ਦੀਵਾਲੀ ’ਤੇ ਪਟਾਕੇ : ਪ੍ਰਸ਼ਾਸਨ ਲੈ ਰਿਹੈ ਕਾਨੂੰਨੀ ਅਤੇ ਹੋਰ ਮਾਹਿਰਾਂ ਦੀ ਸਲਾਹ

Saturday, Sep 24, 2022 - 01:54 PM (IST)

ਦੀਵਾਲੀ ’ਤੇ ਪਟਾਕੇ : ਪ੍ਰਸ਼ਾਸਨ ਲੈ ਰਿਹੈ ਕਾਨੂੰਨੀ ਅਤੇ ਹੋਰ ਮਾਹਿਰਾਂ ਦੀ ਸਲਾਹ

ਚੰਡੀਗੜ੍ਹ (ਰਜਿੰਦਰ) : ਸ਼ਹਿਰ 'ਚ ਪਿਛਲੇ ਦੋ ਸਾਲਾਂ ਤੋਂ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ’ਤੇ ਪਾਬੰਦੀ ਹੈ। ਇਸ ਵਾਰ ਪ੍ਰਸ਼ਾਸਨ ਨੇ ਦੀਵਾਲੀ ’ਤੇ ਪਟਾਕੇ ਚਲਾਏ ਜਾਣ ਜਾਂ ਨਾ ਚਲਾਉਣ ਦਾ ਫ਼ੈਸਲਾ ਕਰਨ ਲਈ ਕਾਨੂੰਨੀ ਅਤੇ ਹੋਰ ਮਾਹਿਰਾਂ ਦੀ ਸਲਾਹ ਲੈਣੀ ਸ਼ੁਰੂ ਕਰ ਦਿੱਤੀ ਹੈ। ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਪਟਾਕਿਆਂ ’ਤੇ ਫ਼ੈਸਲਾ ਲੈਣ ਲਈ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਆਖ਼ਰੀ ਫ਼ੈਸਲਾ ਜਲਦੀ ਹੀ ਲਿਆ ਜਾਵੇਗਾ। ਸ਼ਹਿਰ ਦੇ ਪਟਾਕੇ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਹਰ ਸਾਲ ਸਥਿਤੀ ਸਪੱਸ਼ਟ ਕਰਨ ਵਿਚ ਬਹੁਤ ਦੇਰੀ ਲਾ ਦਿੰਦਾ ਹੈ, ਜਿਸ ਕਾਰਨ ਵਪਾਰੀਆਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਹੈ।

ਪਿਛਲੇ ਸਾਲ ਸੈਕਟਰ-34 ਵਿਚ ਰਾਵਣ ਦਹਿਣ ਸਬੰਧੀ ਪ੍ਰਸ਼ਾਸਨ ਅਤੇ ਲੋਕਾਂ ਵਿਚ ਟਕਰਾਅ ਦੀ ਸਥਿਤੀ ਬਣੀ ਹੋਈ ਸੀ। ਜਦੋਂ ਤੱਕ ਪ੍ਰਸ਼ਾਸਨ ਨੇ ਰਾਵਣ ਦੇ ਪੁਤਲੇ ਬਣਾਉਣ ਤੋਂ ਬਾਅਦ ਪਟਾਕਿਆਂ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਲਿਆ ਸੀ, ਉਦੋਂ ਤੱਕ ਰਾਵਣ ਦੇ ਪੁਤਲੇ ਬਣ ਚੁੱਕੇ ਸਨ ਅਤੇ ਇਸ ਦੇ ਅੰਦਰ ਪਟਾਕੇ ਵੀ ਪਾ ਦਿੱਤੇ ਗਏ ਸਨ। ਰਾਵਣ ਦਹਿਨ ਵਾਲੇ ਦਿਨ ਪਟਾਕਿਆਂ ਨਾਲ ਰਾਵਣ ਨੂੰ ਸਾੜਨ ਤੋਂ ਝਗੜਾ ਹੋ ਗਿਆ ਸੀ। ਫਿਰ ਵੀ ਰਾਵਣ ਨੂੰ ਪਟਾਕਿਆਂ ਨਾਲ ਸਾੜਿਆ ਗਿਆ।

ਚੰਡੀਗੜ੍ਹ ਕਰੈਕਰਜ਼ ਡੀਲਰਜ਼ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਇਸ ਵਾਰ ਦੀਵਾਲੀ ਮੌਕੇ ਗ੍ਰੀਨ ਪਟਾਕੇ ਚਲਾਉਣ ਅਤੇ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਇਸ ਸਬੰਧੀ ਸ਼ਹਿਰ ਦੇ ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਪਾਬੰਦੀ ਕਾਰਨ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਗੁਆਂਢੀ ਸੂਬਿਆਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੇ ਪਿਛਲੇ ਸਾਲ ਵੀ ਪਟਾਕੇ ਚਲਾਉਣ ਅਤੇ ਵੇਚਣ ਦੀ ਇਜਾਜ਼ਤ ਦਿੱਤੀ ਸੀ। ਇਸ ਲਈ ਚੰਡੀਗੜ੍ਹ ਵਿਚ ਪਾਬੰਦੀ ਦਾ ਕੋਈ ਮਤਲਬ ਨਹੀਂ ਬਣਦਾ। ਉਨ੍ਹਾਂ ਦਾ ਕਹਿਣਾ ਹੈ ਕਿ ਗ੍ਰੀਨ ਪਟਾਕੇ ਵਾਤਾਵਰਣ ਪੱਖੀ ਹੁੰਦੇ ਹਨ ਅਤੇ ਆਮ ਪਟਾਕਿਆਂ ਨਾਲੋਂ 30 ਫ਼ੀਸਦੀ ਘੱਟ ਹਵਾ ਪ੍ਰਦੂਸ਼ਣ ਪੈਦਾ ਕਰਦੇ ਹਨ।
 


author

Babita

Content Editor

Related News