SGPC ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਦੀ ਜ਼ਮਾਨਤ ਅਰਜੀ ਮੁਲਤਵੀ

Monday, Sep 10, 2018 - 03:07 PM (IST)

ਨਵਾਂਸ਼ਹਿਰ (ਮੋਨਰੰਜਨ)— ਬਰਗਾੜੀ ਇਨਸਾਫ ਮੋਰਚੇ ਦੌਰਾਨ ਸੰਤ ਰਾਮਾਨੰਦ ਬਾਰੇ ਐੱਸ. ਜੀ. ਪੀ. ਸੀ. ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਵੱਲੋਂ ਕੀਤੀ ਗਈ ਕਥਿਤ ਟਿੱਪਣੀ ਖਿਲਾਫ ਸੰਤ ਰਾਮਾਨੰਦ ਦੇ ਪੈਰੋਕਾਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਇਕ ਪਾਸੇ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਇਸ ਮਾਮਲੇ 'ਚ ਐੱਸ.ਸੀ/ਐੱਸ.ਟੀ. ਐਕਟ ਅਤੇ ਹੋਰ ਧਾਰਾਵਾਂ ਨੂੰ ਜੋੜਨ ਮੰਗ ਕੀਤੀ, ਉਥੇ ਹੀ ਦੂਜੇ ਪਾਸੇ ਇਲਾਕਾ ਮੈਜਿਸਟ੍ਰੇਟ ਨੇ ਜਥੇਦਾਰ ਭੌਰ ਦੀ ਜ਼ਮਾਨਤ ਦੀ ਅਰਜੀ ਸੁਣਦੇ ਹੋਏ 13 ਸਤੰਬਰ ਤੱਕ ਮੁਲਤਵੀ ਕਰ ਦਿੱਤਾ। 

PunjabKesari

ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਭੌਰ ਵੱਲੋਂ ਕੀਤੀ ਗਈ ਕਥਿਤ ਟਿੱਪਣੀ ਦੀ ਵੀਡੀਓ ਵਾਇਰਲ ਹੋ ਗਈ ਸੀ। ਇਸ ਤੋਂ ਬਾਅਦ ਸੰਤ ਰਾਮਾਨੰਦ ਦੇ ਪੈਰੋਕਾਰਾਂ ਨੇ ਬੰਗਾ 'ਚ ਜਥੇਦਾਰ ਸੁਖਦੇਵ ਸਿੰਘ ਦੇ ਘਰ ਦੇ ਅੱਗੇ ਪ੍ਰਦਰਸ਼ਨ ਕੀਤਾ ਸੀ। ਜਿਸ ਤੋਂ ਬਾਅਦ ਨਵਾਂਸ਼ਹਿਰ ਪੁਲਸ ਨੇ ਭੌਰ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿ੍ਰਫਤਾਰ ਕਰ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਡਿਊਟੀ ਮੈਜਿਸਟ੍ਰੇਟ 'ਚ ਪੇਸ਼ ਕੀਤਾ ਗਿਆ ਸੀ, ਜਿੱਥੇ ਜ਼ਮਾਨਤ ਦੀ ਅਰਜੀ 10 ਸਤੰਬਰ ਤੱਕ ਤੈਅ ਕੀਤੀ ਸੀ। 

ਸੋਮਵਾਰ ਇਲਾਕਾ ਮੈਜਿਸਟ੍ਰੇਟ ਦੇ ਸਾਹਮਣੇ ਜਥੇਦਾਰ ਭੌਰ ਵੱਲੋਂ ਸੀਨੀਅਰ ਵਕੀਲ ਅਜੀਤ ਸਿੰਘ ਸਿਆਨ ਸਮੇਤ ਇਕ ਦਰਜਨ ਵਕੀਲ ਪੇਸ਼ ਹੋਏ। ਸੁਣਵਾਈ ਦੌਰਾਨ ਰਿਕਾਰਡ ਪੁਲਸ ਵੱਲੋਂ ਰਿਕਾਰਡ ਪੇਸ਼ ਨਾ ਕਰਨ 'ਤੇ ਮੈਜਿਸਟ੍ਰੇਟ ਨੇ ਜ਼ਮਾਨਤ ਅਰਜ਼ੀ 13 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਪ੍ਰਦਰਸ਼ਨਕਾਰੀ ਇਸ ਤੋਂ ਬਾਅਦ ਦੀਪਕ ਹਿਲੈਰੀ ਦੇ ਨਾਲ ਮਿਲੇ। ਉਨ੍ਹਾਂ ਨੇ ਇਕ ਅਰਜੀ ਦੇ ਕੇ ਮਾਮਲੇ 'ਚ ਹੋਰ ਧਾਰਾਵਾਂ ਜੋੜਨ ਦੀ ਮੰਗ ਕੀਤੀ। ਇਸ ਦੌਰਾਨ ਐੱਸ. ਐੱਸ. ਪੀ. ਹਿਲੇਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਵੀਡੀਓ ਸਬੰਧੀ ਕਾਨੂੰਨੀ ਸਲਾਹ ਲੈ ਕੇ ਧਾਰਾਵਾਂ 'ਚ ਵਾਧਾ ਕਰਨਗੇ। ਇਸ ਮੌਕੇ ਸਤਪਾਲ ਸਾਹਲੋ, ਸਤਪਾਲ ਜੱਸੀ, ਸਤਨਾਮ ਸਿੰਘ, ਬਲਬੀਰ ਕੌਰ, ਸੁਨੀਤਾ, ਕੁਲਵੀਰ ਰਾਜਿੰਦਰ ਕੁਮਾਰ ਆਦਿ ਮੌਜੂਦ ਸਨ।


Related News