ਮਲਟੀਪਲੈਕਸ ’ਚ ਮਹਿੰਗੇ ਮੁੱਲਾਂ ’ਤੇ ਵਿਕ ਰਹੀਆਂ ਫੂਡ ਆਈਟਮਾਂ

08/07/2018 2:30:15 AM

ਚੰਡੀਗਡ਼੍ਹ, (ਰਾਜਿੰਦਰ)- ਮਲਟੀਪਲੈਕਸ ’ਚ ਮਹਿੰਗੇ ਮੁੱਲਾਂ ’ਤੇ ਵਿਕ ਰਹੀਆਂ ਫੂਡ ਆਈਟਮਾਂ ਦੇ ਮਾਮਲੇ ਵਿਚ ਡਿਪਟੀ ਕਮਿਸ਼ਨਰ ਨੇ ਹਫਤੇ ਵਿਚ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਸਨ। ਹਾਲਾਂਕਿ ਇਹ ਸਮਾਂ ਸੀਮਾ ਖਤਮ ਵੀ ਹੋ ਚੁੱਕੀ ਹੈ ਪਰ ਅਜੇ ਤਕ ਸਬੰਧਤ ਵਿਭਾਗ ਨੇ ਰਿਪੋਰਟ ਨਹੀਂ ਸੌਂਪੀ ਹੈ ਤੇ  ਨਾ ਹੀ ਮਲਟੀਪਲੈਕਸ ਦੇ ਅਹੁਦੇਦਾਰਾਂ ਵਲੋਂ ਕੋਈ ਜਵਾਬ ਆਇਆ ਹੈ। ਹੁਣ ਵੀ ਸ਼ਹਿਰ ਦੇ ਸਾਰੇ ਮਲਟੀਪਲੈਕਸਾਂ ਵਿਚ ਫੂਡ ਆਈਟਮਾਂ ਉਸੇ ਮੁੱਲ ’ਤੇ ਵਿਕ ਰਹੀਆਂ ਹਨ। 
26 ਜੁਲਾਈ ਨੂੰ ਹੋਈ ਮੀਟਿੰਗ ਵਿਚ ਮਲਟੀਪਲੈਕਸਾਂ ਤੋਂ ਅਹੁਦੇਦਾਰਾਂ ਨੇ ਵੀ ਹਿੱਸਾ ਲਿਆ ਸੀ, ਜਿਸ ਵਿਚ ਫੂਡ ਸਪਲਾਈ ਵਿਭਾਗ ਦੇ ਇਕ ਅਧਿਕਾਰੀ ਨੂੰ ਸਾਰੇ ਮਲਟੀਪਲੈਕਸਾਂ ਤੋਂ ਰਿਪੋਰਟ ਲੈ ਕੇ ਹਫਤੇ ਵਿਚ ਸੌਂਪਣ ਦੇ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਵਲੋਂ ਰੇਟ ਲਿਸਟ ਦੇ ਨਾਲ ਹੀ ਹੋਰ ਚੀਜ਼ਾਂ ਵੀ ਜਮ੍ਹਾ ਕਰਨੀਆਂ ਸਨ। ਇਸ ਬਾਰੇ ਡਿਪਟੀ ਕਮਿਸ਼ਨਰ ਅਜੀਤ ਬਾਲਾਜੀ ਜੋਸ਼ੀ ਨੇ ਕਿਹਾ ਕਿ ਫੂਡ ਐਂਡ ਸਪਲਾਈ ਦੇ ਸਬੰਧਤ ਅਧਿਕਾਰੀ ਵਲੋਂ ਅਜੇ ਤੱਕ ਰਿਪੋਰਟ ਨਹੀਂ ਆਈ ਹੈ। ਉਹ ਇਕ-ਦੋ ਦਿਨਾਂ ਵਿਚ ਰਿਪੋਰਟ ਲੈ ਕੇ ਅੱਗੇ ਇਸ ’ਤੇ ਕਾਰਵਾਈ ਕਰਨਗੇ।
ਉਥੇ ਹੀ ਫੂਡ ਐਂਡ ਸਪਲਾਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਜੇ ਤਕ ਸਾਰੇ ਮਲਟੀਪਲੈਕਸਾਂ ਵਲੋਂ ਰੇਟ ਲਿਸਟ ਜਮ੍ਹਾ ਨਹੀਂ ਕਰਵਾਈ ਗਈ ਹੈ। ਉਹ ਛੇਤੀ ਇਸ ਨੂੰ ਲੈ ਕੇ ਡੀ. ਸੀ. ਦਫ਼ਤਰ ’ਚ ਜਮ੍ਹਾ ਕਰ ਦੇਣਗੇ। ਡਿਸਟ੍ਰਿਕਟ ਕੰਜ਼ਿਊਮਰ ਪ੍ਰੋਟੈਕਸ਼ਨ ਕਾਊਂਸਲ ਦੇ ਮੈਂਬਰ ਆਰ. ਕੇ. ਕਪਲਾਸ਼ ਨੇ ਕਿਹਾ ਕਿ ਮੀਟਿੰਗ ਵਿਚ ਹੈਲਥੀ ਫੂਡਸ ਸਾਰੇ ਮਲਟੀਪਲੈਕਸਾਂ ਵਿਚ ਉਪਲਬਧ ਕਰਵਾਉਣ ਲਈ ਵੀ ਕਿਹਾ ਗਿਆ ਸੀ, ਜਿਸ ਵਿਚ ਵੇਰਕਾ, ਅਮੂਲ ਤੋਂ ਇਲਾਵਾ ਹੋਰ ਪੈਕਟ ਮਿਲਕ ਆਈਟਮਾਂ ਹੋ ਸਕਦੀਆਂ ਹਨ  ਪਰ ਇਸ ਨੂੰ ਲੈ ਕੇ ਵੀ ਅਜੇ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ।
 ਅਪ੍ਰੈਲ ਦੀ ਮੀਟਿੰਗ ’ਚ ਵੀ ਦਿੱਤੇ ਸਨ ਨਿਰਦੇਸ਼
ਸਿਨੇਮਾਘਰ ਆਉਣ ਵਾਲਿਆਂ ਤੋਂ ਖਾਣ-ਪੀਣ ਅਤੇ ਸਨੈਕਸ ਆਈਟਮਾਂ ’ਤੇ ਮਨਚਾਹੇ ਮੁੱਲ ਵਸੂਲੇ ਜਾ ਰਹੇ ਹਨ। ਇਸ ’ਤੇ ਲਗਾਮ ਲਾਉਣ ਲਈ ਅਪ੍ਰੈਲ ’ਚ ਡੀ. ਸੀ. ਅਜੀਤ ਬਾਲਾਜੀ ਜੋਸ਼ੀ ਦੀ ਪ੍ਰਧਾਨਗੀ ਵਿਚ ਡਿਸਟ੍ਰਿਕਟ  ਕੰਜ਼ਿਊਮਟਰ ਪ੍ਰੋਟੈਕਸ਼ਨ ਕੌਂਸਲ (ਡੀ. ਸੀ. ਪੀ. ਸੀ.) ਦੀ ਮੀਟਿੰਗ ਹੋਈ ਸੀ। ਡੀ. ਸੀ. ਨੇ ਸਾਰੇ ਮਲਟੀਪਲੈਕਸ ਮਾਲਕਾਂ ਨੂੰ ਨਿਰਦੇਸ਼ ਦਿੱਤੇ ਸਨ ਕਿ 30 ਮਈ ਤਕ ਰੇਟ ਲਿਸਟ ਜਮ੍ਹਾ ਕਰਵਾਓ। ਮਲਟੀਪਲੈਕਸ ਅਤੇ ਸਿਨੇਮਾਘਰਾਂ ਨੂੰ ਕੁਝ ਹਦਾਇਤਾਂ ਅਤੇ ਨਿਰਦੇਸ਼ ਜਾਰੀ ਕੀਤੇ ਸਨ ਪਰ ਇਨ੍ਹਾਂ ਦਾ ਪਾਲਣ ਨਹੀਂ ਕੀਤਾ ਗਿਆ।  
ਮਲਟੀਪਲੈਕਸਾਂ ਵਿਚ ਦੁੱਧ, ਲੱਸੀ, ਜੂਸ ਅਤੇ ਹੋਰ ਹੈਲਦੀ ਡਰਿੰਕਸ ਵੀ ਸ਼ੁਰੂ ਕਰਨ ਲਈ ਕਿਹਾ ਸੀ ਪਰ ਇਸ ’ਤੇ ਵੀ ਗੌਰ ਨਹੀਂ ਕੀਤਾ ਗਿਆ। ਡੀ. ਸੀ. ਨੇ ਮਲਟੀਪਲੈਕਸ ਅਤੇ ਸਿਨੇਮਾਘਰਾਂ ਵਿਚ ਤੈਅ ਐੱਮ. ਆਰ. ਪੀ. ਤੋਂ ਉਤੇ ਕੋਈ ਵੀ ਸਾਮਾਨ ਵੇਚਣ ’ਤੇ ਰੋਕ ਲਗਾਈ  ਪਰ ਸਿਨੇਮਾਘਰਾਂ ਵਿਚ ਪਾਣੀ ਦੀ ਬੋਤਲ, ਡਾਈਟ ਕੋਕ ਤੋਂ ਇਲਾਵਾ ਕੋਈ ਪੈਕਡ ਫੂਡ ਆਈਟਮਾਂ ਜਾਂ ਖਾਣ-ਪੀਣ ਦਾ ਸਾਮਾਨ ਨਹੀਂ ਵੇਚਿਆ ਜਾ ਰਿਹਾ।
 


Related News