ਧੁੰਦ ਦੌਰਾਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਟਾਲਣ ਲਈ ਐਡਵਾਈਜ਼ਰੀ ਜਾਰੀ

12/20/2019 10:15:41 PM

ਚੰਡੀਗੜ੍ਹ,(ਭੁੱਲਰ): ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਐਡਵਾਈਜ਼ਰੀ ਜਾਰੀ ਕਰਦਿਆਂ ਮਿਸ਼ਨ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਵਿਚ ਖ਼ਾਸ ਤੌਰ 'ਤੇ ਧੁੰਦ ਦੌਰਾਨ ਸੜਕ ਸੁਰੱਖਿਆ ਨੂੰ ਬਰਕਰਾਰ ਰੱਖਣਾ ਸੂਬਾ ਸਰਕਾਰ ਲਈ ਵੱਡੀ ਚੁਣੌਤੀ ਬਣ ਜਾਂਦੀ ਹੈ। ਸੜਕਾਂ 'ਤੇ ਹੋ ਰਹੇ ਜਾਨੀ ਨੁਕਸਾਨ ਦੇ ਮੱਦੇਨਜ਼ਰ ਹਾਦਸਿਆਂ ਨੂੰ ਰੋਕਣ ਲਈ ਸਾਰਥਕ ਕਦਮ ਚੁੱਕਣ ਦੀ ਲੋੜ ਹੈ। ਸੂਬੇ ਵਿਚ ਧੁੰਦ ਦੌਰਾਨ ਹਾਦਸਿਆਂ ਨੂੰ ਟਾਲਣ ਲਈ ਟਰਾਂਸਪੋਰਟ ਵਿਭਾਗ, ਪੁਲਸ, ਭਾਰਤੀ ਰਾਜ ਮਾਰਗ ਅਥਾਰਟੀ, ਲੋਕ ਨਿਰਮਾਣ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹੋਰ ਚੁਕੰਨੇ ਰਹਿਣ ਅਤੇ ਹਾਦਸਾ ਵਾਪਰ ਜਾਣ ਦੀ ਸਥਿਤੀ ਵਿਚ ਸਮੇਂ ਸਿਰ ਬਚਾਅ ਕਾਰਜ ਵਿੱਢਣ ਦੀ ਸਲਾਹ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰਾਂ ਨੂੰ ਜ਼ਿਲਾ ਪੱਧਰ 'ਤੇ ਚੁੱਕੇ ਜਾਣ ਵਾਲੇ ਕੁਝ ਉਪਾਅ ਸੁਝਾਏ ਗਏ ਹਨ, ਜਿਨ੍ਹਾਂ ਵਿਚ ਸੜਕਾਂ ਦੇ ਚੌਰਾਹੇ 'ਤੇ ਟ੍ਰੈਫਿਕ ਲਾਈਟਾਂ ਦਾ ਸਹੀ ਕੰਮ ਕਰਨਾ, ਐਮਰਜੈਂਸੀ ਵਾਹਨਾਂ ਜਿਵੇਂ ਐਂਬੂਲੈਂਸਾਂ ਅਤੇ ਰਿਕਵਰੀ ਵੈਨਾਂ ਦੀ ਉਪਲੱਬਧਤਾ ਦੇ ਨਾਲ-ਨਾਲ ਡਰਾਈਵਰਾਂ ਦੀ 24 ਘੰਟੇ ਉਪਲੱਬਧਤਾ ਅਤੇ ਇਨ੍ਹਾਂ ਵਾਹਨਾਂ ਵਿਚ ਸਹਾਇਕ ਸਟਾਫ ਦੀ ਮੌਜੂਦਗੀ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਸਾਰੀਆਂ ਸਕੂਲ ਬੱਸਾਂ ਦੇ ਡਰਾਈਵਰਾਂ ਨੂੰ ਸਰਦੀਆਂ ਦੇ ਮੌਸਮ ਦੌਰਾਨ ਸੜਕ ਸੁਰੱਖਿਆ ਲਈ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਸਕੂਲ ਬੱਸ ਡਰਾਈਵਰਾਂ ਨੂੰ ਵਿਸ਼ੇਸ਼ ਤੌਰ 'ਤੇ ਨਿਰਦੇਸ਼ ਕੀਤਾ ਜਾਵੇ ਕਿ ਵਾਹਨਾਂ ਨੂੰ ਗਤੀ ਸੀਮਾ ਦੇ ਅੰਦਰ ਰੱਖਿਆ ਜਾਵੇ ਅਤੇ ਅਜਿਹੇ ਵਾਹਨਾਂ 'ਤੇ ਫੌਗ ਲਾਈਟਾਂ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ।

ਇਹ ਸੁਝਾਅ ਵੀ ਦਿੱਤਾ ਗਿਆ ਹੈ ਕਿ ਸੜਕਾਂ ਦੇ ਡਾਇਵਰਜ਼ਨ 'ਤੇ ਖ਼ਾਸ ਕਰ ਨਿਰਮਾਣ ਅਧੀਨ ਸੜਕਾਂ 'ਤੇ ਉਚਿਤ ਸੰਕੇਤ ਲਾਏ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਪੁਲਸ ਨਾਕਿਆਂ/ਬੈਰੀਅਰਾਂ ਕੋਲ ਰਿਫਲੈਕਟਰ/ਫਲੈਸ਼ਿੰਗ ਲਾਈਟਾਂ ਹੋਣੀਆਂ ਚਾਹੀਦੀਆਂ ਹਨ। ਪੰਨੂ ਨੇ ਦੱਸਿਆ ਕਿ ਇਹ ਵੀ ਸਿਫਾਰਸ਼ ਕੀਤੀ ਗਈ ਹੈ ਕਿ ਸੜਕ ਦੇ ਕਿਨਾਰਿਆਂ, ਖ਼ਾਸ ਕਰ ਢਾਬਿਆਂ 'ਤੇ ਵਾਹਨਾਂ ਦੀ ਅਣਅਧਿਕਾਰਤ ਪਾਰਕਿੰਗ ਨੂੰ ਨਿਯਮਤ ਗਸ਼ਤ ਰਾਹੀਂ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਹਨ ਦੇ ਅਕਾਰ ਤੋਂ ਵੱਧ ਮਾਲ ਰੱਖਣ ਵਾਲੇ ਵਾਹਨ ਬੰਦ ਕੀਤੇ ਜਾਣ ਕਿਉਂਕਿ ਇਨ੍ਹਾਂ ਨੂੰ ਚਲਾਉਣ ਦੀ ਮੋਟਰ ਵ੍ਹੀਕਲ ਐਕਟ ਤਹਿਤ ਵੀ ਆਗਿਆ ਨਹੀਂ ਹੈ।
 


Related News