏ ਦੀ ਨਕਦੀ ਅਤੇ 6 ਮੋਬਾਇਲ ਫੋਨ ਬਰਾਮਦ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ 28 ਜਨਵਰੀ ਨੂੰ ਭਾਰਤ-ਪਾਕਿ ਬਾਰਡਰ ’ਤੇ ਪਾਕਿਸਤਾਨ ਸਮੱਗਲਰਾਂ ਪਾਸੋਂ ਹੈਰੋਇਨ ਅਤੇ ਅਸਲੇ ਦੀ ਖੇਪ ਗੁਰਦਾਸਪੁਰ ਦੇ ਕੁਝ ਸਮੱਗਲਰਾਂ ਨੇ ਮੰਗਵਾਈ ਸੀ, ਜੋ ਪਾਕਿਸਤਾਨ ਸਮੱਗਲਰਾਂ ਨੇ ਬਾਰਡਰ ਕਰਾਸ ਕਰਨੀ ਸੀ ਪਰ ਉਸ ਰਾਤ ਬਾਰਡਰ ’ਤੇ ਬੀ. ਐੱਸ. ਐੱਫ. ਦੀ ਮੁਸਤੈਦੀ ਕਾਰਨ ਅਤੇ ਫਾਇਰਿੰਗ ਹੋਣ ਕਰਕੇ ਉਕਤ ਦੋਸ਼ੀ ਉਸ ਖੇਪ ਨੂੰ ਉੱਥੇ ਹੀ ਛੱਡ ਕੇ ਧੁੰਦ ਅਤੇ ਹਨੇਰੇ ਦਾ ਫਾਇਦਾ ਲੈ ਕੇ ਭੱਜ ਗਏ ਸਨ। ਇਸ ਫਾਇਰਿੰਗ ਦੌਰਾਨ ਬੀ. ਐੱਸ. ਐੱਫ. ਦਾ ਇਕ ਕਰਮਚਾਰੀ ਗਿਆਨ ਸਿੰਘ ਪੁੱਤਰ ਕੱਲੂ ਸਿੰਘ ਵਾਸੀ ਮੰਨੂਪੁਰ ਥਾਣਾ ਖਾਖੈਰੂ ਜ਼ਿਲ੍ਹਾ ਫਤਿਹਪੁਰ ਯੂ. ਪੀ. ਜ਼ਖ਼ਮੀ ਹੋ ਗਿਆ, ਜਿਸ ਨੂੰ ਅੰਮ੍ਰਿਤਸਰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਬੀ. ਐੱਸ. ਐੱਫ. ਦੇ ਕਰਮਚਾਰੀ ਗਿਆਨ ਸਿੰਘ ਦੇ ਬਿਆਨਾਂ ’ਤੇ ਥਾਣਾ ਕਲਾਨੌਰ ’ਚ ਧਾਰਾ 307,120ਬੀ ,25-54-59 ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਸਰਚ ਦੌਰਾਨ ਕੀ ਬਰਾਮਦ ਹੋਇਆ ਸੀ ਸਾਮਾਨ
ਐੱਸ. ਐੱਸ. ਪੀ. ਨੇ ਦੱਸਿਆ ਕਿ ਉਦੋਂ ਭਾਰਤ-ਪਾਕਿ ਬਾਰਡਰ ’ਤੇ ਸਰਚ ਦੌਰਾਨ 53.830 ਕਿੱਲੋ ਹੈਰੋਇਨ, 1.080 ਕਿੱਲੋ ਅਫੀਮ, ਇਕ ਪਿਸਤੌਲ ਚਾਈਨਾ 0.30 ਬੋਰ ਸਮੇਤ 2 ਮੈਗਜ਼ੀਨ ਅਤੇ ਰੌਂਦ 44, ਇਕ ਪਿਸਤੌਲ ਮਾਰਕਾ ਇਟਲੀ ਸਮੇਤ ਮੈਗਜ਼ੀਨ ਅਤੇ 12 ਰੌਂਦ, 4 ਮੈਗਜ਼ੀਨ ਏ. ਕੇ. 47 ਸਮੇਤ ਰੌਂਦ, 1 ਮੋਬਾਇਲ ਫੋਨ ਮਾਡਲ ਸੈਮਸੰਗ ਐੱਸ. ਐੱਮ. ਅਤੇ ਸਿਮ ਕਾਰਡ ਏਅਰਟੈੱਲ 1 ਬਰਾਮਦ ਹੋਏ ਸਨ।
ਇਹ ਦੋਸ਼ੀ ਹੋਏ ਗ੍ਰਿਫ਼ਤਾਰ
ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਇਸ ’ਚ ਹਰਨੇਕ ਮਸੀਹ ਉਰਫ ਨੇਕੀ ਪੁੱਤਰ ਅਨੈਤ ਮਸੀਹ ਵਾਸੀ ਮੁਹੱਲਾ ਨਵਾਂ ਕੱਟੜਾ ਕਲਾਨੌਰ, ਲੱਕੀ ਤੇਜਾ ਪੁੱਤਰ ਮਾਨਾ ਮਸੀਹ ਵਾਸੀ ਬਾਬਾ ਕਾਰ ਕਾਲੋਨੀ ਕਲਾਨੌਰ, ਹਰਦੀਪ ਸਿੰਘ ਉਰਫ ਦੀਪਾ ਪੁੱਤਰ ਅਜੀਤ ਸਿੰਘ ਵਾਸੀ ਗੋਲਾ ਢੋਲਾ ਹਾਲ ਵਾਸੀ ਰੱਛਰ ਛੱਤਰ ਥਾਣਾ ਡੇਰਾ ਬਾਬਾ ਨਾਨਕ, ਰਜਵੰਤ ਸਿੰਘ ਉਰਫ ਬਿੱਲਾ ਪੁੱਤਰ ਹਰਬੰਸ ਸਿੰਘ ਵਾਸੀ ਭਿੰਡੀਨੈਣ ਥਾਣਾ ਪਿੰਡੀ ਸੈਂਦਾ ਤਹਿ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੋਸ਼ੀ ਪਾਏ ਗਏ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਤੋਂ ਇਕ ਕਾਰ ਆਈ-10, 2 ਲੱਖ 50 ਹਜ਼ਾਰ ਰੁਪਏ ਡਰੱਗ ਮਨੀ, 6 ਮੋਬਾਇਨ ਫੋਨ ਬਰਾਮਦ ਹੋਏ ਹਨ। ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਪੁੱਛਗਿਛ ’ਚ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਦੇ ਸਬੰਧ ਪਾਕਿਸਤਾਨ ਦੇ ਬਦਨਾਮ ਹੈਰੋਇਨ ਸਮੱਗਲਰ ਨਾਲ ਸਨ ਅਤੇ ਉਸ ਦੇ ਰਾਹੀਂ ਹੀ ਇਹ ਹੈਰੋਇਨ ਦੀਆਂ ਖੇਪਾਂ ਮੰਗਵਾਉਂਦੇ ਸਨ ਅਤੇ ਉਨਾਂ ਦੇ ਕਹਿਣ ’ਤੇ ਉਸ ਦੇ ਸਾਥੀਆਂ ਨੂੰ ਅੱਗੇ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦਾ ਇਕ ਹੋਰ ਮੈਂਬਰ ਪਤਰਸ ਮਸੀਹ ਪੁੱਤਰ ਖਜ਼ਾਨ ਮਸੀਹ ਵਾਸੀ ਬੁੱਚੇ ਨੰਗਲ ਥਾਣਾ ਘੁੰਮਣ ਕਲਾਂ ਦੀ ਸਮੂਲੀਅਤ ਸਾਹਮਣੇ ਆਈ ਹੈ, ਜਿਸ ਨੂੰ ਗ੍ਰਿਫ਼ਤਾਰ ਕਰਨਾ ਅਜੇ ਬਾਕੀ ਹੈ। ਇਸ ਸਬੰਧੀ ਤਫਤੀਸ਼ ਦੌਰਾਨ ਗਿਰੋਹ ਦੇ ਹੋਰ ਮੈਂਬਰਾਂ ਦੀ ਸਨਾਖ਼ਤ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।