ਪੰਜਾਬ ’ਚ 4 ਸਿਆਸੀ ਧੜਿਆਂ ਵੱਲੋਂ ‘ਸ਼ੇਰ-ਏ-ਪੰਜਾਬ ਅਕਾਲੀ ਦਲ’ ਦਾ ਗਠਨ

Sunday, Feb 18, 2024 - 09:41 AM (IST)

ਜਲੰਧਰ (ਧਵਨ) – ਪੰਜਾਬ ਦੇ 4 ਸਿਆਸੀ ਧੜਿਆਂ ਯੂਨਾਈਟਿਡ ਅਕਾਲੀ ਦਲ ਦੇ ਨੇਤਾ ਗੁਰਦੀਪ ਸਿੰਘ ਬਠਿੰਡਾ, ਲੋਕ ਅਕਾਲੀ ਦਲ ਦੇ ਬਲਵਿੰਦਰ ਸਿੰਘ, ਕੀਰਤੀ ਅਕਾਲੀ ਦਲ ਦੇ ਬੂਟਾ ਸਿੰਘ ਰਣਸ਼ੀਂਹ ਅਤੇ ਭਾਰਤੀ ਆਰਥਿਕ ਪਾਰਟੀ ਦੇ ਤਰੁਣ ਜੈਨ ਬਾਵਾ ਨੇ ਮਿਲ ਕੇ ‘ਸ਼ੇਰ-ਏ-ਪੰਜਾਬ ਅਕਾਲੀ ਦਲ’ ਦੇ ਨਾਂ ਨਾਲ ਨਵੀਂ ਪਾਰਟੀ ਦਾ ਗਠਨ ਕੀਤਾ ਹੈ, ਜਿਸ ਦੇ ਪਹਿਲੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ :    ਮੌਸਮ ਫਿਰ ਬਦਲੇਗਾ ਕਰਵਟ, IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਭਾਰੀ ਮੀਂਹ ਦਾ ਅਲਰਟ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਪ੍ਰਧਾਨ ਦੀ ਇਹ ਚੋਣ 3 ਸਾਲ ਲਈ ਕੀਤੀ ਗਈ ਹੈ ਅਤੇ 1 ਮਾਰਚ 2027 ਤਕ ਪ੍ਰਭਾਵੀ ਰਹੇਗੀ। ਇਸ ਤੋਂ ਬਾਅਦ ਪਾਰਟੀ ਦੇ ਚੁਣੇ ਗਏ ਡੈਲੀਗੇਟਸ 3 ਸਾਲ ਲਈ ਪ੍ਰਧਾਨ ਦੀ ਚੋਣ ਕਰਨਗੇ। ਪਾਰਟੀ ਪ੍ਰਧਾਨ ਰਹਿੰਦੇ ਹੋਏ ਪ੍ਰਧਾਨ ਨਾ ਤਾਂ ਖੁਦ ਚੋਣ ਲੜੇਗਾ ਅਤੇ ਨਾ ਹੀ ਉਸ ਦਾ ਕੋਈ ਪਰਿਵਾਰਕ ਮੈਂਬਰ।

ਉਨ੍ਹਾਂ ਕਿਹਾ ਕਿ ਪਾਰਟੀ ਦਾ ਗਠਨ ਪੰਥ ਤੇ ਪੰਜਾਬ ਨੂੰ ਸਮਰਪਿਤ ਖੇਤਰੀ ਪਾਰਟੀ ਦੀ ਲੋੜ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ। ਅੱਜ ਜੋ ਮੌਜੂਦਾ ਸਿਆਸੀ ਪਾਰਟੀਆਂ ਹਨ, ਉਹ ਪਰਿਵਾਰਵਾਦ ਵਿਚ ਫਸੀਆਂ ਹੋਈਆਂ ਹਨ ਅਤੇ ਉਨ੍ਹਾਂ ਵਿਚ ਅੰਦਰੂਨੀ ਲੋਕਤੰਤਰ ਖਤਮ ਹੋ ਚੁੱਕਾ ਹੈ। ਸੂਬੇ ਸਮੇਤ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਬਣ ਰਿਹਾ ਹੈ ਅਤੇ ਹੁਕਮਰਾਨ ਪਾਰਟੀਆਂ ਤਾਨਾਸ਼ਾਹੀ ਵੱਲ ਵਧ ਰਹੀਆਂ ਹਨ। ਦੇਸ਼ ਵਿਚ ਘੱਟ ਗਿਣਤੀਆਂ ’ਤੇ ਅੱਤਿਆਚਾਰ ਵਧਿਆ ਹੈੈ, ਸਿੱਖਾਂ ਨੂੰ ਦਬਾਉਣ ਤੇ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੰਜਾਬ ਤੇ ਪੰਜਾਬੀਆਂ ਨੂੰ ਉਜਾੜਨ ਦੀਆਂ ਡੂੰਘੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇਸ ਲਈ ਪੰਜਾਬ ’ਚ ਇਕ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ ਸੀ, ਜੋ ਪੰਥਕ ਸੋਚ ਰੱਖਦੀ ਹੋਵੇ ਅਤੇ ਪੰਜਾਬ ਪ੍ਰਸਤ ਪਾਰਟੀ ਹੋਵੇ।

ਇਹ ਵੀ ਪੜ੍ਹੋ :   ਇਕ ਅੰਦੋਲਨ ਤੇ 3 ਮੀਟਿੰਗਾਂ , 4 ਸਰਕਾਰਾਂ ਚੋਂ ਦੋ ਹੱਕ ਵਿਚ ਤੇ ਦੋ ਵਿਰੋਧ ਵਿਚ, ਬਣਿਆ ਰਾਜਨੀਤਕ ਮੁੱਦਾ

ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਸ਼ੇਰ-ਏ-ਪੰਜਾਬ ਅਕਾਲੀ ਦਲ ਨਾਲ ਜੋੜਨ ਲਈ ਪੰਜਾਬ ਦੇ ਭੱਖਦੇ ਮਸਲਿਆਂ ’ਤੇ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਫਰਜ਼ ਨੂੰ ਨਿਭਾਉਂਦੇ ਹੋਏ ਅਸੀਂ ਸਾਰਿਆਂ ਨਾਲ ਮਿਲ ਕੇ ਚੱਲਾਂਗੇ ਅਤੇ ਹੋਰ ਪਾਰਟੀਆਂ ’ਚ ਸਮਾਨ ਵਿਚਾਰਧਾਰਾ ਵਾਲੇ ਨੇਤਾਵਾਂ ਤੇ ਵਰਕਰਾਂ ਨੂੰ ਵਜੂਦ ਬਚਾਉਣ ਦਾ ਸੱਦਾ ਦਿੱਤਾ ਜਾਵੇਗਾ। ਸ਼ੇਰ-ਏ-ਪੰਜਾਬ ਅਕਾਲੀ ਦਲ ਵਿਚ ਸਰਬ ਸਾਂਝੀ ਵਾਰਤਾ ਅਤੇ ਅੰਦਰੂਨੀ ਲੋਕਤੰਤਰ ਦੇ ਵਿਸ਼ੇਸ਼ ਗੁਣ ਹੋਣਗੇ। ਔਰਤਾਂ ਤੇ ਨੌਜਵਾਨਾਂ ਨੂੰ ਪਾਰਟੀ ਵਿਚ ਵਿਸ਼ੇਸ਼ ਸਥਾਨ ਦਿੱਤਾ ਜਾਵੇਗਾ।

ਗੁਰਦੀਪ ਸਿੰਘ ਨੇ ਦੱਸਿਆ ਕਿ 26 ਫਰਵਰੀ ਨੂੰ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ’ਤੇ ਪਾਰਟੀ ਦੇ ਸੰਵਿਧਾਨ, ਏਜੰਡੇ ਤੇ ਨਿਸ਼ਾਨ ਦੀ ਵਿਚਾਰ-ਚਰਚਾ ਲਈ ਬੈਠਕ ਸੱਦੀ ਗਈ ਹੈ, ਜਿਸ ਵਿਚ ਪਾਰਟੀ ਦੇ ਨਵੇਂ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ। ਪਾਰਟੀ ਵਲੋਂ ਸਿਆਸੀ, ਆਰਥਿਕ, ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਖੇਤਰਾਂ ਵਿਚ ਲੋਕਾਂ ਤਕ ਪਹੁੰਚ ਬਣਾਈ ਜਾਵੇਗੀ। ਸ਼ੇਰ-ਏ-ਪੰਜਾਬ ਅਕਾਲੀ ਦਲ ਪਾਰਟੀ ਕਿਸਾਨਾਂ ਦੇ ਹੱਕਾਂ ਲਈ ਚੱਲ ਰਹੇ ਸੰਘਰਸ਼ ਦਾ ਸਮਰਥਨ ਕਰਦੀ ਹੈ। ਪਾਰਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ, ਸਾਰੇ ਧਾਰਮਿਕ ਗ੍ਰੰਥਾਂ ਦੇ ਸਨਮਾਨ ਦੀ ਰਾਖੀ ਲਈ ਸਖਤ ਕਾਨੂੰਨ ਬਣਾਉਣ, ਬੰਦੀ ਸਿੱਖਾਂ ਦੀ ਰਿਹਾਈ ਅਤੇ ਬਾਦਲ ਅਕਾਲੀ ਦਲ ਵਲੋਂ ਛੱਡੇ ਗਏ ਪੰਥ ਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਤਿੱਖੀ ਲੜਾਈ ਲੜੀ ਜਾਵੇਗੀ।

ਇਹ ਵੀ ਪੜ੍ਹੋ :    Paytm FASTag 15 ਮਾਰਚ ਤੋਂ ਹੋਣਗੇ ਬੰਦ, ਯੂਜ਼ਰਜ਼ ਨੁਕਸਾਨ ਤੋਂ ਬਚਣ ਲਈ ਕਰਨ ਇਹ ਕੰਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Harinder Kaur

Content Editor

Related News