ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਦਾ ਅਹਿਮ ਬਿਆਨ, ਪੰਜਾਬ ’ਚ ਵੀ ਭਾਜਪਾ ਹੀ ਇਕੋ-ਇਕ ਬਦਲ

03/29/2023 3:49:49 PM

ਜਲੰਧਰ- ਰਾਹੁਲ ਗਾਂਧੀ ਦੀ ਮੈਂਬਰਸ਼ਿਪ, ਅਡਾਨੀ, ਅਤੀਕ ਅਹਿਮਦ ਅਤੇ ਅੰਮ੍ਰਿਤਪਾਲ ਵਰਗੇ ਮੁੱਦਿਆਂ ’ਤੇ ਭਾਜਪਾ ਨੇ ਲੋਕ ਸਭਾ ਵਿਚ ਆਪਣੀ ਪਿਛਲੀ ਕਾਰਗੁਜ਼ਾਰੀ ਨੂੰ ਦੁਹਰਾਉਣ ਜਾਂ ਵਧਾਉਣ ਦੀ ਤਿਆਰੀ ਕਰ ਲਈ ਹੈ। ਜਿੱਥੇ ਭਾਜਪਾ ਨੇ ਬਿਹਾਰ, ਉੜੀਸਾ, ਰਾਜਸਥਾਨ ਅਤੇ ਦਿੱਲੀ ਵਿਚ ਪਾਰਟੀ ਦੀ ਅਗਵਾਈ ਕਰਨ ਲਈ ਨਵੇਂ ਚਿਹਰਿਆਂ ਦੀ ਨਿਯੁਕਤੀ ਕੀਤੀ ਹੈ, ਉਥੇ ਸੂਬਿਆਂ ਦੇ ਇੰਚਾਰਜ ਵੀ ਬਦਲੇ ਹਨ। ਇਸੇ ਲੜੀ ਤਹਿਤ ਪਾਰਟੀ ਨੇ ਪੰਜਾਬ ਦੀ ਜਿੰਮੇਵਾਰੀ ਸੀਨੀਅਰ ਆਗੂ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਨੂੰ ਸੌਂਪੀ ਹੈ ਤਾਂ ਜੋ ਸਾਲਾਂ ਤੋਂ ਇਥੇ ਆਪਣਾ ਮੁਕਾਮ ਬਣਾਉਣ ਦੀ ਕੋਸ਼ਿਸ਼ ਕਰ ਰਹੀ ਭਾਜਪਾ ਕੁਝ ਨਵਾਂ ਕਰ ਸਕੇ। ਵਿਜੇ ਰੁਪਾਨੀ ਨੇ ਵੀ ਜਲੰਧਰ ਉਪ ਚੋਣ ਦੇ ਬਹਾਨੇ ਆਪਣੀ ਰਣਨੀਤੀ ’ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਜਲੰਧਰ ਦੌਰੇ ਦੌਰਾਨ ਉਨ੍ਹਾਂ ਨੇ ‘ਜਗ ਬਾਣੀ’ ਦੇ ਪੱਤਰਕਾਰ ਸੰਜੀਵ ਸ਼ਰਮਾ ਨਾਲ ਲੰਬੀ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਜਿਥੇ ਵਿਜੇ ਰੁਪਾਨੀ ਨੇ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦਾ 400 ਤੋਂ ਵੱਧ ਸੀਟਾਂ ’ਤੇ ਜਿੱਤ ਦਰਜ ਕਰਨ ਦਾ ਦਾਅਵਾ ਕੀਤਾ ਹੈ, ਉਥੇ ਹੀ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਦਾ ‘ਆਪ’ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ ਅਤੇ ਲੋਕਾਂ ਦਾ ਭਾਜਪਾ ਪ੍ਰਤੀ ਭਰੋਸਾ ਵਧਦਾ ਜਾ ਰਿਹਾ ਹੈ। ਪੇਸ਼ ਹਨ ਗੱਲਬਾਤ ਦੇ ਅੰਸ਼ :-

ਰਾਹੁਲ ਗਾਂਧੀ ਦੀ ਮੈਂਬਰਸ਼ਿਪ ਸਬੰਧੀ ਭਾਜਪਾ ਦਾ ਕੋਈ ਲੈਣਾ-ਦੇਣਾ ਨਹੀਂ
ਦੇਸ਼ ’ਚ ਜੋ ਮਾਹੌਲ ਹੈ ਖਾਸ ਕਰ ਕੇ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕੀਤੇ ਜਾਣ ਸਬੰਧੀ ਭਾਜਪਾ ’ਤੇ ਸਵਾਲ ਚੁੱਕੇ ਜਾ ਰਹੇ ਹਨ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਤਾਂ ਵਿਜੇ ਰੁਪਾਨੀ ਨੇ ਕਿਹਾ ਕਿ ਭਾਜਪਾ ਦਾ ਇਸ ਨਾਲ ਕੀ ਲੈਣਾ-ਦੇਣਾ ਹੈ। ਇਹ ਨਿਰੋਲ ਕਾਨੂੰਨੀ ਮੁੱਦਾ ਹੈ। ਰਾਹੁਲ ਗਾਂਧੀ ਇਕ ਸਭਾ ਵਿਚ ਸ਼ਰੇਆਮ ਇਕ ਵਿਸ਼ੇਸ਼ ਭਾਈਚਾਰੇ ਨੂੰ ਮਾੜੀ ਭਾਸ਼ਾ ਨਾਲ ਨਿਸ਼ਾਨਾ ਬਣਾਉਂਦੇ ਹਨ, ਉਨ੍ਹਾਂ ਵਿਰੁੱਧ ਕੇਸ ਦਰਜ ਹੁੰਦਾ ਹੈ। ਚਾਰ ਸਾਲਾਂ ਦੀ ਸੁਣਵਾਈ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਫ਼ੈਸਲਾ ਆਇਆ। ਸਜ਼ਾ ਤੋਂ ਬਾਅਦ ਜੋ ਹੋਇਆ ਉਹ ਇਕ ਖਾਸ ਪ੍ਰਕਿਰਿਆ ਦਾ ਹਿੱਸਾ ਹੈ। ਅਜਿਹੇ ਹਾਲਾਤ ਨੇ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨੀ ਹੀ ਸੀ। ਇਸ ਵਿਚ ਸਾਡੀ ਪਾਰਟੀ ਕਿੱਥੇ ਹੈ? ਇਹ ਰਾਹੁਲ ਗਾਂਧੀ ਅਤੇ ਅਦਾਲਤ ਵਿਚਕਾਰ ਮਾਮਲਾ ਹੈ।

ਇਹ ਵੀ ਪੜ੍ਹੋ :3 ਮਹੀਨਿਆਂ ਬਾਅਦ ਪੰਜਾਬ ਪਰਤੀ ਮਸਕਟ ’ਚ ਫਸੀ ਸਵਰਨਜੀਤ ਕੌਰ, ਸੁਣਾਈ ਹੱਡਬੀਤੀ

ਗਾਂਧੀ ਪਰਿਵਾਰ ਦੇ ਬੈਨਰ ਹੇਠ ਕਾਂਗਰਸ ਲਗਾਤਾਰ ਨਿਘਾਰ ਵੱਲ ਜਾ ਰਹੀ
ਇਕ ਹੋਰ ਸਵਾਲ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਦਾ ਇਹ ਵੀ ਕਹਿਣਾ ਹੈ ਕਿ ਭਾਜਪਾ ਉਨ੍ਹਾਂ ਤੋਂ ਡਰਦੀ ਹੈ ਤਾਂ ਭਾਜਪਾ ਦੇ ਪੰਜਾਬ ਇੰਚਾਰਜ ਨੇ ਕਿਹਾ-ਇਹ ਬਹੁਤ ਦਿਲਚਸਪ ਹੈ। ਇਕ ਪਾਸੇ ਭਾਜਪਾ ਹੈ, ਜੋ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਲਗਾਤਾਰ ਇਕ ਤੋਂ ਬਾਅਦ ਇਕ ਕਿਲ੍ਹੇ ਜਿੱਤ ਰਹੀ ਹੈ। ਦੂਜੇ ਪਾਸੇ ਗਾਂਧੀ ਪਰਿਵਾਰ ਦੇ ਬੈਨਰ ਹੇਠ ਬਣੀ ਕਾਂਗਰਸ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ। ਅਜਿਹੇ ਵਿਚ ਇਹ ਆਪਣੇ ਆਪ ਵਿਚ ਹਾਸੋਹੀਣਾ ਹੈ ਕਿ ਕੋਈ ਇਹ ਕਹੇ ਕਿ ਭਾਜਪਾ ਰਾਹੁਲ ਗਾਂਧੀ ਜਾਂ ਕਾਂਗਰਸ ਤੋਂ ਡਰਦੀ ਹੈ।

ਰਾਹੁਲ ਗਾਂਧੀ ਨੂੰ ਗੱਲ ਕਹਿਣ ਤੋਂ ਬਾਅਦ ਮੁਕਰਨ ਦੀ ਆਦਤ
ਅਜਿਹੇ ਮਾਮਲਿਆਂ ਵਿਚ ਸਿਆਸਤਦਾਨ ਤੁਰੰਤ ਉੱਚ ਅਦਾਲਤਾਂ ਵਿਚ ਅਪੀਲ ਕਰਨ ਲਈ ਦੌੜਦੇ ਹਨ। ਰਾਹੁਲ ਗਾਂਧੀ ਨੇ ਅਜੇ ਤੱਕ ਅਜਿਹਾ ਕੁਝ ਨਹੀਂ ਕੀਤਾ, ਕਿਤੇ ਇਹ ਉਨ੍ਹਾਂ ਦੀ ਰਣਨੀਤੀ ਤਾਂ ਨਹੀਂ ਤਾਂ ਵਿਜੇ ਰੁਪਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸਸਤੀ ਪ੍ਰਸਿੱਧੀ ਦੀ ਆਦਤ ਹੈ। ਉਹ ਕੁਝ ਵੀ ਬੋਲ ਦਿੰਦੇ ਹਨ ਅਤੇ ਫਿਰ ਪਿੱਛੇ ਹਟ ਜਾਂਦੇ ਹਨ। ਬਿਨਾਂ ਤੱਥਾਂ ਦੇ ਕਿਸੇ ਖ਼ਿਲਾਫ਼ ਕੁਝ ਵੀ ਕਹਿਣਾ ਉਨ੍ਹਾਂ ਦੀ ਆਦਤ ਹੈ। ਉਹ ਸਿਰਫ਼ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਰਹਿਣਾ ਚਾਹੁੰਦੇ ਹਨ।

ਵਿਰੋਧੀ ਧਿਰ ਹੈ ਹੀ ਕਿੱਥੇ? ਸਾਰੇ ਖਿੱਲਰੇ ਪਏ ਹਨ
ਜਦੋਂ ਪੰਜਾਬ ਭਾਜਪਾ ਦੇ ਇੰਚਾਰਜ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਜਾਣੇ-ਅਣਜਾਣੇ ਵਿਚ ਭਾਜਪਾ ਨੇ ਸਾਰੇ ਵਿਰੋਧੀਆਂ ਨੂੰ ਇੱਕਜੁੱਟ ਹੋਣ ਦਾ ਮੌਕਾ ਤਾਂ ਨਹੀਂ ਦੇ ਦਿੱਤਾ ਹੈ। ਇਸ ’ਤੇ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਹੈ ਹੀ ਕਿੱਥੇ? ਸਾਰੇ ਖਿੱਲਰੇ ਪਏ ਹਨ। ਪੂਰੇ ਦੇਸ਼ ਵਿਚ ਮੋਦੀ ਜੀ ਦੀ ਵਿਸ਼ਾਲ ਲੀਡਰਸ਼ਿਪ ਦੇ ਸਾਹਮਣੇ ਕੋਈ ਦੂਰ-ਦੂਰ ਤੱਕ ਨਹੀਂ ਹੈ ਤਾਂ ਏਕਤਾ ਕਿੱਥੋਂ ਆਵੇਗੀ। ਤੁਸੀਂ ਵੇਖੋਗੇ, ਇਸ ਵਾਰ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਪਹਿਲਾਂ ਨਾਲੋਂ ਵੱਧ ਸੀਟਾਂ ਮਿਲਣਗੀਆਂ। ਭਾਜਪਾ 400 ਦੇ ਅੰਕੜੇ ਨੂੰ ਛੂਹ ਲਵੇਗੀ। ਕੇਂਦਰ ਦੀਆਂ ਚੋਣਾਂ ਵੱਖਰੀਆਂ ਹਨ ਜਿੱਥੇ ਹਰ ਕੋਈ ਮੋਦੀ ਦੇ ਨਾਲ ਹਨ। ਭਾਵੇਂ ਕੁਝ ਰਾਜਾਂ ਵਿਚ ਗੈਰ-ਭਾਜਪਾ ਸਰਕਾਰਾਂ ਹੋਣ।

ਇਹ ਵੀ ਪੜ੍ਹੋ : CM ਮਾਨ ਨੇ ਹਿਮਾਚਲ ਦੇ CM ਸੁੱਖੂ ਨਾਲ ਕੀਤੀ ਮੁਲਾਕਾਤ, ਵਾਟਰ ਸੈੱਸ ਸਣੇ ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ

ਪੰਜਾਬ ਦੀਆਂ ਸਮੱਸਿਆਵਾਂ ਸਬੰਧੀ ਪੀ. ਐੱਮ. ਸੰਵੇਦਨਸ਼ੀਲ
ਤੁਸੀਂ ਪੰਜਾਬ ਦੇ ਇੰਚਾਰਜ ਹੋ। ਇਥੇ ਭਾਜਪਾ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਾਮਯਾਬੀ ਤੋਂ ਦੂਰ ਹੈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੋਕਾਂ ਨੇ ਸਭ ਕੁਝ ਅਜ਼ਮਾਇਆ ਹੈ। ਅਕਾਲੀ ਦਲ, ਕਾਂਗਰਸ ਅਤੇ ਹੁਣ ਤਾਂ ਆਮ ਆਦਮੀ ਪਾਰਟੀ ਦਾ ਵੀ ਪਰਦਾਫਾਸ਼ ਹੋ ਗਿਆ ਹੈ। ਹੁਣ ਸਾਰਿਆਂ ਦੀ ਉਮੀਦ ਭਾਜਪਾ ਤੋਂ ਹੈ। ਅਸੀਂ ਪੰਜਾਬ ਨੂੰ ਇਕ ਬਿਹਤਰ ਲੀਡਰਸ਼ਿਪ ਬਦਲ ਦੇਣ ਲਈ ਦ੍ਰਿੜ ਹਾਂ। ਇਸ ਵਾਰ ਇਥੇ ਵੀ ਸਮੀਕਰਨ ਬਦਲ ਜਾਣਗੇ। ਭਾਜਪਾ ਪੰਜਾਬ ਦੀਆਂ ਮੁੱਖ ਸਮੱਸਿਆਵਾਂ ਤੋਂ ਨਾ ਸਿਰਫ਼ ਜਾਣੂ ਹੈ, ਸਗੋਂ ਪ੍ਰਧਾਨ ਮੰਤਰੀ ਮੋਦੀ ਵੀ ਉਨ੍ਹਾਂ ਪ੍ਰਤੀ ਸੰਵੇਦਨਸ਼ੀਲ ਹਨ। ਪੰਜਾਬ ’ਚ ਭਾਵੇਂ ਪ੍ਰਵਾਸ ਦੀ ਸਮੱਸਿਆ ਹੋਵੇ, ਖੇਤੀ ਦੀ ਸਮੱਸਿਆ ਹੋਵੇ ਜਾਂ ਨਸ਼ਿਆਂ ਦੀ ਸਮੱਸਿਆ, ਪ੍ਰਧਾਨ ਮੰਤਰੀ ਇਸ ਸਭ ਬਾਰੇ ਨਿੱਜੀ ਤੌਰ ’ਤੇ ਚਿੰਤਤ ਹਨ ਅਤੇ ਅਸੀਂ ਇਸ ਦਾ ਸਥਾਈ ਹੱਲ ਲੱਭਾਂਗੇ।

ਜਲੰਧਰ ਲੋਕ ਸਭਾ ਉਪ ਚੋਣ ਭਾਜਪਾ ਲਈ ਮਹੱਤਵਪੂਰਨ ਹੈ
ਕੀ ਜਲੰਧਰ ਜ਼ਿਮਨੀ ਚੋਣ ਨੂੰ 2024 ਤੋਂ ਪਹਿਲਾਂ ਪੰਜਾਬ ਵਿਚ ਸੈਮੀਫਾਈਨਲ ਮੰਨਿਆ ਜਾਵੇ ਤਾਂ ਪੰਜਾਬ ਇੰਚਾਰਜ ਨੇ ਕਿਹਾ ਕਿ ਇਹ ਇਕ ਸੀਟ ਲਈ ਉਪ ਚੋਣ ਹੈ। ਇਸ ਨੂੰ ਸਮੁੱਚੀ ਲੋਕ ਸਭਾ ਦੇ ਸੰਦਰਭ ਵਿਚ ਨਹੀਂ ਦੇਖਿਆ ਜਾਣਾ ਚਾਹੀਦਾ। ਹਾਂ, ਫਿਰ ਵੀ ਜਨਤਾ ਦੇ ਮੂਡ ਦਾ ਇਕ ਰੁਝਾਨ ਤਾਂ ਪਤਾ ਲੱਗਦਾ ਹੀ ਹੈ। ਲੋਕ ਭਗਵੰਤ ਮਾਨ ਸਰਕਾਰ ਤੋਂ ਵੀ ਦੁਖੀ ਹਨ। ਇਸ ਲਈ ਚੋਣ ਮਹੱਤਵਪੂਰਨ ਤਾਂ ਹੈ। ਅਸੀਂ ਸਾਰੇ ਵਰਕਰਾਂ, ਆਗੂਆਂ ਨਾਲ ਮੀਟਿੰਗ ਕੀਤੀ ਹੈ ਅਤੇ ਇਕਜੁੱਟ ਹੋ ਕੇ ਜ਼ਿਮਨੀ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੇ ਵਧੀਆ ਨਤੀਜੇ ਆਉਣਗੇ।

ਅੰਮ੍ਰਿਤਪਾਲ ਦਾ ਮਾਮਲਾ ਪੰਜਾਬ ਅਤੇ ਦੇਸ਼ ਦੀ ਅਖੰਡਤਾ ਦਾ ਮਾਮਲਾ
ਜਦੋਂ ਵਿਜੇ ਰੁਪਾਨੀ ਤੋਂ ਅੰਮ੍ਰਿਤਪਾਲ ਮਾਮਲੇ ’ਤੇ ਭਾਜਪਾ ਦਾ ਸਟੈਂਡ ਜਾਣਨਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਅੰਮ੍ਰਿਤਪਾਲ ਦੇ ਮੁੱਦੇ ਨੂੰ ਸਿਆਸੀ ਨਜ਼ਰੀਏ ਤੋਂ ਨਹੀਂ ਦੇਖਦੇ। ਇਹ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਮਾਮਲਾ ਹੈ। ਉਸ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਇਸ ਨੂੰ ਅਸੀਂ ਪੰਜਾਬ ਵਿਚ ਹਿੰਦੂ-ਸਿੱਖ ਭਾਈਚਾਰਕ ਸਾਂਝ ਦੇ ਨਜ਼ਰੀਏ ਤੋਂ ਦੇਖਦੇ ਹਾਂ। ਇਹ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਹੈ ਅਤੇ ਟੁੱਟਣਾ ਨਹੀਂ ਚਾਹੀਦਾ ਅਤੇ ਦੇਸ਼ ਵੀ ਟੁੱਟਣਾ ਨਹੀਂ ਚਾਹੀਦਾ। ਅਸੀਂ ਦੇਸ਼-ਵਿਰੋਧੀ ਅਨਸਰਾਂ, ਦੇਸ਼ ਅਤੇ ਪੰਜਾਬ ਨੂੰ ਤੋੜਨ ਵਾਲੇ ਤੱਤਾਂ ’ਤੇ ਬਿਲਕੁੱਲ ਵਿਸ਼ਵਾਸ ਨਹੀਂ ਕਰਦੇ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਦੇ ਹੱਕ ਵਿਚ ਹਾਂ। ਸਾਡਾ ਇਹ ਵੀ ਸਪੱਸ਼ਟ ਵਿਚਾਰ ਹੈ ਕਿ ਅਜਿਹੇ ਮਾਮਲਿਆਂ ਵਿਚ ਜਿਹੜੇ ਦੋਸ਼ੀ ਨਹੀਂ ਹਨ, ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ।

ਇਹ ਵੀ ਪੜ੍ਹੋ : ਜਲੰਧਰ: ਵਿਆਹ ਸਮਾਗਮ 'ਚ ਗਿਆ ਸੀ ਪਰਿਵਾਰ, ਵਾਪਸ ਆਏ ਤਾਂ ਪੁੱਤ ਨੂੰ ਇਸ ਹਾਲ ਵੇਖ ਉੱਡੇ ਹੋਸ਼

ਭਾਜਪਾ ਪੰਜਾਬ ’ਚ ਪੂਰੀ ਤਾਕਤ ਨਾਲ ਇਕੱਲਿਆਂ ਚੋਣ ਲੜੇਗੀ
ਭਾਜਪਾ ਇੰਚਾਰਜ ਨੇ ਸਪੱਸ਼ਟ ਕੀਤਾ ਕਿ ਭਾਜਪਾ ਹੁਣ ਪੰਜਾਬ ’ਚ ਕਿਸੇ ਨਾਲ ਮਿਲ ਕੇ ਚੋਣ ਨਹੀਂ ਲੜੇਗੀ। ਅਸੀਂ ਵਿਧਾਨ ਸਭਾ ਚੋਣਾਂ ਜ਼ਰੂਰ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਲੜੀਆਂ ਪਰ ਹੁਣ ਉਹ ਵੀ ਭਾਜਪਾ ਵਿਚ ਹੀ ਹੈ। ਅਕਾਲੀ ਦਲ ਜਾਂ ਕਿਸੇ ਹੋਰ ਨਾਲ ਜਾਣ ਦਾ ਕੋਈ ਸਵਾਲ ਹੀ ਨਹੀਂ ਹੈ। ਅਸੀਂ ਅਕਾਲੀ ਦਲ ਨਹੀਂ ਛੱਡਿਆ , ਉਨ੍ਹਾਂ ਨੇ ਛੱਡਿਆ । ਇਸ ਲਈ ਉਹ ਚੈਪਟਰ ਹੁਣ ਖਤਮ ਹੋ ਗਿਆ ਹੈ। ਭਾਜਪਾ ਲੋਕ ਸਭਾ ਚੋਣਾਂ ਲਈ ਅਡਵਾਂਸ ਵਿਚ ਟਿਕਟ ਐਲਾਨ ਦੇਵੇਗੀ ਅਤੇ ਪੂਰੀ ਤਾਕਤ ਨਾਲ ਚੋਣਾਂ ਲੜੇਗੀ। ਇਸ ਵਾਰ ਦੇ ਨਤੀਜੇ ਹੈਰਾਨ ਕਰਨ ਵਾਲੇ ਹੋਣਗੇ।

ਸਰਕਾਰ ਵੱਲੋਂ ਅਡਾਨੀ ਨੂੰ ਬਚਾਉਣ ਵਾਲੀ ਕੋਈ ਗੱਲ ਨਹੀਂ
ਰਾਹੁਲ ਗਾਂਧੀ ਦੇ ਮਾਮਲੇ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਭ ਅਡਾਨੀ ਕੇਸ ਤੋਂ ਧਿਆਨ ਹਟਾਉਣ ਲਈ ਕੀਤਾ ਗਿਆ ਹੈ। ਇਸ ’ਤੇ, ਉਨ੍ਹਾਂ ਕਿਹਾ ਕਿ ਇਹ ਇਕ ‘ਸ਼ੁੱਧ ’ ਅਦਾਲਤ ਦਾ ਕੇਸ ਹੈ। ਇਸ ਦਾ ਅਡਾਨੀ ਦੇ ਮੁੱਦੇ ਨਾਲ ਕਿਵੇਂ ਸੰਬੰਧ ਹੋ ਸਕਦਾ ਹੈ। ਸਰਕਾਰ ਦਾ ਸਟੈਂਡ ਵੀ ਇਸ ਕੇਸ ਵਿਚ ਸਪੱਸ਼ਟ ਹੈ। ਅਦਾਲਤ ਨੇ ਉਸ ਦੀ ਜਾਂਚ ਕਰਨ ਲਈ ਇਕ ਕਮੇਟੀ ਬਣਾ ਦਿੱਤੀ ਹੈ, ਜੋ ਜਾਂਚ ਕਰ ਰਹੀ ਹੈ। ਸਰਕਾਰ ਵੱਲੋਂ ਅਡਾਨੀ ਨੂੰ ਬਚਾਉਣ ਵਾਲੀ ਕੋਈ ਗੱਲ ਨਹੀਂ ਹੈ।

ਸਾਰੇ ਦੇਸ਼ ਨੇ ਮੋਦੀ ਜੀ ਨੂੰ ਆਪਣਾ ਨੇਤਾ ਮੰਨ ਲਿਆ ਹੈ
ਭਾਜਪਾ ਨੇ ਪਿਛਲੇ 9 ਸਾਲਾਂ ਵਿਚ ਉਥੇ ਵੀ ਸਰਕਾਰਾਂ ਬਣਾਈਆਂ ਹਨ ਜਿੱਥੇ ਕਦੇ ਉਸ ਨੂੰ ਜਿੱਤ ਨਹੀਂ ਮਿਲਦੀ ਸੀ। ਇਸ ਸਬੰਧ ਵਿਚ ਤੁਸੀਂ ਲੋਕ ਸਭਾ ਦੀ ਕੀ ਤਸਵੀਰ ਆਉਣ ਵਾਲੇ ਸਮੇਂ ਵਿਚ ਵੇਖਦੇ ਹੋ। ਇਸ ’ਤੇ ਸੂਬਾ ਇੰਚਾਰਜ ਨੇ ਕਿਹਾ ਕਿ ਦੇਸ਼ ਨੇ ਮੋਦੀ ਜੀ ਨੂੰ ਆਪਣਾ ਨੇਤਾ ਮੰਨ ਲਿਆ ਹੈ। ਅਸੀਂ ਪਾਰਦਰਸ਼ੀ ਸਰਕਾਰ ਦਿੱਤੀ ਹੈ। ਇਸ ਤੋਂ ਪਹਿਲਾਂ ਹਰ ਦੂਜੇ ਮਹੀਨੇ ਕੋਈ ਨਾ ਕੋਈ ਘਪਲਾ ਸਾਹਮਣੇ ਆ ਜਾਂਦਾ ਸੀ। ਜਦੋਂ ਤੋਂ ਮੋਦੀ ਜੀ ਆਏ ਹਨ, ਭ੍ਰਿਸ਼ਟਾਚਾਰ ਅਤੇ ਘਪਲਿਆਂ ’ਤੇ ਰੋਕ ਲੱਗ ਗਈ ਹੈ। ਇਕ ਵੀ ਘਪਲਾ ਨਹੀਂ ਹੋਣ ਦਿੱਤਾ। ਜਨਤਾ ਨੇ ਵੇਖਿਆ ਕਿ ਦੇਸ਼ ਸਹੀ ਦਿਸ਼ਾ ਵੱਲ ਵਧ ਰਿਹਾ ਹੈ। ਭਾਜਪਾ ਨੇ ਸਾਰੇ ਵਾਅਦੇ ਪੂਰੇ ਕੀਤੇ ਹਨ, ਭਾਵੇਂ ਗਰੀਬ, ਕਿਸਾਨ ਦੀ ਮਦਦ ਦਾ ਹੋਵੇ ਜਾਂ ਰਾਮ ਜਨਮ ਭੂਮੀ ਦਾ ਮੁੱਦਾ । ਸਾਰੇ ਕੰਮ ਹੋਏ ਹਨ। ਲੋਕ ਸਮਝ ਗਏ ਹਨ ਕਿ ਜੇ ਨੇਤਾ, ਨੀਤੀ ਅਤੇ ਨੀਅਤ ਜੇਕਰ ਕਿਸੇ ਕੋਲ ਹਨ ਤਾਂ ਉਹ ਭਾਜਪਾ ਹੀ ਹੈ। ਕਾਂਗਰਸ ਅੱਜ ਇਕ ਡੁੱਬ ਰਹੀ ਕਿਸ਼ਤੀ ਹੈ, ਉਸ ਵਿਚ ਕੋਈ ਵੀ ਸਵਾਰੀ ਨਹੀਂ ਕਰਨਾ ਚਾਹੁੰਦਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ SSP ਜਲੰਧਰ ਦਿਹਾਤੀ ਸਣੇ ਵੱਡੇ ਪੱਧਰ 'ਤੇ ਕੀਤੇ ਗਏ ਪੁਲਸ ਅਧਿਕਾਰੀਆਂ ਦੇ ਤਬਾਦਲੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News