ਕਰਜ਼ੇ ਨੇ ਲਈ ਸਾਬਕਾ ਪੰਚ ਦੀ ਜਾਨ
Friday, Oct 06, 2017 - 10:47 AM (IST)

ਧਨੌਲਾ (ਰਵਿੰਦਰ)- ਪਿੰਡ ਬਡਬਰ ਦੇ ਸਾਬਕਾ ਪੰਚ ਗੁਰਮੇਜ ਸਿੰਘ (70) ਨੇ ਕਰਜ਼ੇ ਦੇ ਬੋਝ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਪੀ ਲਈ, ਜਿਸਨੂੰ ਪਟਿਆਲਾ ਲਿਜਾਇਆ ਗਿਆ ਪਰ ਉਸਨੇ ਦਮ ਤੋੜ ਦਿੱਤਾ। ਮ੍ਰਿਤਕ ਦੇ ਲੜਕੇ ਕੁਲਵੰਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸਦੇ ਪਿਤਾ ਗੁਰਮੇਜ ਸਿੰਘ ਪੁੱਤਰ ਜਗਤਾਰ ਸਿੰਘ, ਜੋ ਸਾਬਕਾ ਪੰਚ ਸਨ, ਦੇ ਸਿਰ ਬੈਂਕ ਅਤੇ ਆੜ੍ਹਤੀਆਂ ਦਾ ਕਾਫੀ ਕਰਜ਼ਾ ਸੀ, ਜੋ ਉਨ੍ਹਾਂ ਦੀ ਜ਼ਮੀਨ ਸੜਕ ਵਿਚ ਆਉਣ ਕਾਰਨ ਮਿਲੇ ਮੁਆਵਜ਼ੇ ਦੇ ਪੈਸਿਆਂ ਨਾਲ ਵੀ ਨਹੀਂ ਉਤਰਿਆ। ਉਕਤ ਪੈਸਿਆਂ ਨਾਲ ਭਾਵੇਂ ਬੈਂਕ ਦਾ ਕਰਜ਼ਾ ਉਨ੍ਹਾਂ ਲਾਹ ਦਿੱਤਾ ਸੀ ਪਰ ਆੜ੍ਹਤੀ ਅਤੇ ਹੋਰ ਲੋਕਾਂ ਦੇ ਪੈਸੇ ਸਿਰ 'ਤੇ ਖੜ੍ਹੇ ਹੋਣ ਕਾਰਨ ਉਸਦੇ ਪਿਤਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੇ ਸਨ, ਜਿਨ੍ਹਾਂ ਬੀਤੀ ਰਾਤ ਕਰੀਬ 8 ਵਜੇ ਕੋਈ ਜ਼ਹਿਰੀਲੀ ਦਵਾਈ ਪੀ ਲਈ। ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਮ ਤੋੜ ਦਿੱਤਾ। ਥਾਣੇਦਾਰ ਗੁਰਜੰਟ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਲੜਕੇ ਕੁਲਵੰਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਜਾਵੇਗੀ।