ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਦੇ ਕਤਲ ਦੀ ਗੁੱਥੀ ਸੁਲਝੀ, ਮੁੱਖ ਮੁਲਜ਼ਮ ਗ੍ਰਿਫਤਾਰ
Tuesday, Jan 14, 2020 - 01:41 PM (IST)
ਅੰਮ੍ਰਿਤਸਰ — ਸਾਬਕਾ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਦੇ ਕਤਲ ਦੇ ਮਾਮਲੇ 'ਚ ਜ਼ਿਲਾ ਦਿਹਾਤੀ ਪੁਲਸ ਨੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਕਤਲ ਕਾਂਡ 'ਚ ਪਵਿੱਤਰ ਗੈਂਗ ਨਾਲ ਜੁੜੇ ਮੁੱਖ ਦੋਸ਼ੀ ਲਵਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਰਮਨ ਮਸੀਹ ਨੂੰ ਗੁਰਦਾਸਪੁਰ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਅਧਿਕਾਰੀਆਂ ਮੁਤਾਬਕ ਮੁਲਜ਼ਮ ਕੋਲੋਂ 30 ਬੋਰ ਦੀ ਪਿਸਤੌਲ ਬਰਾਮਦ ਹੋਈ ਗਈ ਹੈ।
ਮੱਥਾ ਟੇਕ ਕੇ ਪਰਤ ਰਹੇ ਗੁਰਦੀਪ ਸਿੰਘ ਨੂੰ ਮਾਰੀਆਂ ਸਨ ਗੋਲੀਆਂ
ਦੱਸਣਯੋਗ ਹੈ ਕਿ ਬੀਤੇ ਦਿਨੀਂ ਗੁਰਦੁਆਰੇ ਮੱਥਾ ਟੇਕ ਕੇ ਆਪਣੀ 3 ਸਾਲ ਦੀ ਦੋਹਤੀ ਨਾਲ ਘਰ ਆ ਰਹੇ ਬਾਬਾ ਗੁਰਦੀਪ ਸਿੰਘ ਨੂੰ ਰਸਤੇ 'ਚ 3 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘੇਰਿਆ ਸੀ। ਪਹਿਲਾਂ ਤਾਂ ਹੱਤਿਆ ਦੇ ਦੋਸ਼ੀਆਂ ਨੇ ਉਸ ਦੇ ਹੱਥੋਂ ਉਸ ਦੀ ਦੋਹਤੀ ਨੂੰ ਖੋਹ ਕੇ ਇਕ ਪਾਸੇ ਖੜ੍ਹਾ ਕਰ ਦਿੱਤਾ, ਫਿਰ ਉਸ ਦੀਆਂ ਅੱਖਾਂ ਸਾਹਮਣੇ ਬਾਬਾ ਗੁਰਦੀਪ 'ਤੇ 5 ਗੋਲੀਆਂ ਮਾਰੀਆਂ ਅਤੇ ਫਰਾਰ ਹੋ ਗਏ ਸਨ। ਖੂਨ ਨਾਲ ਲਿਬੜਿਆ ਉਹ ਉਥੇ ਹੀ ਡਿੱਗ ਗਿਆ ਸੀ ਅਤੇ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਘਟਨਾ ਵਾਲੀ ਥਾਂ 'ਤੇ ਹੀ ਦਮ ਤੋੜ ਗਿਆ ਸੀ। ਅਜੇ ਤੱਕ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਖਰਤਨਾਕ ਗੈਂਗਸਟਰ ਹਰਮਨਜੀਤ ਨੇ ਆਪਣੇ ਪਿਤਾ ਨਿਰਮਲ ਸਿੰਘ ਨਾਲ ਮਿਲ ਕੇ 3 ਲੋਕਾਂ ਨੂੰ ਪੈਸੇ ਦੇ ਦਮ 'ਤੇ ਕਤਲ ਕਰਨ ਲਈ ਹਾਇਰ ਕੀਤਾ ਸੀ, ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਸ ਇਸ ਤੋਂ ਪਹਿਲਾਂ ਗੁਰਦੀਪ ਕਤਲ ਕਾਂਡ 'ਚ ਮੁਖਬਰੀ ਕਰਕੇ ਉਨ੍ਹਾਂ ਤੱਕ ਪਹੁੰਚਾਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ।
ਜ਼ਿਕਰਯੋਗ ਹੈ ਕਿ ਸਾਬਕਾ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਦੇ ਕਤਲ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਲਗਾਤਾਰ ਕਾਂਗਰਸ ਸਰਕਾਰ ਅਤੇ ਪੁਲਸ ਪ੍ਰਸ਼ਾਸਨ 'ਤੇ ਨਿਸ਼ਾਨੇ ਸਾਧੇ ਜਾ ਰਹੇ ਸਨ। ਦੋਵਾਂ ਆਗੂਆਂ ਨੇ ਦੋਸ਼ ਲਗਾਏ ਸਨ ਕਿ ਗੈਂਗਸਟਰਾਂ ਵੱਲੋਂ ਸਿਆਸੀ ਸ਼ਹਿ 'ਤੇ ਕੱਟੜ ਅਕਾਲੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਫਿਲਹਾਲ ਪੁਲਸ ਵਲੋਂ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।