ਲੁਧਿਆਣਾ ''ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾਂ ਨੇ ਘਰ ਬਾਹਰ ਖੜ੍ਹੇ ਨੌਜਵਾਨ ਨੂੰ ਮਾਰੀ ਗੋਲੀ

Tuesday, Oct 06, 2020 - 08:57 AM (IST)

ਲੁਧਿਆਣਾ (ਜ. ਬ.) : ਹੈਬੋਵਾਲ ਕਲਾਂ ਦੀ ਥਾਪਰ ਕਾਲੋਨੀ 'ਚ ਸੋਮਵਾਰ ਸ਼ਾਮ ਨੂੰ ਆਪਣੇ ਘਰ ਦੇ ਬਾਹਰ ਖੜ੍ਹੇ ਇਕ ਨੌਜਵਾਨ ਨੂੰ ਮੋਟਰਸਾਈਕਲ ਸਵਾਰ 2 ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ। ਜ਼ਖ਼ਮੀਂ ਹਾਲਤ 'ਚ ਨੌਜਵਾਨ ਨੂੰ ਇਲਾਜ ਲਈ ਦਯਾਨੰਦ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਮਾਮਲੇ ਨੂੰ ਆਪਸੀ ਰੰਜਿਸ਼ ਦੀ ਨਜ਼ਰ ਨਾਲ ਦੇਖ ਰਹੀ ਹੈ। ਜਾਣਕਾਰੀ ਮੁਤਾਬਕ ਘਟਨਾ ਸ਼ਾਮ ਲਗਭਗ 6 ਵਜੇ ਦੀ ਹੈ, ਜਦੋਂ 26 ਸਾਲਾ ਸੌਰਭ ਸ਼ਰਮਾ ਆਪਣੇ ਦੋਸਤ ਪ੍ਰਸ਼ਾਂਤ ਦੇ ਨਾਲ ਜਿੰਮ ਤੋਂ ਘਰ ਮੁੜਿਆ। ਸੌਰਭ ਆਪਣੇ ਦੋਸਤ ਪ੍ਰਸ਼ਾਂਤ ਨਾਲ ਘਰ ਦੇ ਬਾਹਰ ਹੀ ਖੜ੍ਹਾ ਸੀ ਤਾਂ ਪਿੱਛੇ ਮੋਟਰਸਾਈਕਲ ’ਤੇ 2 ਬਦਮਾਸ਼ ਆਏ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ BSF ਨੂੰ ਵੱਡੀ ਸਫ਼ਲਤਾ, ਪਲਾਸਟਿਕ ਦੀ ਬੋਤਲ 'ਚ ਪੈਕ ਕਰੋੜਾਂ ਦੀ ਹੈਰੋਇਨ ਜ਼ਬਤ

ਉਹ ਸੌਰਭ ਨੂੰ ਆਪਣੇ ਨਾਲ ਲਿਜਾਣਾ ਚਾਹੁੰਦੇ ਸੀ ਪਰ ਸੌਰਭ ਨੇ ਮਨ੍ਹਾਂ ਕਰ ਦਿੱਤਾ। ਇਸ ’ਤੇ ਇਕ ਬਦਮਾਸ਼ ਨੇ ਪਿਸਤੌਲ ਕੱਢ ਕੇ ਉਸ ’ਤੇ ਫਾਇਰ ਕਰ ਦਿੱਤਾ। ਗੋਲੀ ਦੇ ਛਰੇ ਉਸ ਦੇ ਢਿੱਡ ਅਤੇ ਹੱਥ ’ਚ ਲੱਗੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਸੰਗਮ ਪੈਲੇਸ ਵੱਲ ਫਰਾਰ ਹੋ ਗਏ। ਜ਼ਖਮੀਂ ਹੋਏ ਸੌਰਭ ਨੂੰ ਪ੍ਰਸ਼ਾਂਤ ਪਹਿਲਾਂ ਈ. ਐੱਸ. ਆਈ. ਹਸਪਤਾਲ ਲੈ ਕੇ ਗਿਆ, ਜਿੱਥੋਂ ਉਸ ਨੂੰ ਦਯਾਨੰਦ ਹਸਪਤਾਲ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : ਸੰਗਰੂਰ ਰੈਲੀ 'ਚੋਂ 'ਸਿੱਧੂ' ਦੀ ਗੈਰ ਮੌਜੂਦਗੀ 'ਤੇ ਹਰੀਸ਼ ਰਾਵਤ ਨੇ ਤੋੜੀ ਚੁੱਪੀ, ਜਾਣੋ ਕੀ ਬੋਲੇ (ਵੀਡੀਓ)
ਇਕ ਘੰਟੇ ਬਾਅਦ ਘਟਨਾ ਸਥਾਨ ’ਤੇ ਪੁੱਜੀ ਪੁਲਸ
ਸੌਰਭ ਦੇ ਪਿਤਾ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ ਗਈ ਪਰ ਉਹ ਇਕ ਘੰਟੇ ਦੀ ਦੇਰੀ ਨਾਲ ਪੁੱਜੀ, ਜਦੋਂ ਕਿ ਥੋੜ੍ਹੀ ਦੂਰ ਹੀ ਜਗਤਪੁਰੀ ਚੌਂਕੀ ਹੈ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ’ਤੇ 2 ਹਮਲਾਵਰ ਸਵਾਰ ਸਨ। ਇਕ ਮੋਨਾ ਸੀ, ਜਦੋਂ ਕਿ ਦੂਜੇ ਨੇ ਪੱਗ ਬੰਨ੍ਹੀ ਹੋਈ ਸੀ। ਮੋਟਰਸਾਈਕਲ ਪਗੜੀ ਧਾਰਕ ਚਲਾ ਰਿਹਾ ਸੀ, ਜਦੋਂ ਕਿ ਗੋਲੀ ਮੋਨੇ ਨੌਜਵਾਨ ਨੇ ਚਲਾਈ।

ਇਹ ਵੀ ਪੜ੍ਹੋ : ਜਾਖੜ ਨੇ ਖੇਤੀ ਬਿੱਲਾਂ ਖ਼ਿਲਾਫ ਕੱਢੀ ਦਿਲੀ ਭੜਾਸ, 'ਬੱਚਿਆਂ ਵਾਂਗ ਪਾਲੀ ਫ਼ਸਲ ਸੰਭਾਲਣ ਵੇਲੇ ਸੜਕਾਂ 'ਤੇ ਕਿਸਾਨ'
ਕਿਸੇ ਨਾਲ ਕੋਈ ਦੁਸ਼ਮਣੀ ਨਹੀਂ
ਸ਼ਰਮਾ ਦਾ ਕਹਿਣਾ ਹੈ ਕਿ ਉਸ ਦਾ ਬੇਟਾ ਸੌਰਭ ਕੁਆਰਾ ਹੈ ਅਤੇ ਬਿਜਲੀ ਦਾ ਕੰਮ ਕਰਦਾ ਹੈ। ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਨਾ ਹੀ ਕਿਸੇ ਨਾਲ ਪੈਸੇ ਦੇ ਲੈਣ-ਦੇਣ ਜਾਂ ਹੋਰ ਕੋਈ ਝਗੜਾ ਚੱਲ ਰਿਹਾ ਹੈ। ਅਸਿਸਟੈਂਟ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸੌਰਭ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਰ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਦੇ ਬਿਆਨ ਦਰਜ ਕੀਤੇ ਜਾਣਗੇ। ਘਟਨਾ ਸਥਾਨ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਪੁਲਸ ਖੰਗਾਲਣ ਲੱਗੀ ਹੋਈ ਹੈ। ਉਧਰ ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ 'ਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕੁੱਝ ਦਿਨ ਪਹਿਲਾਂ ਸੌਰਭ ਦਾ ਕੁਝ ਲੋਕਾਂ ਨਾਲ ਝਗੜਾ ਹੋਇਆ ਸੀ। ਹੋ ਸਕਦਾ ਹੈ ਕਿ ਉਨ੍ਹਾਂ 'ਚੋਂ ਕਿਸੇ ਨੇ ਹਮਲਾ ਕੀਤਾ ਹੋਵੇ ਜਾਂ ਕਰਵਾਇਆ ਹੋਵੇ।

 


Babita

Content Editor

Related News