ਹੜ੍ਹਾਂ ਕਾਰਨ ਹੋਏ ਫਸਲਾਂ ਦੇ ਨੁਕਸਾਨ ਲਈ ਬੀਬੀ ਜਗੀਰ ਕੌਰ ਦੀ ਸਰਕਾਰ ਨੂੰ ਮੰਗ

Tuesday, Aug 27, 2019 - 04:25 PM (IST)

ਸੁਲਤਾਨਪੁਰ ਲੋਧੀ(ਸੋਢੀ)— ਪੰਜਾਬ ’ਚ ਹੜ੍ਹਾਂ ਕਾਰਨ ਹੋਏ ਫਸਲਾਂ ਦੇ ਨੁਕਸਾਨ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਸਰਕਾਰ ਨੂੰ ਮੰਗ ਕੀਤੀ ਕਿ ਫਸਲਾਂ ਦੇ ਨੁਕਸਾਨ ਦਾ ਸੂਬਾ ਸਰਕਾਰ ਕਿਸਾਨਾਂ ਨੂੰ ਪ੍ਰਤੀ ਏਕੜ 40 ਹਜ਼ਾਰ ਰੁਪਏ ਮੁਆਵਜ਼ਾ ਦੇੇਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਡ਼੍ਹ ਪੀਡ਼ਤ ਪਰਿਵਾਰਾਂ ਨੂੰ ਵੰਡਣ ਲਈ ਆਈ ਰਾਹਤ ਸਮੱਗਰੀ ਆਦਿ ਵੱਖ-ਵੱਖ ਪਿੰਡਾਂ ’ਚ ਵੰਡਣ ਉਪਰੰਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪੁੱਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਈ ਦਿਨਾਂ ਤੋਂ ਹਡ਼੍ਹ ਦੇ ਗੰਦੇ ਪਾਣੀ ’ਚ ਘਿਰੇ ਲੋਕਾਂ ਦੀ ਵਿਥਿਆ ਸੁਣ ਕੇ ਮਨ ਭਰ ਆਉਂਦਾ ਹੈ ਕਿ ਕਿਵੇਂ ਉਨ੍ਹਾਂ ਉੱਤੇ ਇਹ ਦੁੱਖਾਂ ਦਾ ਪਹਾਡ਼ ਟੁੱਟ ਪਿਆ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੇ ਮੈਨੂੰ ਦੱਸਿਆ ਹੈ ਕਿ ਕਾਂਗਰਸ ਸਰਕਾਰ ਨੇ ਪਿਛਲੇ ਢਾਈ ਸਾਲ ਤੋਂ ਨਾ ਤਾਂ ਨਾਲਿਆਂ ਦੀ ਸਫ਼ਾਈ ਕਰਵਾਈ ਹੈ ਅਤੇ ਨਾ ਹੀ ਹਡ਼੍ਹ-ਰੋਕੂ ਕਾਰਜ ਮੁਕੰਮਲ ਕਰਵਾਏ ਹਨ। ਜਿਸ ਦਾ ਇਨ੍ਹਾਂ ਹਡ਼੍ਹਾਂ ਵਿਚ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਨੇ ਆਫ਼ਤ ਪ੍ਰਬੰਧਾਂ ਲਈ ਪਹਿਲਾਂ ਹੀ ਪੰਜਾਬ ਸਰਕਾਰ ਨੂੰ 474 ਕਰੋਡ਼ ਰੁਪਏ ਦੇ ਚੁੱਕੀ ਹੈ ਪਰ ਸੂਬਾ ਸਰਕਾਰ ਨੇ ਇਹ ਪੈਸਾ ਅਜੇ ਵੀ ਲੋਕਾਂ ਲਈ ਜਾਰੀ ਨਹੀਂ ਕੀਤਾ, ਜਦਕਿ ਕਿਸਾਨਾਂ ਨੂੰ ਹਡ਼੍ਹ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਪ੍ਰਤੀ ਏਕਡ਼ 40 ਹਜ਼ਾਰ ਰੁਪਏ ਮੁਆਵਜ਼ਾ ਦੇਣਾ ਚਾਹੀਦਾ ਹੈ ਤਾਂ ਜੋ ਕਿਸਾਨ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ। ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਵੀ ਪਾਣੀ ਦੀਆਂ ਬੋਤਲਾਂ ਦੀਆਂ 10 ਗੱਡੀਆਂ ਹਡ਼੍ਹ ਮਾਰੇ ਖੇਤਰ ’ਚ ਵੰਡਣ ਲਈ ਭੇਜੀਆਂ ਗਈਆਂ। ਇਸ ਮੌਕੇ ਜਥੇ. ਸ਼ਿੰਗਾਰਾ ਸਿੰਘ ਲੋਹੀਆਂ, ਜਥੇ. ਜਰਨੈਲ ਸਿੰਘ ਡੋਗਰਾਂਵਾਲ, ਜਥੇ. ਸਰਵਨ ਸਿੰਘ ਕੁਲਾਰ, ਬੀਬੀ ਗੁਰਪ੍ਰੀਤ ਕੌਰ ਰੂਹੀ, ਮੈਨੇਜਰ ਸਤਨਾਮ ਸਿੰਘ ਰਿਆਡ਼, ਐਡੀਸ਼ਨਲ ਮੈਨੇਜਰ ਸਰਬਜੀਤ ਸਿੰਘ ਧੂੰਦਾ, ਮੀਤ ਮੈਨੇਜਰ ਕੁਲਵੰਤ ਸਿੰਘ, ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾਅ,ਮੇਜਰ ਸਿੰਘ ਸੰਧੂ ਆਦਿ ਹਾਜ਼ਰ ਸਨ।

 


shivani attri

Content Editor

Related News