ਪੰਜਾਬ ''ਚ ਝੋਨੇ ਦੀ ਬੰਪਰ ਪੈਦਾਵਾਰ, ਮੰਡੀਆਂ ''ਚ ਆਮਦ 180 ਲੱਖ ਮੀਟ੍ਰਿਕ ਟਨ ਤੋਂ ਪਾਰ

Monday, Nov 16, 2026 - 03:53 PM (IST)

ਪੰਜਾਬ ''ਚ ਝੋਨੇ ਦੀ ਬੰਪਰ ਪੈਦਾਵਾਰ, ਮੰਡੀਆਂ ''ਚ ਆਮਦ 180 ਲੱਖ ਮੀਟ੍ਰਿਕ ਟਨ ਤੋਂ ਪਾਰ

ਚੰਡੀਗੜ੍ਹ : ਪੰਜਾਬ 'ਚ ਇਸ ਸੀਜ਼ਨ ਦੌਰਾਨ ਝੋਨੇ ਦੀ ਬੰਪਰ ਪੈਦਾਵਾਰ ਦਰਜ ਕੀਤੀ ਗਈ ਹੈ। ਪਿਛਲੇ ਸਾਲ ਆਏ ਹੜ੍ਹਾਂ ਦੇ ਪਾਣੀ ਨਾਲ ਪਹਾੜਾਂ ਤੋਂ ਖੇਤਾਂ 'ਚ ਪਹੁੰਚੀ ਖਣਿਜਾਂ ਨਾਲ ਭਰਪੂਰ ਮਿੱਟੀ ਨੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਈ ਹੈ, ਜਿਸ ਦਾ ਅਸਰ ਇਸ ਵਾਰ ਦੀ ਫ਼ਸਲ 'ਤੇ ਦੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਵੱਧ ਝਾੜ ਦੇਣ ਵਾਲੀਆਂ ਉੱਨਤ ਕਿਸਮਾਂ ਦੇ ਬੀਜਾਂ ਦੀ ਵਰਤੋਂ ਅਤੇ ਕਿਸਾਨਾਂ ਵੱਲੋਂ ਕਪਾਹ/ਨਰਮੇ ਦੀ ਖੇਤੀ ਛੱਡ ਕੇ ਝੋਨੇ ਵੱਲ ਰੁਖ ਕਰਨ ਨਾਲ ਵੀ ਕੁੱਲ ਉਤਪਾਦਨ 'ਚ ਵਾਧਾ ਹੋਇਆ ਹੈ। ਸੂਬੇ ਦੀਆਂ ਮੰਡੀਆਂ 'ਚ ਝੋਨੇ ਦੀ ਆਮਦ 180 ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਚੁੱਕੀ ਹੈ। 30 ਨਵੰਬਰ ਤੱਕ ਖ਼ਰੀਦ ਪ੍ਰਕਿਰਿਆ ਜਾਰੀ ਰਹਿਣ ਕਾਰਨ ਇਸ ਦੇ 195 ਲੱਖ ਮੀਟ੍ਰਿਕ ਟਨ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਜ਼ਿਕਰਯੋਗ ਹੈ ਕਿ ਸਾਲ 2025 'ਚ ਝੋਨੇ ਦੀ ਖਰੀਦ 156 ਲੱਖ ਮੀਟ੍ਰਿਕ ਟਨ ਰਹੀ ਸੀ। ਇਸ ਵਾਰ ਵਾਧੂ ਉਤਪਾਦਨ ਨੂੰ ਦੇਖਦਿਆਂ ਪੰਜਾਬ ਸਰਕਾਰ ਕੇਂਦਰ ਤੋਂ ਖਰੀਦ ਦਾ ਕੋਟਾ ਵਧਾਉਣ ਦੀ ਮੰਗ ਕਰੇਗੀ, ਤਾਂ ਜੋ ਨਿਰਧਾਰਤ ਟੀਚਾ ਪੂਰਾ ਹੋਣ ਤੋਂ ਬਾਅਦ ਵੀ ਖਰੀਦ ਜਾਰੀ ਰੱਖੀ ਜਾ ਸਕੇ। ਪਿਛਲੇ ਸਾਲ ਹੜ੍ਹਾਂ ਕਾਰਨ ਲਗਭਗ 5 ਲੱਖ ਏਕੜ ਵਿੱਚ ਫ਼ਸਲ ਖਰਾਬ ਹੋ ਗਈ ਸੀ। ਖੇਤੀ ਵਿਗਿਆਨੀਆਂ ਅਨੁਸਾਰ ਹੜ੍ਹ ਦੇ ਪਾਣੀ ਨਾਲ ਆਏ ਖਣਿਜਾਂ ਨੇ ਖੇਤਾਂ ਦੀ  ਉਪਜਾਊ ਸ਼ਕਤੀ ਵਧਾਈ ਹੈ। ਇਸ ਦੇ ਨਾਲ ਹੀ ਪੀ.ਆਰ.-126 ਅਤੇ ਪੀ.ਆਰ.-128 ਵਰਗੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਅਤੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦਾ ਰਕਬਾ ਵਧਿਆ ਹੈ। ਪਿਛਲੇ ਸਾਲ ਬਾਸਮਤੀ ਦਾ ਵਾਜਬ ਭਾਅ ਨਾ ਮਿਲਣ ਕਰਕੇ ਕਿਸਾਨਾਂ ਨੇ ਗੈਰ-ਬਾਸਮਤੀ ਝੋਨੇ ਵੱਲ ਰੁਖ ਕੀਤਾ। ਮੁਫ਼ਤ ਬਿਜਲੀ ਅਤੇ ਨਹਿਰੀ ਪਾਣੀ ਦੀ ਉਪਲੱਬਧਤਾ ਵੀ ਉਤਪਾਦਨ ਵਧਣ ਦੇ ਪ੍ਰਮੁੱਖ ਕਾਰਨ ਹਨ।
ਕਪਾਹ ਦੀ ਖੇਤੀ 'ਚ ਗਿਰਾਵਟ
ਦੂਜੇ ਪਾਸੇ ਗੁਲਾਬੀ ਸੁੰਡੀ, ਸਫ਼ੈਦ ਮੱਖੀ ਅਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਅਨਿਸ਼ਚਿਤਤਾ ਕਾਰਨ ਕਿਸਾਨਾਂ ਦਾ ਕਪਾਹ ਦੀ ਖੇਤੀ ਤੋਂ ਮੋਹ ਭੰਗ ਹੋ ਰਿਹਾ ਹੈ। ਇਸ ਸਾਲ ਕਪਾਹ ਦਾ ਰਕਬਾ 1.60 ਲੱਖ ਏਕੜ ਤੋਂ ਘਟ ਕੇ 1.42 ਲੱਖ ਏਕੜ ਰਹਿ ਗਿਆ ਹੈ ਅਤੇ ਉਤਪਾਦਨ ਵਿੱਚ 20.05 ਫ਼ੀਸਦੀ ਦੀ ਗਿਰਾਵਟ ਆਈ ਹੈ। ਪੰਜਾਬ ਯੂਨੀਵਰਸਿਟੀ ਦੇ ਖੇਤੀ ਵਿਗਿਆਨੀ ਪ੍ਰੋ. ਹਰਸ਼ ਨਈਅਰ ਅਨੁਸਾਰ ਹੜ੍ਹਾਂ ਨਾਲ ਆਏ ਖਣਿਜ, ਉੱਨਤ ਬੀਜ, ਨਹਿਰੀ ਪਾਣੀ ਅਤੇ ਕਿਸਾਨਾਂ ਦਾ ਕਪਾਹ ਤੋਂ ਝੋਨੇ ਦੀ ਖੇਤੀ ਵੱਲ ਵਧਿਆ ਰੁਝਾਨ ਇਸ ਵਾਰ ਵੱਧ ਪੈਦਾਵਾਰ ਦੇ ਮੁੱਖ ਕਾਰਨ ਹਨ।


author

Babita

Content Editor

Related News