ਉਦਘਾਟਨੀ ਰਸਮ ਤੋਂ ਪਹਿਲਾਂ ਹੀ ਦੂਜੀ ਵਾਰ ਧੱਸਿਆ ਮੁੱਲਾਂਪੁਰ ਫਲਾਈਓਵਰ
Tuesday, Jul 24, 2018 - 03:32 AM (IST)

ਮੁੱਲਾਂਪੁਰ ਦਾਖਾ(ਕਾਲੀਆ)-ਲੁਧਿਆਣਾ-ਫਿਰੋਜ਼ਪੁਰ ਜੀ. ਟੀ. ਰੋਡ ’ਤੇ ਬਣਿਆ ਮੁੱਲਾਂਪੁਰ ਫਲਾਈਓਵਰ ਸਾਉਣ ਦੀ ਦੂਜੀ ਬਰਸਾਤ ਨਾਲ ਦੂਜੀ ਵਾਰ ਧੱਸ ਗਿਆ, ਜਿਸ ਕਾਰਨ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ, ਵੱਡੇ ਵਾਹਨਾਂ ਦੇ ਉਪਰੋਂ ਲੰਘਣ ਤੋਂ ਰੋਕ ਲਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਐੱਸ. ਐੱਲ. ਕੰਪਨੀ ਦੇ ਠੇਕੇਦਾਰ ਵਲੋਂ ਬਣਾਏ ਗਏ ਪੁਲ ਦੀ ਹਾਲਤ ਐਨੀ ਖਸਤਾ ਹੈ ਕਿ ਇਸ ਦੇ ਉਦਘਾਟਨ ਕਰਨ ਤੋਂ ਪਹਿਲਾਂ ਹੀ ਦੂਜੀ ਵਾਰ ਇਸ ਦੀ ਪੋਲ ਖੁੱਲ੍ਹ ਗਈ ਹੈ। ਪੁਲਸ ਥਾਣੇ ਸਾਹਮਣੇ ਬਣਿਆ ਅੰਡਰਪਾਸ ਪੁਲ ਕਰੀਬ 4 ਇੰਚ ਦੱਬ ਗਿਆ ਸੀ, ਜਿਸ ਉੱਪਰ ਕੰਕਰੀਟ ਪਾ ਕੇ ਠੇਕੇਦਾਰ ਵਲੋਂ ਖਾਨਾਪੂਰਤੀ ਕਰ ਦਿੱਤੀ ਗਈ ਸੀ ਪਰ ਉਹ ਜ਼ਿਆਦਾ ਦੇਰ ਨਹੀ ਚੱਲ ਸਕੀ ਅਤੇ ਹੁਣ ਇਸ ਵੱਡੀ ਅਣਗਹਿਲੀ ਕਾਰਨ ਪੁਲ ’ਤੇ ਬਣੇ ਫੁਟਪਾਥ ਤੋਂ ਸਡ਼ਕ ਕਰੀਬ 6 ਇੰਚ ਧੱਸ ਗਈ ਹੈ, ਉਥੇ ਵੱਡੇ-ਵੱਡੇ ਪਾਡ਼ ਵੀ ਪੈ ਗਏ ਹਨ, ਜਿਨ੍ਹਾਂ ਦਾ ਮੁੱਖ ਕਾਰਨ ਡਿਵਾਈਡਰ ’ਚ ਮਿੱਟੀ ਨਾ ਪਾਉਣਾ ਸੀ, ਜਿਸ ਦੇ ਸਿੱਟੇ ਵਜੋਂ ਬਰਸਾਤ ਦਾ ਪਾਣੀ ਡਿਵਾਈਡਰ ਦੇ ਰਸਤੇ ਤੋਂ ਹੁੰਦਾ ਪੁਲ ਅੰਦਰਲੀ ਮਿੱਟੀ ਨੂੰ ਵਗਾ ਕੇ ਲੈ ਗਿਆ। ਖਾਰ ਪੈਣ ਕਾਰਨ ਪੁਲ ਵਿਚ ਪਏ ਅੰਤਰ ਕਾਰਨ ਇਹ ਪੁਲ ਦੱਬ ਕੇ ਰਹਿ ਗਿਆ ਅਤੇ ਦੋ ਜਗ੍ਹਾ ਤੋਂ ਪਾਡ਼ ਪੈ ਗਿਆ। ਇਸ ਦੀ ਸੂਚਨਾ ਮਿਲਦਿਆਂ ਹੀ ਟਰੈਫਿਕ ਇੰਚਾਰਜ ਬ੍ਰਹਮਦਾਸ ਨੇ ਪੁਲ ਉੱਪਰ ਬੈਰੀਕੇਡ ਲਾ ਕੇ ਆਵਾਜਾਈ ਬੰਦ ਕਰ ਦਿੱਤੀ। ਇਸ ਘਟਨਾ ਦਾ ਡੀ. ਐੱਸ. ਪੀ. ਹਰਕਮਲ ਕੌਰ ਨੇ ਵੀ ਜਾਇਜ਼ਾ ਲਿਆ। ਬਰਸਾਤੀ ਪਾਣੀ ਦੇ ਸਿੰਮਣ ਨਾਲ ਕੰਧਾਂ ਵਿਚ ਦਰਾਰਾਂ ਪੈਣ ਨਾਲ ਇਹ ਖੋਖਲੀਆਂ ਹੋ ਗਈਆਂ ਹਨ। ਫਲਾਈਓਵਰ ਪੁਲ ਦੇ ਇੰਜੀਨੀਅਰ ਰਜਨਧਾਰੀ ਨੇ ਮੰਨਿਆ ਕਿ ਠੇਕੇਦਾਰ ਵਲੋਂ ਘਟੀਆ ਕੁਆਲਿਟੀ ਦਾ ਮਟੀਰੀਅਲ ਲਾ ਕੇ ਪੁਲ ਤਿਆਰ ਕੀਤਾ ਗਿਆ ਹੈ ਅਤੇ ਵਾਰ-ਵਾਰ ਪੁਲ ਦਾ ਧੱਸਣਾ ਅਤੇ ਉਸ ਵਿਚ ਪਾਡ਼ ਪੈਣਾ ਉਸ ਦੀ ਅਣਗਹਿਲੀ ਦਾ ਪ੍ਰਤੱਖ ਪ੍ਰਮਾਣ ਹੈ। ਨੈਸ਼ਨਲ ਹਾਈਵੇਅ ਦੇ ਇੰਜੀਨੀਅਰ ਮਹਿੰਦਰ ਸਿੰਘ ਅਤੇ ਮਧੂ ਸੂਦਨ ਨੇ ਕਿਹਾ ਕਿ ਫਲਾਈਓਵਰ ਉੱਪਰ ਬਣੇ ਡਿਵਾਈਡਰਾਂ ਵਿਚ ਠੇਕੇਦਾਰ ਵਲੋਂ ਮਿੱਟੀ ਨਹੀਂ ਪਾਈ ਗਈ, ਜਿਸ ਕਾਰਨ ਪੁਲ ਧੱਸਣ ਦੀ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਧੱਸੇ ਪੁਲ ਨੂੰ ਪੁੱਟ ਕੇ ਮਿੱਟੀ ਦਾ ਜਾਇਜ਼ਾ ਲੈਣ ਉਪਰੰਤ ਹੀ ਕੰਕਰੀਟ ਪਾਇਆ ਜਾਵੇਗਾ, ਜਿਸ ਦਾ ਕਾਰਜ ਅਾਰੰਭ ਕਰ ਦਿੱਤਾ ਗਿਆ ਹੈ।