ਜਲੰਧਰ 'ਚ ਚੱਲੀਆਂ ਗੋਲ਼ੀਆਂ, ਬਾਊਂਸਰ ਦੀ ਹੋਈ ਮੌਤ, ਲੋਕਾਂ 'ਚ ਸਹਿਮ ਦਾ ਮਾਹੌਲ
Tuesday, Nov 29, 2022 - 01:38 AM (IST)
ਜਲੰਧਰ (ਵਰੁਣ/ਸੁਰਿੰਦਰ) : ਗੰਨ ਕਲਚਰ ਦੀ ਮੁਹਿੰਮ ਨੂੰ ਕਮਿਸ਼ਨਰੇਟ ਪੁਲਸ ਬਿਲਕੁਲ ਹੀ ਖਤਮ ਕਰ ਰਹੀ ਹੈ ਪਰ ਇਸ ਤੋਂ ਪਹਿਲਾਂ ਸੋਮਵਾਰ ਨੂੰ ਰਾਤ ਲਗਭਗ 9 ਵਜੇ ਸਾਬਕਾ ਅਕਾਲੀ ਆਗੂ ਨੇ ਗੁਰੂ ਨਾਨਕਪੁਰਾ ਵੈਸਟ ਦੇ ਸਤਨਾਮ ਨਗਰ ਵਿਚ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚੋਂ ਇਕ ਗੋਲੀ ਬਾਊਂਸਰ ਦੀ ਛਾਤੀ ਵਿਚ ਲੱਗਣ ਨਾਲ ਉਸਦੀ ਮੌਤ ਹੋ ਗਈ। ਹਾਦਸੇ ਵਿਚ 2 ਹੋਰ ਲੋਕ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦੀ ਹਾਲਤ ਗੰਭੀਰ ਹੈ।
ਫਾਇਰ ਕਰਨ ਤੋਂ ਬਾਅਦ ਸਾਬਕਾ ਅਕਾਲੀ ਆਗੂ ਫ਼ਰਾਰ ਹੋ ਗਿਆ। ਪੁਲਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਉਸਨੇ ਲਾਇਸੈਂਸੀ ਰਿਵਾਲਵਰ ਨਾਲ ਫਾਇਰਿੰਗ ਕੀਤੀ ਸੀ। ਮ੍ਰਿਤਕ ਦੀ ਪਛਾਣ ਰਵਿੰਦਰ ਨਿਵਾਸੀ ਰੁੜਕਾ ਕਲਾਂ ਵਜੋਂ ਹੋਈ ਹੈ। ਇਸ ਘਟਨਾ ਵਿਚ ਔਰਤ ਕੁਲਜੀਤ ਕੌਰ ਅਤੇ ਇਕ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ ਹਨ। ਔਰਤ ਦੇ ਹੱਥ ’ਤੇ ਗੋਲੀ ਲੱਗੀ ਹੈ। ਪੁਲਸ ਨੇ ਮੌਕੇ ਤੋਂ 2 ਖੋਲ ਬਰਾਮਦ ਕੀਤੇ ਹਨ ਪਰ ਸਥਾਨਕ ਲੋਕਾਂ ਨੇ ਕਿਹਾ ਕਿ 3 ਤੋਂ 4 ਫਾਇਰ ਹੋਏ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਵਿਕਾਸ ਕਾਰਜਾਂ ਲਈ ਟੈਂਡਰ ਪ੍ਰਕਿਰਿਆ ਸ਼ੁਰੂ, ਜਾਣੋ ਕੀ ਹੈ ਮਾਨ ਸਰਕਾਰ ਦਾ ਪਲਾਨ
ਦੂਜੇ ਪਾਸੇ ਥਾਣਾ ਰਾਮਾ ਮੰਡੀ ਦੇ ਐੱਸ. ਐੱਚ. ਓ. ਨੇ ਕਿਹਾ ਕਿ ਗੁਰਮੀਤ ਸਿੰਘ ਔਲਖ ਨੂੰ ਰਾਊਂਡਅਪ ਕਰ ਲਿਆ ਿਗਆ ਹੈ। ਪਤਾ ਲੱਗਾ ਹੈ ਕਿ ਗੁਰਮੀਤ ਸਿੰਘ ਔਲਖ ਦੇ ਸਿਰ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਹਨ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਏ. ਸੀ. ਪੀ. ਸੈਂਟਰਲ ਨਿਰਮਲ ਸਿੰਘ ਵੀ ਘਟਨਾ ਸਥਾਨ ’ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਘੋਖ ਕਰ ਰਹੀ ਹੈ।
ਵਿਵਾਦਾਂ ਨਾਲ ਜੁੜਿਆ ਰਿਹਾ ਹੈ ਗੁਰਮੀਤ ਸਿੰਘ ਔਲਖ
ਸਾਬਕਾ ਅਕਾਲੀ ਆਗੂ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਹੈ। ਗੁਰਮੀਤ ਔਲਖ ਦਾ ਭਤੀਜਾ ਰਾਜੂ ਔਲਖ ਜਿਸਨੇ ਸ਼ਰੇਆਮ ਇਕ ਨੌਜਵਾਨ ਨੂੰ ਭਜਾ-ਭਜਾ ਕੇ ਵੱਢ ਦਿੱਤਾ ਸੀ, ਜਿਸ ਤੋਂ ਬਾਅਦ ਗੁਰਮੀਤ ਔਲਖ ਨੇ ਆਪਣੇ ਭਤੀਜੇ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ। ਉਦੋਂ ਖਾਲਸਾ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ਵਿਚ ਨੌਜਵਾਨ ਦੀ ਮੌਤ ਹੋ ਗਈ ਸੀ।
ਪੁਰਾਣੀ ਰੰਜਿਸ਼ ਕਾਰਨ ਵਾਪਰੀ ਘਟਨਾ
ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਦੱਸਿਆ ਕਿ ਦੋਵੇਂ ਆਪਸ ਵਿਚ ਰਿਸ਼ਤੇਦਾਰ ਹਨ। ਪਹਿਲਾਂ ਵੀ ਦੋਵਾਂ ਵਿਚ ਵਿਵਾਦ ਹੁੰਦਾ ਰਿਹਾ ਹੈ। ਗੁਰਮੀਤ ਿਸੰਘ ਔਲਖ ਦੇ ਰਿਸ਼ਤੇਦਾਰ ਬਲਵਿੰਦਰ ਦਾ ਕੋਈ ਦੋਸਤ ਘਰ ਆਇਆ ਸੀ। ਮੁਲਜ਼ਮ ਗੁਰਮੀਤ ਿਸੰਘ ਵੱਲੋਂ ਮੋਟਰਸਾਈਕਲ ਅੰਦਰ-ਬਾਹਰ ਕਰਨ ਸਬੰਧੀ ਵਿਵਾਦ ਕੀਤਾ ਗਿਆ। ਬਲਵਿੰਦਰ ਨੇ ਵਿਵਾਦ ਨੂੰ ਟਾਲਣ ਦੀ ਕਾਫੀ ਕੋਸ਼ਿਸ਼ ਕੀਤੀ। ਬਲਵਿੰਦਰ ਮੁਤਾਬਕ ਗੁਰਮੀਤ ਔਲਖ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਤੋਂ ਬਾਅਦ ਲਾਇਸੈਂਸੀ ਰਿਵਾਲਵਰ ਨਾਲ ਫਾਇਰਿੰਗ ਕਰ ਦਿੱਤੇ। ਪਹਿਲਾ ਫਾਇਰ ਰਵਿੰਦਰ ਸੋਨੂੰ ਦੀ ਛਾਤੀ ਵਿਚ ਲੱਗਾ , ਦੂਜੀ ਗੋਲੀ ਬਲਵਿੰਦਰ ਨੂੰ ਅਤੇ ਤੀਜੀ ਉਸਦੀ ਮਾਤਾ ਨੂੰ ਲੱਗੀ। ਦੋਵਾਂ ਵਿਚ ਪੁਰਾਣੀ ਰੰਜਿਸ਼ ਪਹਿਲਾਂ ਤੋਂ ਹੀ ਚੱਲ ਰਹੀ ਸੀ।