ਖਾਦ ਸਟੋਰ ਸਮੇਤ ਵੱਖ-ਵੱਖ ਸਥਾਨਾਂ ''ਤੇ ਲੱਗੀ ਅੱਗ

10/21/2017 6:02:58 AM

ਕਪੂਰਥਲਾ, (ਮਲਹੋਤਰਾ)- ਕਪੂਰਥਲਾ ਦੇ ਵੱਖ-ਵੱਖ ਖੇਤਾਂ 'ਚ ਪ੍ਰਸਿੱਧ ਖਾਦ ਗੋਦਾਮ ਸਮੇਤ ਪੰਜ ਸਥਾਨਾਂ 'ਤੇ ਅਚਾਨਕ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਇਆ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ ਤੇ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਕੇ ਇਕ ਵੱਡਾ ਨੁਕਸਾਨ ਤੇ ਘਟਨਾ ਹੋਣ ਤੋਂ ਬਚਾਅ ਲਿਆ। 
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਗਏ ਆਪਣੇ ਬਿਆਨਾਂ 'ਚ ਸ਼ਿਵ ਕੁਮਾਰ ਅਸ਼ਵਨੀ ਖਾਦ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਗੋਦਾਮ 'ਚ ਅੱਗ ਲੱਗ ਗਈ, ਜਿਸ ਕਾਰਨ ਗੋਦਾਮ 'ਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਕਾਬੂ ਪਾ ਲਿਆ ਤੇ ਗੋਦਾਮ 'ਚ ਪਿਆ ਹੋਰ ਸਾਮਾਨ ਨੂੰ ਬਚਿਆ ਲਿਆ।
ਇਸੇ ਤਰ੍ਹਾਂ ਮੁਹੱਲਾ ਪ੍ਰੀਤ ਨਗਰ 'ਚ ਇਕ ਘਰ 'ਚ ਸਿਲੰਡਰ ਨੂੰ ਅੱਗ ਲੱਗ ਗਈ, ਜਿਸ ਨੂੰ ਫਾਇਰ ਬ੍ਰਿਗੇਡ ਦੀ ਗੱਡੀ ਵਲੋਂ ਮੌਕੇ 'ਤੇ ਪਹੁੰਚ ਕੇ ਹੀ ਬੁਝਾ ਦਿੱਤਾ ਗਿਆ ਤੇ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਇਸੇ ਤਰ੍ਹਾਂ ਮੁਹੱਲਾ ਹਾਥੀਖਾਨਾ ਖੇਤਰ 'ਚ ਇਕ ਖਾਲੀ ਪਲਾਟ 'ਚ ਪਟਾਕਾ ਡਿੱਗਣ ਨਾਲ ਪਏ ਸਾਮਾਨ ਨੂੰ ਅੱਗ ਲੱਗ ਗਈ, ਜਿਸ ਨੂੰ ਮੌਕੇ 'ਤੇ ਹੀ ਬੁਝਾ ਦਿੱਤਾ ਗਿਆ। 
ਫਾਇਰ ਬ੍ਰਿਗੇਡ ਦੇ ਅਧਿਕਾਰੀ ਅਜੇ ਕੁਮਾਰ ਨੇ ਦੱਸਿਆ ਕਿ ਰਿਹਾਇਸ਼ੀ ਖੇਤਰ ਹੋਣ ਦੇ ਕਾਰਨ ਜੇਕਰ ਅੱਗ 'ਤੇ ਸਮਾਂ ਰਹਿੰਦੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਇਸੇ ਤਰ੍ਹਾਂ ਰਿਹਾਇਸ਼ੀ ਖੇਤਰ ਜਲੌਖਾਨਾ 'ਚ ਖਾਲੀ ਪਲਾਟ 'ਚ ਪਏ ਘਾਹ-ਫੂਸ ਨੂੰ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਆਤਿਸ਼ਬਾਜ਼ੀ ਡਿੱਗਣਾ ਦੱਸਿਆ ਗਿਆ। ਮੌਕੇ 'ਤੇ ਹੀ ਅੱਗ 'ਤੇ ਕਾਬੂ ਪਾ ਲਿਆ ਗਿਆ।  ਇਸੇ ਤਰ੍ਹਾਂ ਮੁਹੱਲਾ ਕੈਂਮਪੁਰਾ 'ਚ ਇਕ ਮਕਾਨ ਦੀ ਦੂਸਰੀ ਮੰਜ਼ਿਲ 'ਤੇ ਬਣੇ ਇਕ ਕਮਰੇ 'ਚ ਪਏ ਸਾਮਾਨ ਨੂੰ ਅਚਾਨਕ ਅੱਗ ਲੱਗ ਗਈ। ਘਰ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਛੱਤ 'ਤੇ ਬਣਾਏ ਗਏ ਕਮਰੇ ਨੂੰ ਅੱਗ ਲੱਗ ਗਈ। ਜਿਸ ਦਾ ਕਾਰਨ ਦੇਰ ਰਾਤ ਉਪਰ ਤੋਂ ਆਤਿਸ਼ਬਾਜ਼ੀ ਡਿੱਗਣਾ ਦੱਸਿਆ ਗਿਆ। 


Related News