ਸਾਬਕਾ ਵਿਧਾਇਕ ਦੇ ਪੈਟਰੋਲ ਪੰਪ ਦਾ ਮੈਨੇਜਰ ਭੇਤਭਰੇ ਹਾਲਾਤ ’ਚ ਲਾਪਤਾ, ਪੈਸੇ ਜਮ੍ਹਾ ਕਰਾਉਣ ਗਿਆ ਸੀ ਬੈਂਕ
Friday, May 13, 2022 - 11:32 AM (IST)
ਹਰਸ਼ਾ ਛੀਨਾ (ਭੱਟੀ) - ਜ਼ਿਲ੍ਹਾ ਅੰਮ੍ਰਿਤਸਰ ਦੇ ਪੁਲਸ ਥਾਣਾ ਰਾਜਾਸਾਂਸੀ ਅਧੀਨ ਆਉਂਦੀ ਪੁਲਸ ਚੌਕੀ ਕੁੱਕੜਾਂਵਾਲਾ ਦੇ ਨੇੜੇ ਅੱਡਾ ਦਾਲਮ ਵਿਖੇ ਇਕ ਪੈਟਰੋਲ ਪੰਪ ’ਤੇ ਕੰਮ ਕਰਦੇ ਮੈਨੇਜਰ ਦੇ ਪਿਛਲੀ ਸ਼ਾਮ ਤੋਂ ਭੇਤਭਰੇ ਹਾਲਾਤ ’ਚ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਖੰਡਵਾਲਾ (ਅੰਮ੍ਰਿਤਸਰ) ਦੇ ਵਸਨੀਕ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਪਵਨ ਕੁਮਾਰ ਪਿਛਲੇ 20 ਸਾਲਾਂ ਤੋਂ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਦੇ ਪੈਟਰੋਲ ਪੰਪ, ਜੋ ਅੱਡਾ ਦਾਲਮ ਵਿਖੇ ਸਥਿਤ ਹੈ, ਉਸ ’ਤੇ ਅਤੇ ਹੋਰ ਕਾਰੋਬਾਰ ਵਿਚ ਬਤੌਰ ਮੈਨੇਜਰ ਵਜੋਂ ਕੰਮ ਕਰ ਰਿਹਾ ਸੀ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: 3 ਸਾਲਾ ਪਹਿਲਾਂ ਰੋਜ਼ੀ-ਰੋਟੀ ਲਈ ਕੁਵੈਤ ਗਏ ਚੋਹਲਾ ਸਾਹਿਬ ਦੇ 26 ਸਾਲਾ ਨੌਜਵਾਨ ਦੀ ਹੋਈ ਮੌਤ
ਜਦੋਂਕਿ ਉਹ ਬੀਤੀ ਸ਼ਾਮ ਪੈਟਰੋਲ ਪੰਪ ਤੋਂ ਸੇਲ ਕੀਤੀ ਰਕਮ ਨੂੰ ਬੈਂਕ ਵਿਚ ਜਮ੍ਹਾ ਕਰਵਾਉਣ ਲਈ ਆਪਣੀ ਐਕਟਿਵਾ ’ਤੇ ਗਿਆ, ਜਦੋਂਕਿ ਉਹ ਨਾ ਤਾਂ ਬੈਂਕ ਪੁੱਜਾ ਅਤੇ ਨਾ ਹੀ ਅਜੇ ਤੱਕ ਘਰ ਆਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਦੀ ਐਕਟਿਵਾ ਪਿੰਡ ਦਾਲਮ ਦੇ ਨਜ਼ਦੀਕ ਸਥਿਤ ਇਕ ਦਰਗਾਹ ਦੇ ਨੇੜਿਓਂ ਲਾਵਾਰਿਸ ਹਾਲਤ ਵਿਚ ਮਿਲੀ ਹੈ। ਇਸ ਸਬੰਧੀ ਪੁਲਸ ਚੌਕੀ ਕੁੱਕੜਾਂਵਾਲਾ ਦੇ ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਲਾਵਾਰਿਸ ਪਈ ਐਕਟਿਵਾ ਨੂੰ ਉਨ੍ਹਾਂ ਵੱਲੋਂ ਚੌਕੀ ਵਿਖੇ ਲਿਆਂਦਾ ਗਿਆ ਹੈ। ਪਰਿਵਾਰ ਵਾਲਿਆਂ ਵੱਲੋਂ ਪਵਨ ਕੁਮਾਰ ਦੀ ਗੁੰਮਸ਼ੁਦਗੀ ਦੀ ਅਜੇ ਤੱਕ ਕੋਈ ਰਿਪੋਰਟ ਦਰਜ ਨਹੀਂ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਫਿਰ ਵੀ ਪੁਲਸ ਵੱਲੋਂ ਆਪਣੇ ਤੌਰ ’ਤੇ ਪੰਪ ਦੇ ਨੇੜੇ ਅਤੇ ਰੋਡ ਉੱਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ।