ਹੜ੍ਹਾਂ ਮਗਰੋਂ ਬੰਨ੍ਹ ਪੱਕੇ ਕਰਨਾ ਭੁੱਲੀ ਸਰਕਾਰ, ਸੰਤ ਸੀਚੇਵਾਲ ਨੇ ਮੁੜ ਸਾਂਭਿਆ ਮੋਰਚਾ

Friday, Feb 07, 2020 - 06:57 PM (IST)

ਹੜ੍ਹਾਂ ਮਗਰੋਂ ਬੰਨ੍ਹ ਪੱਕੇ ਕਰਨਾ ਭੁੱਲੀ ਸਰਕਾਰ, ਸੰਤ ਸੀਚੇਵਾਲ ਨੇ ਮੁੜ ਸਾਂਭਿਆ ਮੋਰਚਾ

ਕਪੂਰਥਲਾ (ਮੀਨੂੰ ਅਬਰਾਏ) : 6 ਮਹੀਨੇ ਪਹਿਲਾਂ ਪੰਜਾਬ ਦੇ ਕਈ ਪਿੰਡਾਂ 'ਚ ਹੜ੍ਹ ਕਾਰਨ ਮਚੀ ਤਬਾਹੀ ਨੂੰ ਲੋਕ ਅਜੇ ਵੀ ਭੁੱਲ ਨਹੀਂ ਸਕੇ ਹਨ। ਬਿਨਾਂ ਸ਼ੱਕ ਸਰਕਾਰ ਨੇ ਸਤਲੁਜ ਦਰਿਆ ਨੇ ਗਿੱਦੜਪਿੰਡੀ ਤੇ ਲੋਹੀਆਂ ਖਾਸ ਦੇ ਪਿੰਡਾਂ 'ਚ ਮਚੀ ਤਬਾਹੀ ਨੂੰ ਕਦੋਂ ਦਾ ਮਨੋਂ ਵਿਸਾਰ ਦਿੱਤਾ ਹੈ ਨੇ ਨਾਲ ਹੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਵੀ ਮੂੰਹ ਮੋੜ ਲਿਆ ਹੈ। ਲੋਕਾਂ ਦੀ ਜੇਕਰ ਕਿਸੇ ਨੂੰ ਫਿਕਰ ਹੈ ਤਾਂ ਉਹ ਨੇ ਸੰਤ ਬਲਬੀਰ ਸਿੰਘ ਸੀਚੇਵਾਲ। ਸੰਤ ਸੀਚੇਵਾਲ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗਿੱਦੜਵਿੰਡੀ ਪੁਲ ਹੇਠੋਂ ਮਿੱਟੀ ਕੱਢਵਾ ਕੇ ਦਰਿਆ ਨੂੰ ਸਾਫ ਕਰਵਾ ਰਹੇ ਹਨ, ਉਥੇ ਹੀ ਵਾਧੂ ਮਿੱਟੀ ਨਾਲ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। 

ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਨੇ ਦੱਸਿਆ ਕਿ ਹੁਣ ਤੱਕ 20 ਕਿਲੋਮੀਟਰ ਤੱਕ ਦਾ ਬੰਨ੍ਹ ਮਿੱਟੀ ਪਾ ਕੇ ਮਜ਼ਬੂਤ ਕੀਤਾ ਜਾ ਚੁੱਕਾ ਹੈ, ਇਸ ਕੰਮ 'ਚ ਰੋਜ਼ਾਨਾ ਲੱਖਾਂ ਰੁਪਏ ਦਾ ਖਰਚਾ ਆ ਰਿਹਾ ਹੈ। ਲੋਕਾਂ ਮੁਤਾਬਕ ਦਰਿਆ 'ਤੇ ਬਣਿਆ ਇਹ ਪੁਲ 112 ਸਾਲ ਪੁਰਾਣਾ ਹੈ, ਜਿਸ ਨੂੰ ਅੰਗਰੇਜ਼ਾਂ ਨੇ ਤਾਂ ਕਾਫੀ ਮਜ਼ਬੂਤ ਬਣਾਇਆ ਸੀ ਪਰ ਸਮੇਂ ਦੀਆਂ ਸਰਕਾਰਾਂ ਦੀ ਨਾਲਾਇਕੀ ਕਰਕੇ ਇਸਦੇ 21 ਦਰਾਂ 'ਚੋਂ 19 ਦਰ ਪੂਰੀ ਤਰ੍ਹਾਂ ਬੰਦ ਹੋ ਗਏ ਹਨ, ਜਿਸਦੀ ਸਫਾਈ ਦਾ ਕੰਮ ਸੰਤ ਸੀਚੇਵਾਲ ਤੇ ਸੰਗਤ ਵਲੋਂ ਕੀਤਾ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਜ਼ਿੰਮੇਵਾਰੀ ਤੋਂ ਭੱਜੀ ਸਰਕਾਰ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ ਹਨ। 

ਬਿਨਾਂ ਸ਼ੱਕ ਵਿਕਾਸ ਕਾਰਜ ਤੇ ਦਰਿਆਵਾਂ-ਪੁਲਾਂ ਦੀ ਮੁਰੰਮਤ ਕਰਵਾਉਣ ਦੇ ਨਾਲ-ਨਾਲ ਜਨਤਾ ਦੀਆਂ ਪ੍ਰੇਸ਼ਾਨੀਆਂ ਨੂੰ ਹੱਲ ਕਰਨਾ ਸਰਕਾਰਾਂ ਦੇ ਕੰਮ ਹੁੰਦੇ ਹਨ ਪਰ ਅਫਸੋਸ ਸਿਆਸੀ ਲੀਡਰਾਂ ਨੂੰ ਸਿਰਫ ਚੋਣਾਂ ਵੇਲੇ ਹੀ ਜਨਤਾ ਦੀ ਯਾਦ ਆਉਂਦੀ ਹੈ ਜਦਕਿ ਅੱਗੇ-ਪਿੱਛੇ ਲੋਕ ਖੁਦ ਹੀ ਸਾਂਝੀਆਂ ਸਮੱਸਿਆਵਾਂ ਨਾਲ ਨਜਿੱਠਦੇ ਹਨ।


author

Gurminder Singh

Content Editor

Related News