ਕੰਮ ''ਤੇ ਜਾ ਰਹੇ ਨੌਜਵਾਨ ''ਤੇ ਫਾਇਰਿੰਗ, ਖ਼ੁਦ ਐਕਟਿਵਾ ਚਲਾ ਕੇ ਪੁੱਜਾ ਘਰ
Monday, Nov 16, 2026 - 03:28 PM (IST)
ਲੁਧਿਆਣਾ (ਵੈੱਬ ਡੈਸਕ, ਰਾਜ) : ਮਹਾਨਗਰ 'ਚ ਬੇਖ਼ੌਫ਼ ਬਦਮਾਸ਼ਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਦਿਨ-ਦਿਹਾੜੇ ਵਿਚਕਾਰ ਸੜਕ 'ਤੇ ਰਾਹਗੀਰਾਂ 'ਤੇ ਗੋਲੀਆਂ ਚਲਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਤਾਜ਼ਾ ਮਾਮਲਾ ਈ. ਡਬਲਿਊ. ਐੱਸ. ਕਾਲੋਨੀ ਕੱਟ ਦੇ ਨੇੜੇ ਦਾ ਹੈ, ਜਿੱਥੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਕੰਮ 'ਤੇ ਜਾ ਰਹੇ 25-26 ਸਾਲਾ ਨੌਜਵਾਨ ਵਿਕਾਸ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਕਰ ਦਿੱਤੀ। ਇਸ ਜਾਨਲੇਵਾ ਹਮਲੇ 'ਚ ਇੱਕ ਗੋਲੀ ਸਿੱਧੀ ਨੌਜਵਾਨ ਦੇ ਪੇਟ 'ਚ ਜਾ ਲੱਗੀ। ਗੰਭੀਰ ਰੂਪ 'ਚ ਜ਼ਖਮੀ ਹੋਣ ਦੇ ਬਾਵਜੂਦ ਨੌਜਵਾਨ ਨੇ ਹਿੰਮਤ ਨਹੀਂ ਹਾਰੀ। ਗੋਲੀ ਲੱਗਣ ਤੋਂ ਬਾਅਦ ਉਹ ਪਹਿਲਾਂ ਤਾਂ ਐਕਟਿਵਾ ਸਮੇਤ ਸੜਕ 'ਤੇ ਡਿੱਗ ਪਿਆ ਅਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ ਪਰ ਵਿਕਾਸ ਨੇ ਬਹਾਦਰੀ ਦਿਖਾਉਂਦੇ ਹੋਏ ਖ਼ੁਦ ਨੂੰ ਸੰਭਾਲਿਆ। ਉਹ ਪੇਟ 'ਚ ਗੋਲੀ ਲੱਗੀ ਹੋਣ ਦੇ ਬਾਵਜੂਦ ਡਿੱਗੀ ਹੋਈ ਸਕੂਟੀ ਚੁੱਕ ਕੇ ਖ਼ੁਦ ਹੀ ਐਕਟਿਵਾ ਚਲਾ ਕੇ ਆਪਣੇ ਘਰ ਪਹੁੰਚਿਆ।
ਜ਼ਖਮੀ ਹਾਲਤ 'ਚ ਘਰ ਪਹੁੰਚੇ ਵਿਕਾਸ ਨੂੰ ਦੇਖ ਕੇ ਪਰਿਵਾਰ ਦੇ ਹੋਸ਼ ਉੱਡ ਗਏ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ। ਪੀੜਤ ਪਰਿਵਾਰ ਅਨੁਸਾਰ ਇਹ ਘਟਨਾ 14 ਨਵੰਬਰ ਨੂੰ ਵਾਪਰੀ, ਜਦੋਂ ਵਿਕਾਸ ਆਪਣੇ ਘਰ ਤੋਂ ਐਕਟਿਵਾ ਸਕੂਟੀ 'ਤੇ ਰੋਜ਼ਾਨਾ ਦੇ ਕੰਮ ਲਈ ਨਿਕਲਿਆ ਸੀ। ਜਦੋਂ ਉਹ ਈ. ਡਬਲਿਊ ਐੱਸ. ਕਾਲੋਨੀ ਕੱਟ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਤੇਜ਼ ਰਫ਼ਤਾਰ ਬਾਈਕ 'ਤੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਰੋਕ ਲਿਆ। ਰਸਤਾ ਰੋਕਦਿਆਂ ਹੀ ਬਾਈਕ ਦੇ ਪਿੱਛੇ ਬੈਠੇ ਨੌਜਵਾਨ ਨੇ ਗੈਰ-ਕਾਨੂੰਨੀ ਹਥਿਆਰ ਨਾਲ ਵਿਕਾਸ 'ਤੇ ਸਿੱਧੀ ਗੋਲੀ ਚਲਾ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ। ਪੁਲਸ ਨੇ ਜ਼ਖਮੀ ਦੀ ਮਾਂ ਰੀਨਾ ਅਤੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਆਂ ਅਨੁਸਾਰ ਘਟਨਾ ਸਥਾਨ ਅਤੇ ਆਸ-ਪਾਸ ਦੇ ਰਸਤਿਆਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਵਾਰਦਾਤ ਦੇ ਅਸਲ ਕਾਰਨ ਦਾ ਪਤਾ ਲਗਾਇਆ ਜਾ ਸਕੇ।
