ਲੁੱਟ-ਖੋਹ ਕਰਨ ਆਏ ਕਾਰ ਸਵਾਰਾਂ ਨੇ ਕੀਤੀ ਫਾਇਰਿੰਗ

Monday, Sep 18, 2017 - 12:57 PM (IST)

ਲੁੱਟ-ਖੋਹ ਕਰਨ ਆਏ ਕਾਰ ਸਵਾਰਾਂ ਨੇ ਕੀਤੀ ਫਾਇਰਿੰਗ

ਬਠਿੰਡਾ (ਬਲਵਿੰਦਰ) : ਲੁੱਟ-ਖੋਹ ਦੇ ਇਰਾਦੇ ਨਾਲ ਆਏ ਤਿੰਨ ਕਾਰ ਸਵਾਰਾਂ ਨੇ ਅਜੀਤ ਰੋਡ ਗਲੀ ਨੰਬਰ 6 'ਚ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ 4 ਰਾਊਂਡ ਫਾਇਰਿੰਗ ਕੀਤੀ ਪਰ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ, ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਖੇਤੀਬਾੜੀ ਕਰਨ ਵਾਲੇ ਇਕਬਾਲ ਸਿੰਘ ਦੀ ਪਤਨੀ ਅਮਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਨਹਾਅ ਰਿਹਾ ਸੀ ਜਦਕਿ 12ਵੀਂ ਕਲਾਸ 'ਚ ਪੜ੍ਹਨ ਵਾਲਾ ਬੇਟਾ ਗੁਰਜੀਵਨ ਸਿੰਘ ਸੌਂ ਰਿਹਾ ਸੀ। ਅਚਾਨਕ ਤੇਜ਼ ਗਤੀ ਨਾਲ ਇਕ ਕਾਰ ਆਈ ਅਤੇ ਉਸ ਨੇ ਬ੍ਰੇਕ ਮਾਰੀ, ਜਦੋਂ ਉਸ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਕਾਲੇ ਰੰਗ ਦੀ ਆਈਕੋਨ ਕਾਰ 'ਚੋਂ 3 ਨੌਜਵਾਨ ਉਤਰੇ, ਜਿਨ੍ਹਾਂ 'ਚੋਂ ਇਕ ਸਰਦਾਰ ਸੀ ਤੇ 2 ਬਿਨਾਂ ਪੱਗ ਦੇ ਸਨ। ਦਰਵਾਜ਼ਾ ਖੋਲ੍ਹਦੇ ਹੀ ਉਨ੍ਹਾਂ ਨੇ 2 ਬੰਦੂਕਾਂ ਨਾਲ ਤੇ 2 ਰਿਵਾਲਵਰਾਂ ਨਾਲ ਫਾਇਰ ਕੀਤੇ ਅਤੇ ਕਿਹਾ ਕਿ ਜੋ ਕੁਝ ਵੀ ਹੈ ਜਲਦੀ ਕੱਢੋ। ਅਮਰਜੀਤ ਕੌਰ ਨੇ ਤੁਰੰਤ ਦਰਵਾਜ਼ਾ ਬੰਦ ਕਰ ਕੇ ਸ਼ੋਰ ਮਚਾਇਆ ਅਤੇ 100 ਨੰਬਰ 'ਤੇ ਫੋਨ ਕੀਤਾ ਤਾਂ ਬਾਹਰ ਲੁਟੇਰੇ ਲਲਕਾਰੇ ਮਾਰਦੇ ਰਹੇ। ਜਦ ਆਸ-ਪਾਸ ਦੇ ਲੋਕ ਬਾਹਰ ਨਿਕਲੇ ਤਾਂ ਉਹ ਫਰਾਰ ਹੋ ਗਏ ਤੇ ਕੁਝ ਹੀ ਮਿੰਟਾਂ 'ਚ ਪੁਲਸ ਪਹੁੰਚ ਗਈ।
ਅਮਰਜੀਤ ਕੌਰ ਨੇ ਦੱਸਿਆ ਕਿ 8 ਸਾਲ ਪਹਿਲਾਂ ਉਹ ਸਿਰਸਾ ਦੇ ਇਕ ਪਿੰਡ ਮਸੀਤਾ ਨੂੰ ਬਦਲ ਕੇ ਬਠਿੰਡਾ ਵਿਚ ਰਹਿਣ ਲੱਗੇ ਸਨ ਅਤੇ ਉਨ੍ਹਾਂ ਦੇ ਘਰ ਵਿਚ ਪੀ.ਜੀ. ਦੇ ਤੌਰ 'ਤੇ ਰਿਸ਼ਤੇਦਾਰਾਂ ਦੀਆਂ 4 ਲੜਕੀਆਂ ਵੀ ਰਹਿ ਰਹੀਆਂ ਹਨ। ਥਾਣਾ ਸਿਵਲ ਲਾਈਨ ਮੁਖੀ ਇੰਸਪੈਕਟਰ ਕੁਲਦੀਪ ਭੁੱਲਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਉਦੋਂ ਤੱਕ ਮੁਲਜ਼ਮ ਫਰਾਰ ਹੋ ਚੁੱਕੇ ਸਨ। ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਲੁਟੇਰਿਆਂ ਦੀ ਪਛਾਣ ਲਈ ਖੰਗਾਲਿਆ ਗਿਆ ਤਾਂ ਪੁਲਸ ਹੱਥ ਬਹੁਤ ਵੱਡਾ ਸੁਰਾਗ ਲੱਗਾ। ਨਾਕਾਬੰਦੀ ਕਰ ਕੇ ਤਿੰਨਾਂ ਲੁਟੇਰਿਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਵਿਚੋਂ ਰਣਜੀਤ ਸਿੰਘ ਵਾਸੀ ਅਰਨਿਆ ਜ਼ਿਲਾ ਮੁਕਤਸਰ, ਭੁਪਿੰਦਰ ਸਿੰਘ ਵਾਸੀ ਰੂਡੇਕੇਕਲਾਂ ਬਰਨਾਲਾ ਤੇ ਗੁਰਕਰਨ ਸਿੰਘ ਤਲਵੰਡੀ ਸ਼ਾਮਲ ਹੈ।
ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਜਦਕਿ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਕਰਨਾ ਬਾਕੀ ਹੈ। ਉਨ੍ਹਾਂ ਦੱਸਿਆ ਕਿ ਲੁੱਟ ਦੇ ਇਰਾਦੇ ਨਾਲ ਇਹ ਨੌਜਵਾਨ ਆਏ ਸਨ, ਜਿਨ੍ਹਾਂ ਨੇ 315 ਬੋਰ ਰਾਇਫਲ ਨਾਲ 2 ਫਾਇਰ ਕੀਤੇ ਜਦਕਿ 32 ਬੋਰ ਨਾਲ 2 ਫਾਇਰ ਹੋਏ, ਜਿਨ੍ਹਾਂ ਦੇ ਖੋਲ ਵੀ ਪੁਲਸ ਨੇ ਉਥੋਂ ਬਰਾਮਦ ਕੀਤੇ। ਪੁਲਸ ਨੇ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ, ਜਿਨ੍ਹਾਂ ਨੂੰ ਸੋਮਵਾਰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।


Related News