ਲਾਭਪਾਤਰੀਆਂ ਲਈ ਵੱਡੇ ਵਰਦਾਨ ਤੋਂ ਘੱਟ ਨਹੀਂ ਆਟਾ ਦਾਲ ਦੀ 'ਹੋਮ ਡਿਲੀਵਰੀ' ਸਬੰਧੀ 'ਆਪ' ਸਰਕਾਰ ਦਾ ਫ਼ੈਸਲਾ

Saturday, Aug 27, 2022 - 10:31 AM (IST)

ਲਾਭਪਾਤਰੀਆਂ ਲਈ ਵੱਡੇ ਵਰਦਾਨ ਤੋਂ ਘੱਟ ਨਹੀਂ ਆਟਾ ਦਾਲ ਦੀ 'ਹੋਮ ਡਿਲੀਵਰੀ' ਸਬੰਧੀ 'ਆਪ' ਸਰਕਾਰ ਦਾ ਫ਼ੈਸਲਾ

ਗੁਰਦਾਸਪੁਰ (ਜੀਤ ਮਠਾਰੂ)- ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਨੂੰ ਹੋਰ ਬਿਹਤਰ ਬਣਾਉਣ ਲਈ ਲਾਭਪਾਤਰੀਆਂ ਦੇ ਘਰਾਂ ਤੱਕ ਪਹੁੰਚਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲਕਦਮੀ ਦਾ ਸਮੁੱਚੇ ਪੰਜਾਬ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਇਸ ਤਹਿਤ ਨਾ ਸਿਰਫ਼ ਇਸ ਯੋਜਨਾ ਦੇ ਲਾਭਪਾਤਰੀਆਂ ਅੰਦਰ ਖੁਸ਼ੀ ਦੀ ਲਹਿਰ ਹੈ ਸਗੋਂ ਪੰਜਾਬ ਦੇ ਹੋਰ ਲੋਕ ਵੀ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸੱਤਾ ਸੰਭਾਲਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਹੁਣ ਆਟਾ ਦਾਲ ਯੋਜਨਾ ਦੇ ਲਾਭਪਾਤਰੀਆਂ ਨੂੰ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਅਤੇ ਪੰਜਾਬ ਸਰਕਾਰ ਉਨ੍ਹਾਂ ਦੇ ਘਰਾਂ ਤਕ ਆਟਾ ਪਹੁੰਚਾਏਗੀ। ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਤੇ ਕੰਮ ਸ਼ੁਰੂ ਕਰ ਦਿੱਤੇ ਜਾਣ ਕਾਰਨ ਇਨ੍ਹਾਂ ਲਾਭਪਾਤਰੀਆਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। 

ਪੜ੍ਹੋ ਇਹ ਵੀ ਖ਼ਬਰ: ਨੀਰਜ ਚੋਪੜਾ ਨੇ ਡਾਇਮੰਡ ਲੀਗ ਜਿੱਤ ਰਚਿਆ ਇਤਿਹਾਸ, ਇਹ ਖਿਤਾਬ ਨੂੰ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਯੋਜਨਾ ਦੇ ਲਾਭਪਾਤਰੀਆਂ ਨੂੰ ਆਪਣੇ ਨੇੜਲੇ ਡਿੱਪੂਆਂ ਵਿੱਚ ਜਾ ਕੇ ਘੰਟਿਆਂ ਬੱਧੀ ਖੜ੍ਹੇ ਹੋਣਾ ਪੈਂਦਾ ਸੀ ਅਤੇ ਉੱਥੋਂ ਹੀ ਉਨ੍ਹਾਂ ਨੂੰ ਕਾਫੀ ਖੱਜਲ ਖੁਆਰੀ ਦੇ ਬਾਅਦ ਕਣਕ ਮਿਲਦੀ ਸੀ। ਸਰਕਾਰ ਵੱਲੋਂ ਇਸ ਮੌਕੇ ਇਸ ਯੋਜਨਾ ਦੇ ਲਾਭਪਾਤਰੀਆਂ ਨੂੰ ਪ੍ਰਤੀ ਮੈਂਬਰ ਪ੍ਰਤੀ ਮਹੀਨਾ 5 ਕਿਲੋ ਕਣਕ ਸਿਰਫ 2 ਰੁਪਏ ਪ੍ਰਤੀ ਕਿਲੋ ਰੇਟ 'ਤੇ ਦਿੱਤੀ ਜਾ ਰਹੀ ਹੈ। ਜਦੋਂ ਵੀ ਕਣਕ ਡਿਪੂ ਵਿੱਚ ਪਹੁੰਚਦੀ ਹੈ ਤਾਂ ਲਾਭਪਾਤਰੀਆਂ ਨੂੰ ਉਥੇ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ। ਇਸ ਯੋਜਨਾ ਦੇ ਅਨੇਕਾਂ ਲਾਭਪਾਤਰੀ ਬਜ਼ੁਰਗ ਅਤੇ ਅੰਗਹੀਣ ਵੀ ਹਨ, ਜਿਨ੍ਹਾਂ ਨੂੰ ਕਣਕ ਦੀਆਂ ਬੋਰੀਆਂ ਡਿੱਪੂਆਂ ਤੋਂ ਆਪਣੇ ਘਰਾਂ ਤੱਕ ਲਿਜਾਣ ਵਿੱਚ ਕਾਫੀ ਮੁਸ਼ਕਲ ਪੇਸ਼ ਆਉਂਦੀ ਸੀ। ਅਜਿਹੀਆਂ ਅਨੇਕਾਂ ਸਮੱਸਿਆਵਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੱਡਾ ਐਲਾਨ ਕੀਤਾ ਸੀ। ਇਸ ਸਬੰਧ ਵਿਚ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਕੀਤੀ ਕੀਤੀ ਗਈ ਗੱਲਬਾਤ ਇਸ ਤਰ੍ਹਾਂ ਹੈ.... 

ਲਾਭਪਾਤਰੀਆਂ ’ਚ ਖੁਸ਼ੀ ਦੀ ਲਹਿਰ 
ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਨੌਜਵਾਨ ਆਗੂ ਕਾਰਜ ਸਿੰਘ ਕੋਟਲਾ ਖੁਰਦ ਨੇ ਕਿਹਾ ਕਿ ਆਟਾ ਦਾਲ ਯੋਜਨਾ ਦੇ ਬਹੁਤ ਸਾਰੇ ਲਾਭਪਾਤਰੀ ਗਰੀਬ ਵਰਗ ਨਾਲ ਸਬੰਧਤ ਹਨ, ਜੋ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਹਨ। ਪਹਿਲਾਂ ਜਦੋਂ ਉਨ੍ਹਾਂ ਨੂੰ ਕਣਕ ਲੈਣ ਲਈ ਡਿਪੂਆਂ ਵਿਚ ਜਾਣਾ ਪੈਂਦਾ ਸੀ ਤਾਂ ਉੱਥੇ ਵੱਡੀ ਪ੍ਰੇਸ਼ਾਨੀ ਪੇਸ਼ ਆਉਂਦੀ ਸੀ, ਕਿਉਂਕਿ ਸਾਰੇ ਲਾਭਪਾਤਰੀ ਇੱਕੋ ਸਮੇਂ ਪਹੁੰਚ ਜਾਂਦੇ ਹਨ ਅਤੇ ਇਨ੍ਹਾਂ ਮਜ਼ਦੂਰਾਂ ਅਤੇ ਹੋਰ ਲੋਕਾਂ ਦਾ ਸਮਾਂ ਖ਼ਰਾਬ ਹੁੰਦਾ ਸੀ। ਇਥੋਂ ਤੱਕ ਕਿ ਕਈ ਵਾਰ ਮਜ਼ਦੂਰਾਂ ਨੂੰ ਆਪਣੀ ਦਿਹਾੜੀ ਤੋੜ ਕੇ ਕਣਕ ਲੈਣ ਜਾਣਾ ਪੈਂਦਾ ਸੀ, ਜਿਸ ਕਾਰਨ ਉਨ੍ਹਾਂ ਦਾ ਆਰਥਿਕ ਨੁਕਸਾਨ ਵੀ ਹੁੰਦਾ ਸੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੂਰ ਅੰਦੇਸ਼ੀ ਸੋਚ ਦਾ ਸਬੂਤ ਦਿੰਦੇ ਹੋਏ ਕੀਤਾ ਗਿਆ ਇਹ ਐਲਾਨ ਇਸ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡੀ ਰਾਹਤ ਦੇਣ ਵਾਲਾ ਹੈ। ਇਸੇ ਕਾਰਨ ਇਸ ਯੋਜਨਾ ਦੇ ਲਾਭਪਾਤਰੀਆਂ ਵਿੱਚ ਵੱਡੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਗੁਜਰਾਤ 'ਚ ਮੌਤ, ਵੀਡੀਓ ਬਣਾ ਮੰਗੀ ਸੀ ਮਦਦ

ਕੋਈ ਵੀ ਲਾਭਪਾਤਰੀ ਇਸ ਯੋਜਨਾ ਦੇ ਲਾਭ ਤੋਂ ਵਾਂਝਾ ਨਹੀਂ ਰਹਿ ਸਕੇਗਾ
ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਨਰੰਜਣ ਸਿੰਘ ਗਾਦੜੀਆਂ ਨੇ ਕਿਹਾ ਕਿ ਡਿਪੂਆਂ ਵਿਚੋ ਕਣਕ ਲਿਆਉਣ ਮੌਕੇ ਸਿਰਫ਼ ਸਮਾਂ ਖ਼ਰਾਬ ਨਹੀਂ ਹੁੰਦਾ ਸੀ ਸਗੋਂ ਲੋਕਾਂ ਦੀ ਖੱਜਲ ਖੁਆਰੀ ਵੀ ਬਹੁਤ ਵਧਦੀ ਸੀ। ਲੋਕਾ ਨੂੰ ਸਮੇਂ ਸਿਰ ਜਾਣਕਾਰੀ ਹੀ ਨਹੀਂ ਮਿਲਦੀ ਸੀ। ਹੁਣ ਜਦੋਂ ਸਰਕਾਰ ਹੋਮ ਡਿਲਿਵਰੀ ਸ਼ੁਰੂ ਕਰਨ ਜਾ ਰਹੀ ਹੈ ਤਾਂ ਇਸ ਨਾਲ ਹਰੇਕ ਲਾਭਪਾਤਰੀ ਨੂੰ ਬਣਦਾ ਲਾਭ ਜ਼ਰੂਰ ਮਿਲੇਗਾ। ਕੋਈ ਵੀ ਲਾਭਪਾਤਰੀ ਇਸ ਯੋਜਨਾ ਦੇ ਲਾਭ ਤੋਂ ਵਾਂਝਾ ਨਹੀਂ ਰਹਿ ਸਕੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜ਼ਮੀਨ ਨਾਲ ਜੁੜੇ ਹੋਏ ਆਗੂ ਹਨ, ਜਿਨ੍ਹਾਂ ਨੂੰ ਗ਼ਰੀਬ ਅਤੇ ਮੱਧ ਵਰਗ ਦੇ ਲੋਕਾਂ ਦੀਆਂ ਮੁਸ਼ਕਿਲਾਂ ਲੋੜਾਂ ਅਤੇ ਭਾਵਨਾਵਾਂ ਦਾ ਬਹੁਤ ਚੰਗੀ ਤਰ੍ਹਾਂ ਅਹਿਸਾਸ ਹੈ। ਇਸੇ ਕਾਰਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਅਜਿਹੇ ਲੋਕ ਪੱਖੀ ਫ਼ੈਸਲੇ ਲੈ ਰਹੀ ਹੈ। ਪੂਰਨ ਆਸ ਹੈ ਕਿ ਪੰਜਾਬ ਦਾ ਹਰੇਕ ਵਰਗ ਇਨ੍ਹਾਂ ਫ਼ੈਸਲਿਆਂ ਦਾ ਸਵਾਗਤ ਕਰਦਾ ਹੋਇਆ ਆਉਣ ਵਾਲੇ ਸਮੇਂ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਵੱਡਾ ਸਹਿਯੋਗ ਦਿੰਦਾ ਰਹੇਗਾ।

ਬਜ਼ੁਰਗਾਂ, ਮਹਿਲਾਵਾਂ ਅਤੇ ਅੰਗਹੀਣ ਲਾਭਪਾਤਰੀਆਂ ਨੂੰ ਹੋਵੇਗਾ ਫ਼ਾਇਦਾ
ਗੁਰਦਾਸਪੁਰ ਨਾਲ ਸਬੰਧਤ ਨੌਜਵਾਨ ਪ੍ਰਿੰਕਲ ਕੈਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਵੱਡੇ ਉਪਰਾਲੇ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਬਜ਼ੁਰਗਾਂ, ਮਹਿਲਾਵਾਂ ਅਤੇ ਅੰਗਹੀਣ ਲਾਭਪਾਤਰੀਆਂ ਨੂੰ ਹੋਵੇਗਾ। ਇਸ ਤੋਂ ਪਹਿਲਾਂ ਬਜ਼ੁਰਗ ਅਤੇ ਮਹਿਲਾਵਾਂ ਡਿਪੂਆਂ ਵਿਚੋਂ ਕਣਕ ਲਿਆਉਣ ਮੌਕੇ ਅਕਸਰ ਦੂਸਰਿਆਂ ’ਤੇ ਨਿਰਭਰ ਹੁੰਦੇ ਸਨ ਅਤੇ ਉਨ੍ਹਾਂ ਨੂੰ ਹੋਰਨਾਂ ਦੇ ਤਰਲੇ ਮਾਰਨੇ ਪੈਂਦੇ ਸਨ। ਉਹ ਖੁਦ ਡਿਪੂ ਵਿੱਚ ਜਾ ਕੇ ਉਥੋਂ ਕਣਕ ਚੁੱਕ ਕੇ ਲਿਆਉਣ ਤੋਂ ਅਸਮਰੱਥ ਹੁੰਦੇ ਸਨ। ਹੁਣ ਜਦੋਂ ਹੋਮ ਡਿਲੀਵਰੀ ਸ਼ੁਰੂ ਹੋਵੇਗੀ ਤਾਂ ਅਜਿਹੇ ਲਾਭਪਾਤਰੀਆਂ ਨੂੰ ਸਮੇਂ ਸਿਰ ਸਰਕਾਰ ਵੱਲੋਂ ਭੇਜੀਆਂ ਸਹੂਲਤਾਂ ਅਤੇ ਰਾਸ਼ਨ ਸਮੇਂ ਸਿਰ ਮਿਲੇਗਾ। ਉਨ੍ਹਾਂ ਮੁੱਖ ਮੰਤਰੀ ਦਾ ਇਸ ਫੈਸਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਸਰਕਾਰ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਲੋਕ ਪੱਖੀ ਫ਼ੈਸਲੇ ਲੈਂਦੀ ਰਹੇਗੀ। 

ਪੜ੍ਹੋ ਇਹ ਵੀ ਖ਼ਬਰ: ਸ਼ਰਮਨਾਕ: ਪਠਾਨਕੋਟ ’ਚ ਗੁੱਜਰ ਨੇ ਮਾਂ ਨਾਲ ਮਿਲ ਘਰਵਾਲੀ ਨੂੰ ਕੁੱਟ-ਕੁੱਟ ਕੀਤਾ ਅੱਧਮਰੀ, ਵੀਡੀਓ ਵਾਇਰਲ

‘ਆਪ’ ਸਰਕਾਰ ਨੇ ਜਿੱਤੇ ਹਰੇਕ ਵਰਗ ਦੇ ਲੋਕਾਂ ਦੇ ਦਿਲ 
ਪੁਰਾਣਾਸ਼ਾਲਾ ਨਾਲ ਸਬੰਧਤ ਨੌਜਵਾਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਮਹੀਨੇ ਦੇ ਕੰਮ ਨਾਲ ਹੀ ਹਰੇਕ ਵਰਗ ਦੇ ਲੋਕਾਂ ਦੇ ਦਿਲ ਜਿੱਤ ਲਏ ਹਨ। ਪਿਛਲੇ ਸਮੇਂ ਦੌਰਾਨ ਆਟਾ ਦਾਲ ਯੋਜਨਾ ਵਿੱਚ ਵੱਡੇ ਪੱਧਰ ਤੇ ਧਾਂਦਲੀਆਂ ਹੁੰਦੀਆਂ ਰਹੀਆਂ ਹਨ ਅਤੇ ਲੋਕਾਂ ਨੂੰ ਨਾ ਤਾਂ ਰਾਸ਼ਨ ਪੂਰਾ ਮਿਲਦਾ ਸੀ ਅਤੇ ਨਾ ਹੀ ਚੰਗੀ ਗੁਣਵੱਤਾ ਵਾਲੀ ਕਣਕ ਮਿਲਦੀ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸਾਰੀਆਂ ਧਾਂਦਲੀਆਂ ਖ਼ਤਮ ਕਰ ਦਿੱਤੀਆਂ ਹਨ। ਇਹ ਸਰਕਾਰ ਵੱਲੋਂ ਜੋ ਕਣਕ ਵੰਡੀ ਗਈ ਹੈ ਉਹ  ਗੁਣਵੱਤਾ ਪੱਖੋਂ ਵੀ ਵਧੀਆ ਸੀ ਅਤੇ ਕਿਸੇ ਨੂੰ ਘੱਟ ਮਾਤਰਾ ਵਿੱਚ ਕਣਕ ਨਹੀਂ ਮਿਲੀ। ਪਿਛਲੇ ਸਮੇਂ ਵਿੱਚ ਸਰਕਾਰ ਨੇ ਲਾਭਪਾਤਰੀਆਂ ਦੇ ਘਰਾਂ ਤੱਕ ਆਟਾ ਪਹੁੰਚਾਉਣ ਸਬੰਧੀ ਫ਼ੈਸਲਾ ਕਰਕੇ ਇਸ ਯੋਜਨਾ ਨੂੰ ਹੋਰ ਵੀ ਬਿਹਤਰ ਬਣਾਉਣ ਦਾ ਵੱਡਾ ਉਪਰਾਲਾ ਕੀਤਾ ਹੈ, ਜਿਸ ਕਾਰਨ ਉਹ ਸਰਕਾਰ ਦੇ ਧੰਨਵਾਦੀ ਵੀ ਹਨ। ਨਾਲ ਹੀ ਇਸ ਗੱਲ ਦੀ ਆਸ ਕਰਦੇ ਹਨ ਕਿ ਲੋਕ ਸਰਕਾਰ ਦੇ ਇਸ ਫ਼ੈਸਲੇ ਦਾ ਸੁਆਗਤ ਕਰਕੇ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣਗੇ।


author

rajwinder kaur

Content Editor

Related News