ਜਾਨੋਂ ਮਾਰਨ ਦੇ ਇਰਾਦੇ ਨਾਲ ਚਲਾਈਆਂ ਗੋਲੀਆਂ, ਇਕ ਜ਼ਖਮੀ

Monday, Jul 26, 2021 - 05:43 PM (IST)

ਜਾਨੋਂ ਮਾਰਨ ਦੇ ਇਰਾਦੇ ਨਾਲ ਚਲਾਈਆਂ ਗੋਲੀਆਂ, ਇਕ ਜ਼ਖਮੀ

ਤਰਨਤਾਰਨ (ਰਾਜੂ) : ਥਾਣਾ ਸਦਰ ਪੱਟੀ ਪੁਲਸ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾ ਕੇ ਵਿਅਕਤੀ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ 12 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਸਤਨਾਮ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਗਦਾਈਕੇ ਨੇ ਦੱਸਿਆ ਕਿ ਪਿੰਡ ਵਿਚ ਗਲੀਆਂ, ਨਾਲੀਆਂ ਦੇ ਵਿਕਾਸ ਦਾ ਕੰਮ ਚੱਲ ਰਿਹਾ ਸੀ ਅਤੇ ਉਹ ਦਰਿਆ ਤੋਂ ਮਿੱਟੀ ਲਿਆ ਰਹੇ ਸਨ। ਬੀਤੀ ਰਾਤ ਜਦੋਂ ਕਾਫੀ ਦੇਰ ਤੱਕ ਸਰਵਣ ਸਿੰਘ ਅਤੇ ਸੁਲੱਖਣ ਸਿੰਘ ਟਰੈਕਟਰ-ਟਰਾਲੀਆਂ ਸਮੇਤ ਮਿੱਟੀ ਲੈ ਕੇ ਵਾਪਸ ਨਾ ਪਰਤੇ ਤਾਂ ਉਹ ਭਾਲ ਕਰਦਾ ਹੋਇਆ ਦਰਿਆ ਵੱਲ ਚਲਾ ਗਿਆ ਜਦੋਂ ਉਹ ਦਰਿਆ ਦੇ ਬੰਨ੍ਹ ’ਤੇ ਪੁੱਜਾ ਤਾਂ ਸੁਖਵਿੰਦਰ ਸਿੰਘ, ਹਰਪਾਲ ਸਿੰਘ, ਬਘੇਲ ਸਿੰਘ, ਜੱਗਾ ਸਿੰਘ, ਅਵਤਾਰ ਸਿੰਘ, ਹਰਜਿੰਦਰ ਸਿੰਘ, ਦਇਆ ਸਿੰਘ ਆਪਣੇ 5-6 ਸਾਥੀਆਂ ਨਾਲ ਉਨ੍ਹਾਂ ਦੇ ਟਰੈਕਟਰ-ਟਰਾਲੀਆਂ ਨੂੰ ਰੋਕ ਕੇ ਖੜ੍ਹੇ ਸਨ। ਇਨ੍ਹਾਂ ਨੂੰ ਜਦ ਰੋਕਣ ਦਾ ਕਾਰਨ ਪੁੱਛਿਆ ਤਾਂ ਬਘੇਲ ਸਿੰਘ ਨੇ ਆਪਣੀ ਦਸਤੀ ਰਾਈਫਲ ਦਾ ਫਾਇਰ ਕੀਤਾ, ਜਿਸ ਕਰਕੇ ਉਹ ਜ਼ਖ਼ਮੀ ਹੋ ਗਿਆ ਅਤੇ ਹਰਜਿੰਦਰ ਸਿੰਘ ਨੇ ਵੀ ਉਸ ’ਤੇ ਫਾਇਰ ਕੀਤਾ, ਜਦ ਕਿ ਬਾਕੀ ਵਿਅਕਤੀਆਂ ਨੇ ਆਪਣੇ-ਆਪਣੇ ਦਸਤੀ ਹਥਿਆਰਾਂ ਨਾਲ ਉਸ ਦੀ ਕੁੱਟਮਾਰ ਕੀਤੀ।

ਇਸ ਸਬੰਧੀ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ’ਤੇ ਸੁਖਵਿੰਦਰ ਸਿੰਘ ਪੁੱਤਰ ਧਿਆਨ ਸਿੰਘ, ਹਰਪਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ, ਬਘੇਲ ਸਿੰਘ ਪੁੱਤਰ ਸੁਖਵਿੰਦਰ ਸਿੰਘ, ਜੱਗਾ ਸਿੰਘ ਪੁੱਤਰ ਸੁਖਵਿੰਦਰ ਸਿੰਘ, ਅਵਤਾਰ ਸਿੰਘ ਪੁੱਤਰ ਕਰਮ ਸਿੰਘ, ਹਰਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀਆਨ ਗਦਾਈਕੇ ਅਤੇ ਦਇਆ ਸਿੰਘ ਪੁੱਤਰ ਅਵਤਾਰ ਸਿੰਘ ਅਤੇ 5-6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News