ਸ਼੍ਰੋਮਣੀ ਅਕਾਲੀ ਦਲ ਚੁਣੌਤੀਆਂ ਵਿਚੋਂ ਕਾਮਯਾਬ ਹੋ ਕੇ ਨਿਕਲੇਗਾ: ਵਰਿੰਦਰ ਬਾਜਵਾ
Monday, Nov 07, 2022 - 04:25 PM (IST)
ਹੁਸ਼ਿਆਰਪੁਰ (ਇਕਬਾਲ ਸਿੰਘ ਘੁੰਮਣ)- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਰਾਜ ਸਭਾ ਮੈਂਬਰ ਵਰਿੰਦਰ ਸਿੰਘ ਬਾਜਵਾ ਨੇ 'ਜਗ ਬਾਣੀ' ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਅੰਦਰੋਂ ਅਤੇ ਬਾਹਰੋਂ ਮਿਲ ਰਹੀਆਂ ਚੁਣੌਤੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ ਆਪਣਾ ਪੱਖ ਪੇਸ਼ ਕੀਤਾ। ਅਕਾਲੀ ਦਲ ਨੂੰ ਚੁਣੌਤੀਆਂ ਦੇ ਸਵਾਲ ਦਾ ਜਵਾਬ ਦਿੰਦੇ ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੁਣੌਤੀਆਂ ਵਿਚੋਂ ਕਾਮਯਾਬ ਹੋ ਕੇ ਨਿਕਲੇਗਾ ਅਤੇ ਪਾਰਟੀਆਂ ਅੰਦਰ ਉਤਰਾਅ-ਚੜ੍ਹਾਅ ਆਉਂਦੇ ਜਾਂਦੇ ਰਹਿੰਦੇ ਹਨ। ਇਨ੍ਹਾਂ ਨੂੰ ਸੁਧਰਨ ਵਿੱਚ ਅਜੇ ਕੁਝ ਸਮਾਂ ਲੱਗੇਗਾ। ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਮਿਲੇ ਚੈਲੇਂਜ 'ਤੇ ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰਾ ਜ਼ੋਰ ਲਗਾ ਰਹੇ ਹਨ ਉਹ ਇੱਕ ਅਗਾਂਹਵਧੂ ਸੋਚ ਦੇ ਮਾਲਕ ਹਨ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੂਜੀ ਵਾਰੀ ਰਿਪੀਟ ਹੋਈ ਸੀ, ਉਸ ਸਮੇਂ ਹਰ ਕੋਈ ਸੁਖਬੀਰ ਬਾਦਲ ਦੀਆਂ ਤਾਰੀਫ਼ ਕਰ ਰਿਹਾ ਸੀ। ਇਸ ਕਰਕੇ ਕਿਸੇ ਵੀ ਲੀਡਰ ਨੂੰ ਕੰਮ ਕਰਨ ਦੇਣਾ ਚਾਹੀਦਾ ਹੈ, ਜਲਦਬਾਜ਼ੀ ਕਰਨ ਦੀ ਜ਼ਰੂਰਤ ਨਹੀਂ ਹੈ।
ਇਹ ਵੀ ਪੜ੍ਹੋ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਵੰਨ-ਸਵੰਨੇ ਫੁੱਲਾਂ ਨਾਲ ਸਜਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕਿ ਪੰਜਾਬ ਦੇ ਲੋਕ ਬਹੁਤ ਸਮਾਂ ਪਹਿਲਾਂ ਹੀ ਬਦਲਾਅ ਚਾਹੁੰਦੇ ਸਨ। ਇਹ ਬਦਲਾਅ ਪਹਿਲਾਂ ਵੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਣਾਈ ਗਈ ਨਵੀਂ ਪਾਰਟੀ ਦੇ ਰੂਪ ਵਿਚ ਲੋਕ ਵੇਖ ਰਹੇ ਸਨ ਪਰ ਉਹ ਵੋਟਾਂ ਵਿੱਚ ਤਬਦੀਲੀ ਨਹੀਂ ਹੋ ਪਾਏ, ਇਸ ਤੋਂ ਬਾਅਦ ਵਿਚ ਇਹ ਲਹਿਰ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਆਈ, ਜਿਨ੍ਹਾਂ ਨੂੰ ਪਹਿਲੀ ਵਾਰ ਤਾਂ ਹਾਰ ਦਾ ਮੂੰਹ ਵੇਖਣਾ ਪਿਆ ਪਰ ਦੂਜੀ ਵਾਰ ਲੋਕਾਂ ਨੇ ਇਸ ਬਦਲਾਅ 'ਤੇ ਆਪਣੀ ਮੋਹਰ ਲਗਾ ਦਿੱਤੀ।
ਲਾਅ ਐਂਡ ਆਰਡਰ ਦੀ ਸਥਿਤੀ 'ਤੇ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਪੰਜਾਬ ਦੇ ਹਾਲਾਤ ਅੱਜ ਬਹੁਤ ਵਧੀਆ ਨਹੀਂ ਹਨ, ਅੰਮ੍ਰਿਤਸਰ ਦੀ ਤਾਜ਼ਾ ਘਟਨਾ ਵੇਖ ਲਵੋ ਦਰਜਨ ਤੋਂ ਵੱਧ ਉਸ ਨੂੰ ਸਕਿਉਰਿਟੀ ਗਾਰਡ ਮਿਲੇ ਸਨ। ਧਰਨੇ ਵਾਲੀ ਥਾਂ 'ਤੇ ਹੋਰ ਵੀ ਪੁਲਿਸ ਅਧਿਕਾਰੀ ਮੌਜੂਦ ਸਨ, ਉਨ੍ਹਾਂ ਦੇ ਸਾਹਮਣੇ ਹੀ ਗੋਲ਼ੀਆਂ ਮਾਰੀਆਂ ਗਈਆਂ ਅਤੇ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦਾ ਕੇਸ ਵੇਖ ਲਵੋ ਫਿਰ ਆਮ ਵਿਅਕਤੀ ਕਿਸ ਤਰ੍ਹਾਂ ਸੁਰੱਖਿਅਤ ਹੈ। ਲੋਕਾਂ ਦੇ ਮਨ ਵਿੱਚ ਅੱਜ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਠੀਕ ਕਰੇ ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ।
ਇਹ ਵੀ ਪੜ੍ਹੋ : 'ਬਾਬਾ ਨਾਨਕ' ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ
ਬੀਬੀ ਜਗੀਰ ਕੌਰ ਪ੍ਰੈਸ਼ਰ ਬਣਾ ਕੇ ਪ੍ਰਧਾਨਗੀ ਹਾਸਲ ਕਰਨਾ ਚਾਹੁੰਦੀ ਹੈ
ਵਰਿੰਦਰ ਬਾਜਵਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ 'ਤੇ ਆਪਣਾ ਪ੍ਰੈਸ਼ਰ ਬਣਾ ਕੇ ਪ੍ਰਧਾਨਗੀ ਹਾਸਲ ਕਰਨਾ ਚਾਹੁੰਦੇ ਹਨ। ਪਹਿਲਾਂ ਵੀ ਉਨ੍ਹਾਂ ਦੀ ਇਹ ਪਾਲਿਸੀ ਰਹੀ ਹੈ, ਅੱਜ ਜੇਕਰ ਉਨ੍ਹਾਂ ਨੂੰ ਪ੍ਰਧਾਨ ਨਹੀਂ ਬਣਾਇਆ ਜਾ ਰਿਹਾ ਤਾਂ ਉਹ ਬਗ਼ਾਵਤ 'ਤੇ ਉੱਤਰ ਆਏ ਹਨ, ਜੋਕਿ ਸ਼੍ਰੋਮਣੀ ਅਕਾਲੀ ਦਲ ਨਾਲ ਧੋਖਾ ਕਰ ਰਹੇ ਹਨ।
ਬਾਜਵਾ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹੱਕ ਵਿਚ ਬੋਲਦਿਆਂ ਕਿਹਾ ਕਿ ਗੁਰਚਰਨ ਸਿੰਘ ਟੌਹੜਾ ਦੀ ਪ੍ਰਧਾਨਗੀ ਤੋਂ ਬਾਅਦ ਇਹ ਪਹਿਲੇ ਕਾਮਯਾਬ ਪ੍ਰਧਾਨ ਹੋ ਕੇ ਨਿਕਲੇ ਹਨ ਸਿੱਖ ਕੌਮ ਲਈ ਕੰਮ ਕੀਤੇ ਹਨ ਉਹ ਇਮਾਨਦਾਰ ਉੱਚੀ ਸੁੱਚੀ ਅਤੇ ਅਗਾਂਹਵਧੂ ਸੋਚ ਦੇ ਮਾਲਕ ਹਨ। ਉਨ੍ਹਾਂ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਦਾ ਪੀਰੀਅਡ ਬਹੁਤ ਘੱਟ ਹੁੰਦਾ ਹੈ। ਇਸ ਕਰਕੇ ਧਾਮੀ ਨੂੰ ਦੂਜੀ ਵਾਰ ਮੌਕਾ ਮਿਲਣਾ ਚਾਹੀਦਾ ਹੈ, ਜਿਸ ਨੂੰ ਸਿੱਖ ਸੰਗਤਾਂ ਚਾਹੁੰਦੀਆਂ ਹਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।