ਜਲੰਧਰ ਵਿਖੇ ਬੱਤਰਾ ਕੋਲਡ ਸਟੋਰ ਨੇੜੇ ਪਰਾਲੀ ਦੀਆਂ ਗੱਠਾਂ ''ਚ ਭਿਆਨਕ ਅੱਗ, ਕਰੀਬ ਡੇਢ ਕਰੋੜ ਦਾ ਨੁਕਸਾਨ
Monday, Nov 16, 2026 - 01:10 PM (IST)
ਜਲੰਧਰ (ਸੋਨੂੰ)- ਸ਼ਾਹਕੋਟ-ਮਲਸੀਆਂ ਰੋਡ 'ਤੇ ਸਥਿਤ ਬੱਤਰਾ ਕੋਲਡ ਸਟੋਰ ਨੇੜੇ ਪਰਾਲੀ ਦੀਆਂ ਗੱਠਾਂ 'ਚ ਬੀਤੀ ਦੇਰ ਰਾਤ ਭਿਆਨਕ ਅੱਗ ਲੱਗ ਗਈ। ਇਸ ਘਟਨਾ ਨੇ ਮੁਕਤਸਰ ਦੇ ਇਕ ਬੇਲਰ (ਪਰਾਲੀ ਦਾ ਕੰਮ ਕਰਨ ਵਾਲੇ ਵਪਾਰੀ) ਦਾ ਕਰੀਬ ਡੇਢ ਕਰੋੜ ਰੁਪਏ ਦਾ ਸਾਮਾਨ ਸੜ ਕੇ ਸੁਆਹ ਕਰ ਦਿੱਤਾ। ਸ਼ਾਹਕੋਟ ਦੀ ਆਪਣੀ ਫਾਇਰ ਬ੍ਰਿਗੇਡ ਗੱਡੀ ਪਿਛਲੇ ਇਕ ਸਾਲ ਤੋਂ ਖ਼ਰਾਬ ਹੋਣ ਕਾਰਨ ਨਕੋਦਰ, ਜਲੰਧਰ ਅਤੇ ਸੁਲਤਾਨਪੁਰ ਲੋਧੀ ਤੋਂ ਗੱਡੀਆਂ ਮੰਗਵਾਉਣੀਆਂ ਪਈਆਂ, ਜਿਸ ਕਾਰਨ ਅੱਗ ਬੁਝਾਉਣ 'ਚ ਕਾਫ਼ੀ ਦੇਰੀ ਹੋਈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਹਾਦਸਾ! ਛੱਠ ਪੂਜਾ ਮੇਲੇ ਦੌਰਾਨ ਪਟਾਕਿਆਂ ਨਾਲ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ

ਜਾਣਕਾਰੀ ਮੁਤਾਬਕ ਮੁਕਤਸਰ ਦੀ ਇਕ ਪਾਰਟੀ ਬੱਤਰਾ ਕੋਲਡ ਸਟੋਰ ਨੇੜੇ ਜ਼ਮੀਨ ਕਿਰਾਏ 'ਤੇ ਲਈ ਸੀ ਅਤੇ ਉਥੇ ਵੱਡੀ ਮਾਤਰਾ 'ਚ ਤੂੜੀ ਦੀਆਂ ਗੱਠਾਂ ਸੁੱਟ ਦਿੱਤੀਆਂ ਸਨ। ਐਤਵਾਰ ਰਾਤ ਨੂੰ ਇਨ੍ਹਾਂ ਗੱਠਾਂ 'ਚ ਅਚਾਨਕ ਅੱਗ ਲੱਗ ਗਈ, ਜੋ ਤੇਜ਼ੀ ਨਾਲ ਭਿਆਨਕ ਅੱਗ 'ਚ ਬਦਲ ਗਈਆਂ। ਅੱਗ ਦੀਆਂ ਲਪਟਾਂ ਨੂੰ ਵੇਖ ਕੇ ਰਾਹਗੀਰਾਂ ਨੇ ਤੁਰੰਤ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕੀਤਾ। ਮੌਕੇ 'ਤੇ ਮੌਜੂਦ ਪਿੰਡ ਜਾਫਰਵਾਲ ਦੇ ਸਰਪੰਚ ਹਰਦੀਪ ਸਿੰਘ ਚੰਦੀ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਅਧਿਕਾਰੀਆਂ ਨੂੰ ਫੋਨ ਕਰਕੇ ਸਥਿਤੀ ਬਾਰੇ ਜਾਣਕਾਰੀ ਦਿੱਤੀ। ਸਰਪੰਚ ਹਰਦੀਪ ਸਿੰਘ ਨੂੰ ਸ਼ੱਕ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਜਾਣਬੁੱਝ ਕੇ ਅੱਗ ਲਗਾਈ ਹੈ।
ਇਹ ਵੀ ਪੜ੍ਹੋ: ਚੋਣਾਂ ਤੋਂ ਪਹਿਲਾਂ ਪੰਜਾਬ ਪੁਲਸ ਅਲਰਟ! ਅਧਿਕਾਰੀਆਂ ਨੂੰ ਜਾਰੀ ਹੋਏ ਸਖ਼ਤ ਹੁਕਮ

ਪ੍ਰਸ਼ਾਸਨ ਦੇ ਪ੍ਰਬੰਧਨ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਕਾਫ਼ੀ ਸਮੇਂ ਤੱਕ ਕੋਈ ਵੀ ਸੀਨੀਅਰ ਅਧਿਕਾਰੀ, ਐੱਸ. ਡੀ. ਐੱਮ. ਜਾਂ ਖੇਤੀਬਾੜੀ ਵਿਭਾਗ ਦਾ ਅਧਿਕਾਰੀ ਘਟਨਾ ਸਥਾਨ 'ਤੇ ਨਹੀਂ ਪਹੁੰਚਿਆ। ਸੂਚਨਾ ਮਿਲਣ 'ਤੇ ਮਾਡਲ ਥਾਣਾ ਸ਼ਾਹਕੋਟ ਦੇ ਏ. ਐੱਸ. ਆਈ. ਅਮਨਦੀਪ ਸਿੰਘ ਘੁੰਮਣ ਪੁਲਸ ਟੀਮ ਨਾਲ ਮੌਕੇ 'ਤੇ ਪਹੁੰਚੇ।

ਉਨ੍ਹਾਂ ਦੱਸਿਆ ਕਿ ਨਕੋਦਰ, ਜਲੰਧਰ ਅਤੇ ਸੁਲਤਾਨਪੁਰ ਲੋਧੀ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਅਤੇ ਅੱਗ 'ਤੇ ਲਗਭਗ 80 ਫ਼ੀਸਦੀ ਕਾਬੂ ਪਾ ਲਿਆ ਗਿਆ ਹੈ। ਪੁਲਸ ਮੁਤਾਬਕ ਪਰਾਲੀ ਦਾ ਮਾਲਕ ਮੁਕਤਸਰ ਦਾ ਰਹਿਣ ਵਾਲਾ ਹੈ। ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਉਸ ਦਾ ਸੰਪਰਕ ਨੰਬਰ ਉਪਲੱਬਧ ਨਹੀਂ ਹੈ। ਮਾਲਕ ਦੇ ਮੌਕੇ 'ਤੇ ਪਹੁੰਚਣ ਅਤੇ ਉਸ ਦਾ ਬਿਆਨ ਦਰਜ ਕਰਨ ਤੋਂ ਬਾਅਦ ਹੀ ਅੱਗੇ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪਟਿਆਲਾ 'ਚ ਮਚੇ ਅੱਗ ਦੇ ਭਾਂਬੜ! ਕਬਾੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
