ਕੇਂਦਰ ਸਰਕਾਰ ''ਤੇ ਲਗਾਏ ਦੋਸ਼ਾਂ ''ਤੇ ਸਾਬਕਾ ਮੰਤਰੀ ਕਾਲੀਆ ਦਾ ਪਲਟ ਵਾਰ
Wednesday, Apr 29, 2020 - 11:01 PM (IST)
ਜਲੰਧਰ (ਸ.ਹ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਆਰਥਿਕ ਪੈਕੇਜ ਨਾ ਦਿੱਤੇ ਜਾਣ ਦੇ ਦੋਸ਼ ਦਾ ਪੰਜਾਬ ਦੇ ਸਾਬਕਾ ਸਥਾਨਕ ਕੈਬਿਨਟ ਅਤੇ ਸਿਹਤ ਮੰਤਰੀ ਮਨੋਰੰਜਨ ਕਾਲੀਆ ਨੇ ਤੱਥਾਂ ਦੇ ਨਾਲ ਜਵਾਬ ਦਿੱਤਾ ਹੈ। ਕਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਇਸ ਮਾਮਲੇ ਵਿਚ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਸਿਰਫ ਅਪ੍ਰੈਲ ਮਹੀਨੇ ਵਿਚ ਹੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 4343 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਦਿੱਤੇ ਹਨ। ਆਰਥਿਕ ਪੈਕੇਜ ਦਾ ਮਤਲਬ ਹੈ ਕਿ ਸਰਕਾਰ ਵੱਖ-ਵੱਖ ਮੁੱਦਿਆਂ ਵਿਚ ਸੂਬਾ ਸਰਕਾਰ ਨੂੰ ਪੈਸਾ ਟਰਾਂਸਫਰ ਕਰਦੀ ਹੈ, ਇਹ ਪੈਕੇਜ ਕਦੇ ਇਕ ਡੱਬੇ ਦੀ ਸ਼ਕਲ ਵਿਚ ਨਹੀਂ ਆਵੇਗਾ ਜਿਸ ਦਾ ਰਿਬਨ ਖੋਲ ਕੇ ਤੁਸੀਂ ਇਸ ਵਿਚੋਂ ਪੈਕੇਜ ਕੱਢ ਲਵੋ।
ਕਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਜੀ.ਐਸ. ਟੀ. ਕੰਪਨਸੇਸ਼ਨ ਅਤੇ ਸੈਸ ਦੇ ਤੌਰ 'ਤੇ 2366 ਕਰੋੜ ਰੁਪਏ ਦਿੱਤੇ ਹਨ, ਟੈਕਸ ਡੇਵੁਲੇਸ਼ਨ ਦੇ ਤੌਰ 'ਤੇ 823 ਕਰੋੜ ਰੁਪਏ, ਰੈਵੇਨਿਊ ਡੇਫੀਸਿਟ ਗ੍ਰਾਂਟ ਦੇ ਤੌਰ 'ਤੇ 638 ਕਰੋੜ ਰੁਪਏ, ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਵਿਚ 248 ਕਰੋੜ ਰੁਪਏ ਅਤੇ ਕੇਂਦਰ ਵਲੋਂ ਸਪਾਂਸਰ ਕੀਤੀਆਂ ਜਾਣ ਵਾਲੀਆਂ ਯੋਜਨਾਵਆਂ ਵਿਚ 268 ਕਰੋੜ ਰੁਪਏ ਦਿੱਤੇ ਗਏ ਹਨ ਅਤੇ ਇਹ ਕੁਲ ਮਿਲਾ ਕੇ 4343 ਕਰੋੜ ਰੁਪਏ ਬਣਦੇ ਹਨ, ਇਸ ਤੋਂ ਇਲਾਵਾ ਕਿਸਾਨਾਂ ਨੂੰ ਡਾਇਰੈਕਟ ਟਰਾਂਸਫਰ, ਬਜ਼ੁਰਗਾਂ ਨੂੰ ਪੈਨਸ਼ਨ ਅਤੇ ਗਰੀਬਾਂ ਨੂੰ ਸਿਲੰਡਰ ਦੇ ਤੌਰ 'ਤੇ ਦਿੱਤੀ ਗਈ ਮਦਦ ਤਕਰੀਬਨ 747 ਕਰੋੜ ਰੁਪਏ ਬਣਦੀ ਹੈ।
ਜੇਕਰ ਪੰਜਾਬ ਦੇ ਲੋਕ ਤੁਹਾਡੇ ਭਰੋਸੇ 'ਤੇ ਰਹਿੰਦੇ ਤਾਂ ਉਨ੍ਹਾਂ ਨੂੰ ਕੋਈ ਖਾਣ ਨੂੰ ਵੀ ਨਾ ਪੁੱਛਦਾ, ਪੰਜਾਬ ਸਰਕਾਰ ਨੇ ਮੁੱਖ ਮੰਤਰੀ ਨੂੰ ਫੋਟੋ ਲਗਾ ਕੇ ਲੋਕਾਂ ਨੂੰ ਰਾਸ਼ਨ ਦੀਆਂ ਬੋਰੀਆਂ ਵੰਡਣ ਦੀ ਗੱਲ ਕੀਤੀ ਸੀ ਪਰ ਉਹ ਬੋਰੀਆਂ ਕਾਂਗਰਸ ਦੇ ਕਿਸ ਵਿਧਾਇਕ ਕੋਲ ਹਨ ਇਸ ਦਾ ਕਿਸੇ ਨੂੰ ਕੋਈ ਪਤਾ ਨਹੀਂ ਹੈ। ਕਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੰਕਟ ਦੀ ਇਸ ਘੜੀ ਵਿਚ ਸੂਬਾ ਸਰਕਾਰ ਦੀ ਡਿਊਟੀ ਸਿਰਫ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਲਈ ਲਗਾਈ ਸੀ ਪਰ ਕੈਪਟਨ ਉਹ ਡਿਊਟੀ ਵੀ ਪੂਰੀ ਨਹੀਂ ਕਰ ਪਾ ਰਹੇ।