ਜੰਗਲਾਤ ਵਿਭਾਗ ਦੀ ਟੀਮ ਨੇ ਚੋਰੀ ਦੀ ਲੱਕੜ ਵਾਲੀਆਂ ਦੋ ਗੱਡੀਆਂ ਅਤੇ ਦੋ ਵਿਅਕਤੀ ਕੀਤੇ ਕਾਬੂ

Friday, Dec 09, 2022 - 11:06 AM (IST)

ਜੰਗਲਾਤ ਵਿਭਾਗ ਦੀ ਟੀਮ ਨੇ ਚੋਰੀ ਦੀ ਲੱਕੜ ਵਾਲੀਆਂ ਦੋ ਗੱਡੀਆਂ ਅਤੇ ਦੋ ਵਿਅਕਤੀ ਕੀਤੇ ਕਾਬੂ

ਗੁਰਦਾਸਪਰ (ਜੀਤ ਮਠਾਰੂ) : ਜੰਗਲਾਤ ਵਿਭਾਗ ਦੀ ਟੀਮ ਨੇ ਮਹਿਤਾਬਪੁਰ ਦੇ ਜੰਗਲਾਂ ਵਿਚੋਂ ਲੱਕੜ ਚੋਰੀ ਕਰਕੇ ਲਿਜਾ ਰਹੇ ਵਿਅਕਤੀਆਂ ਨੂੰ ਦੋ ਗੱਡੀਆਂ ਅਤੇ ਲੱਕੜ ਸਮੇਤ ਕਾਬੂ ਕਰਕੇ ਪੁਲਸ ਹਵਾਲੇ ਕੀਤਾ ਹੈ। ਦੂਜੇ ਪਾਸੇ ਕਾਬੂ ਕੀਤੇ ਗਏ ਵਿਅਕਤੀ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਚੋਰੀ ਨਹੀ ਕੀਤੀ ਅਤੇ ਉਨ੍ਹਾਂ ਨੇ ਆਪਣੀ ਜ਼ਮੀਨ ਵਿਚੋਂ ਲੱਕੜ ਵੱਢੀ ਹੈ। ਇਨ੍ਹਾਂ ਦੋਵਾਂ ਗੱਡੀਆਂ ਉਪਰ ਕਿਸਾਨ ਯੂਨੀਅਨ ਦੇ ਝੰਡੇ ਵੀ ਲੱਗੇ ਹੋਏ ਹਨ। ਜਾਣਕਾਰੀ ਦਿੰਦੇ ਹੋਏ ਵਣ ਰੇਂਜ ਅਫ਼ਸਰ ਲਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਮਹਿਤਾਬਪੁਰ ਜੰਗਲ ਦੇ ਇਲਾਕੇ ਵਿੱਚ ਪਿੰਡ ਜਗਤਪੁਰ ਕਲਾਂ ਵਿਖੇ ਕੁਝ ਵਿਅਕਤੀਆਂ ਵੱਲੋਂ ਲੱਕੜ ਦੀ ਚੋਰੀ ਕੀਤੀ ਜਾ ਰਹੀ ਸੀ ਜਿਸ ਬਾਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ। ਇਸ ਕਰਕੇ ਅੱਜ ਪੂਰੇ ਸਟਾਫ਼ ਨੇ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਉਨ੍ਹਾਂ ਨੇ ਦੋ ਗੱਡੀਆਂ ਵਿਚ ਲਿਆਂਦੀ ਜਾ ਰਹੀ ਲੱਕੜ ਬਾਰੇ ਪਤਾ ਲੱਗਣ ’ਤੇ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਗੱਡੀਆਂ ਵਿਚ ਸਵਾਰ ਵਿਅਕਤੀਆਂ ਨੇ ਗੱਡੀਆਂ ਰੋਕਣ ਦੀ ਬਜਾਏ ਉਲਟਾ ਸਟਾਫ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਉਸਦੇ ਬਾਅਦ ਉਨ੍ਹਾਂ ਪਿੱਛਾ ਕਰਕੇ ਗੁਰਦਾਸਪੁਰ ਬਾਈਪਾਸ ਨੇੜੇ ਗੱਡੀਆਂ ਨੂੰ ਕਾਬੂ ਕੀਤਾ। 

ਉਨ੍ਹਾਂ ਕਿਹਾ ਕਿ ਇਸ ਦੌਰਾਨ 2 ਵਿਅਕਤੀ ਦੌੜਨ ਵਿਚ ਸਫਲ ਹੋ ਗਏ ਜਦੋਂ ਕਿ ਦੋ ਵਿਅਕਤੀਆ ਨੂੰ ਗੱਡੀਆਂ ਅਤੇ ਲੱਕੜ ਸਮੇਤ ਕਾਬੂ ਕਰਕੇ ਗੁਰਦਾਸਪੁਰ ਦੇ ਸਿਟੀ ਥਾਣੇ ਦੀ ਪੁਲਸ ਹਵਾਲੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਲੱਕੜ ਜੰਗਲਾਤ ਵਿਭਾਗ ਦੀ ਹੈ ਜਿਸ ਦੀ ਉਕਤ ਵਿਅਕਤੀਆਂ ਵੱਲੋਂ ਚੋਰੀ ਕੀਤੀ ਹੈ। ਦੂਜੇ ਪਾਸੇ ਲੱਕੜ ਲਿਜਾ ਜਾ ਰਹੇ ਵਿਅਕਤੀ ਨੇ ਦੱਸਿਆ ਕਿ ਉਹ ਜ਼ਮੀਨ ਬਚਾਓ ਕਮੇਟੀ ਦਾ ਪ੍ਰਧਾਨ ਹੈ ਅਤੇ ਇਹ ਜ਼ਮੀਨ ਅਬਾਦਕਾਰ ਕਿਸਾਨਾਂ ਦੀ ਹੈ ਜਿਸ ਸਬੰਧੀ ਪਹਿਲਾਂ ਹੀ ਮਾਮਲਾ ਸੁਣਵਾਈ ਅਧੀਨ ਹੈ। ਸਿਰਫ ਉਨ੍ਹਾਂ ਥਾਵਾਂ ਤੋਂ ਲੱਕੜ ਕੱਟੀ ਗਈ ਹੈ ਜੋ ਰਸਤੇ ਵਿਚ ਆਉਂਦੀ ਸੀ। ਇਹ ਲੱਕੜ ਵੀ ਕਿਸਾਨਾਂ ਦੀ ਹੈ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਗੱਲ ਕਬੂਲ ਕੀਤੀ ਹੈ ਉਨ੍ਹਾਂ ਨੂੰ ਆਪਣੀਆਂ ਗੱਡੀਆਂ ਤੇ ਕਿਸਾਨ ਯੂਨੀਅਨ ਦੇ ਝੰਡੇ ਨਹੀਂ ਲਗਾਉਣੇ ਚਾਹੀਦੇ ਸਨ ਇਹ ਉਨ੍ਹਾਂ ਦੀ ਗਲਤੀ ਹੈ।


author

Gurminder Singh

Content Editor

Related News