ਵਿਧਾਨ ਸਭਾ ਚੋਣਾਂ ਲਈ ਪੋਲਿੰਗ ਪਾਰਟੀਆਂਂ ਦੀ ਪਹਿਲੀ ਰਿਹਰਸਲ 20 ਨੂੰ : ਜ਼ਿਲ੍ਹਾ ਚੋਣ ਅਫ਼ਸਰ

Sunday, Jan 16, 2022 - 01:48 PM (IST)

ਕਪੂਰਥਲਾ (ਮਹਾਜਨ/ਮਲਹੋਤਰਾ) : ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕਪੂਰਥਲਾ ਜ਼ਿਲ੍ਹੇ ਦੇ ਚਾਰਾਂ ਵਿਧਾਨ ਸਭਾ ਹਲਕਿਆਂਂ ਫਗਵਾੜਾ, ਸੁਲਤਾਨਪੁਰ, ਭੁਲੱਥ ਅਤੇ ਕਪੂਰਥਲਾ ਲਈ ਪੋਲਿੰਗ ਸਟਾਫ਼ ਲਈ ਪਹਿਲੀ ਰਿਹਰਸਲ 20 ਜਨਵਰੀ ਨੂੰ ਹੋਵੇਗੀ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਢੁਕਵੇਂ ਪ੍ਰਬੰਧ ਕਰ ਲਏ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਦੀਪਤੀ ਉੱਪਲ ਵੱਲੋਂਂ ਅੱਜ ਵਿਧਾਨ ਸਭਾ ਚੋਣਾਂ ਸਬੰਧੀ ਸਾਰੇ ਵਧੀਕ ਡਿਪਟੀ ਕਮਿਸ਼ਨਰਾਂ, ਰਿਟਰਨਿੰਗ ਅਫ਼ਸਰਾਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਚੋਣ ਤਿਆਰੀਆਂਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੋਲਿੰਗ ਸਟਾਫ਼ ਦੀ ਰਿਹਰਸਲ ਸਮੇਂ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਫ਼ਗਵਾੜਾ ਵਿਧਾਨ ਸਭਾ ਹਲਕੇ ਲਈ ਗੁਰੂ ਨਾਨਕ ਕਾਲਜ ਸੁਖਚੈਨਆਣਾ ਵਿਖੇ 9 ਤੋਂ 12 ਅਤੇ 12 ਤੋਂ 3 ਵਜੇ ਤੱਕ 20 ਜਨਵਰੀ ਨੂੰ ਪਹਿਲੀ ਰਿਹਰਸਲ ਹੋਵੇਗੀ।

ਇਹ ਵੀ ਪੜ੍ਹੋ: ਚੋਣਾਂ ਨੂੰ ਲੈ ਕੇ ਐਕਸ਼ਨ 'ਚ DGP, ਨਸ਼ੇ ਨੂੰ ਠੱਲ੍ਹਣ ਲਈ ਬਾਕੀ ਸੂਬਿਆਂ ਦੀ ਪੁਲਸ ਨੂੰ ਵੀ ਤਾਲਮੇਲ ਬਣਾਉਣ ਦਾ ਸੱਦਾ

ਇਸ ਤੋਂ ਇਲਾਵਾ ਕਪੂਰਥਲਾ ਹਲਕੇ ਲਈ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਅਤੇ ਰਣਧੀਰ ਸਕੂਲ ਵਿਖੇ 20 ਜਨਵਰੀ ਨੂੰ ਪੋਲਿੰਗ ਸਟਾਫ਼ ਦੀ ਪਹਿਲੀ ਰਿਹਰਸਲ ਹੋਵੇਗੀ। ਇਸੇ ਤਰ੍ਹਾਂ ਭੁਲੱਥ ਹਲਕੇ ਲਈ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ 9 ਤੋਂ 12 ਅਤੇ 12 ਤੋਂ 3 ਵਜੇ ਤੱਕ ਰਿਹਰਸਲ ਹੋਵੇਗੀ, ਜਦਕਿ ਸੁਲਤਾਨਪੁਰ ਹਲਕੇ ਲਈ ਦਾਣਾ ਮੰਡੀ ਸੁਲਤਾਨਪੁਰ ਵਿਖੇ 9 ਤੋਂ 12 ਅਤੇ 2 ਤੋਂ 5 ਵਜੇ ਤੱਕ ਰਿਹਰਸਲ ਹੋਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਪੋਲਿੰਗ ਪਾਰਟੀਆਂਂ ਦੀ ਰਵਾਨਗੀ ਲਈ ਪੁਲਸ ਦੇ ਹਮਰੁਤਬਾ ਅਧਿਕਾਰੀਆਂਂ ਨਾਲ ਤਾਲਮੇਲ ਸਥਾਪਤ ਕਰਨ ਤਾਂ ਜੋ ਕਿਸੇ ਕਿਸਮ ਦੀ ਦਿੱਕਤ ਪੈਦਾ ਨਾ ਹੋਵੇ।

ਇਹ ਵੀ ਪੜ੍ਹੋ: ਆਦਮਪੁਰ ਹਲਕੇ ਦੀ ਤਸਵੀਰ ਹੋਈ ਸਪੱਸ਼ਟ, CM ਚਰਨਜੀਤ ਸਿੰਘ ਚੰਨੀ ਨਹੀਂ ਲੜਨਗੇ ਚੋਣ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂਂ ਚੋਣਾਂ ਦੌਰਾਨ ਨਾਜਾਇਜ਼ ਸ਼ਰਾਬ ਦੀ ਵਰਤੋਂਂ ਰੋਕਣ ਲਈ ਆਬਕਾਰੀ ਵਿਭਾਗ ਨੂੰ ਨਾਕਿਆਂਂ ਦੀ ਗਿਣਤੀ ਵਧਾਉਣ ਅਤੇ ਪੁਲਸ ਵੱਲੋਂ ਸਥਾਪਤ ਮਹੱਤਵਪੂਰਨ ਨਾਕਿਆਂਂ ’ਤੇ ਕੈਮਰੇ ਲਾਉਣ ਦੀ ਵੀ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਨਗਰ ਕੌਸਲਾਂ ਤੇ ਨਗਰ ਨਿਗਮਾਂ ਦੇ ਅਧਿਕਾਰੀਆਂਂ ਨੂੰ ਨਿਰਦੇਸ਼ ਦਿੱਤੇ ਕਿ ਸਿਆਸੀ ਪਾਰਟੀਆਂਂ, ਉਮੀਦਵਾਰਾਂ ਦੇ ਚੋਣਾਂ ਸਬੰਧੀ ਇਸ਼ਤਿਹਾਰਾਂ ਲਈ ਯੂਨੀਪੋਲ ਆਦਿ ਕਿਰਾਏ ’ਤੇ ਦੇਣ ਸਮੇਂਂ ਉਨ੍ਹਾਂ ’ਤੇ ਲੱਗਣ ਵਾਲੇ ਇਸ਼ਤਿਹਾਰਾਂ ਦੇ ਮੈਟਰ ਦੀ ਜ਼ਿਲ੍ਹਾ ਪੱਧਰੀ ਮੀਡੀਆ ਮਾਨੀਟਰਿੰਗ ਤੇ ਸਰਟੀਫ਼ਿਕੇਸ਼ਨ ਕਮੇਟੀ ਤੋਂ ਪ੍ਰਵਾਨਗੀ ਲਾਜ਼ਮੀ ਲਈ ਜਾਵੇ। ਵੀਡੀਓ ਕਾਨਫ਼ਰੰਸ ’ਚ ਵਧੀਕ ਡਿਪਟੀ ਕਮਿਸ਼ਰ (ਜ) ਅਦਿੱਤਯਾ ਉੱਪਲ, ਵਧੀਕ ਡਿਪਟੀ ਕਮਿਸ਼ਨਰ (ਵ) ਐੱਸ. ਪੀ. ਆਂਗਰਾ, ਵਧੀਕ ਡਿਪਟੀ ਕਮਿਸ਼ਨਰ ਫ਼ਗਵਾੜਾ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅਨੂਪਮ ਕਲੇਰ, ਸਮੂਹ ਰਿਟਰਨਿੰਗ ਅਫ਼ਸਰ ਤੇ ਵੱਖ-ਵੱਖ ਚੋਣ ਸੈੱਲਾਂ ਦੇ ਨੋਡਲ ਅਧਿਕਾਰੀ ਤੇ ਚੋਣ ਤਹਿਸੀਲਦਾਰ ਮਨਜੀਤ ਕੌਰ ਨੇ ਵੀ ਭਾਗ ਲਿਆ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Gurminder Singh

Content Editor

Related News